Monday, March 30, 2026

ਪਿੰਡ ਕਨੋਈ ਦੇ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ ਨੇ ਪਿਛਲੇ 7 ਸਾਲਾਂ ਤੋਂ ਨਹੀਂ ਲਗਾਈ ਪਰਾਲੀ ਨੂੰ ਅੱਗ

ਫ਼ਸਲੀ ਵਿਭਿੰਨਤਾ ਦੇ ਨਾਲ ਨਾਲ ਸਹਾਇਕ ਧੰਦੇ ਅਪਨਾਉਣ ‘ਚ ਵੀ ਮੋਹਰੀ

ਸੰਗਰੂਰ, 26 ਅਕਤੂਬਰ (ਜਗਸੀਰ ਲੌਂਗੋਵਾਲ) – ਜ਼ਿਲੇ ਦੇ ਪਿੰਡ ਕਨੋਈ ਦਾ ਅਗਾਂਹਵਧੂ ਕਿਸਾਨ ਗੁਰਿੰਦਰ ਸਿੰਘ ਪਿਛਲੇ 7 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਾਏ ਖੜੇ ਕਰਚਿਆਂ ਵਿੱਚ ਹੈਪੀਸੀਡਰ ਨਾਲ ਕਣਕ ਦੀ ਬਿਜ਼ਾਈ ਕਰ ਰਿਹਾ ਹੈ।ਕਿਸਾਨ ਗੁਰਿੰਦਰ ਸਿੰਘ 12 ਏਕੜ ਜ਼ਮੀਨ ’ਤੇ ਵਾਹੀ ਕਰ ਰਿਹਾ ਹੈ, ਜਿਸ ਵਿੱਚੋਂ 10 ਏਕੜ ਜ਼ਮੀਨ ਉਸ ਦੀ ਮਾਲਕੀ ਵਾਲੀ ਹੈ ਤੇ 2 ਏਕੜ ਜ਼ਮੀਨ ਠੇਕੇ ’ਤੇ ਲਈ ਹੋਈ ਹੈ।
                 ਸਫ਼ਲ ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਕਿ 2014 ਵਿੱਚ ਉਸ ਨੇ ਹੈਪੀਸੀਡਰ ਨਾਲ ਬਿਜ਼ਾਈ ਸ਼ੁਰੂ ਕੀਤੀ ਸੀ।ਜਿਸ ਨਾਲ ਉਸ ਦਾ ਖਰਚਾ ਘੱਟ ਅਤੇ ਝਾੜ ਵੱਧ ਹੋਇਆ।ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਹੈਪੀਸੀਡਰ ਨਾਲ ਜ਼ਮੀਨ ਦੀ ਬਣਤਰ ਵਿੱਚ ਸੁਧਾਰ ਕਰਕੇ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ।ਉਨਾਂ ਦੱਸਿਆ ਕਿ ਹੈਪੀਸੀਡਰ ਨਾਲ ਬਿਜ਼ਾਈ ਕਰਨ ਨਾਲ ਉਸ ਦੇ ਖੇਤ ਵਿੱਚ ਕੱਲਰ ਦੀ ਮਾਤਰਾ ਵਿੱਚ ਕਮੀ ਆਈ ਅਤੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਖੇਤਾਂ ਵਿੱੱਚ ਵਾਹੁਣ ਨਾਲ ਮਿੱਟੀ ਵਿੱਚ ਹਰ ਸਾਲ ਜੈਵਿਕ ਮਾਦੇ ਦੀ ਮਾਤਰਾ ਵਧ ਰਹੀ ਹੈ।
                     ਕਿਸਾਨ ਗੁਰਿੰਦਰ ਸਿੰਘ ਨੇ ਦੱਸਿਆ ਕਿ ਅਕਤੂਬਰ 2019 ਵਿਚ ਉਸ ਨੂੰ ਪੀ.ਏ.ਯੂ ਲੁਧਿਆਣਾ ਵਿਖੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ 9 ਸਤੰਬਰ 2019 ਨੂੰ ਸਾਬਕਾ ਕੇਂਦਰੀ ਰਾਜ ਖੇਤੀਬਾੜੀ ਮੰਤਰੀ ਪੁਰਸ਼ੋਤਮ ਰੂਪਾਲਾ ਵਲੋਂ ਕ੍ਰਿਸ਼ੀ ਭਵਨ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਗਿਆ ਹੈ।ਉਸ ਨੂੰ ਜਿਲਾ ਪ੍ਰਸ਼ਾਸ਼ਨ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਵਲੋਂ ਵੀ ਫਸਲਾਂ ਦੀ ਰਹਿੰਦ ਖੂੰਹਦ ਦੇ ਯੋਗ ਪ੍ਰਬੰਧਨ ਕਰਨ ਲਈ ਵੱਖ ਵੱਖ ਪ੍ਰੋਗਰਾਮਾਂ ਦੌਰਾਨ ਸਨਮਾਨਿਆ ਗਿਆ।ਉਸ ਨੇ ਕਿਹਾ ਕਿ ਝੋਨੇ ਦੀ ਬਿਜ਼ਾਈ ਕਰਨ ਤੋਂ ਪਹਿਲਾਂ ਉਸ ਨੇ 1.5 ਏਕੜ ਜ਼ਮੀਨ ਵਿੱਚ ਮੱਕੀ ਦੀ ਬਿਜ਼ਾਈ ਕੀਤੀ ਸੀ ਅਤੇ ਉਹ ਆਪਣੀ ਘਰੇਲੂ ਵਰਤੋਂ ਲਈ ਜੈਵਿਕ ਸਬਜ਼ੀਆਂ ਦੀ ਕਾਸ਼ਤ ਵੀ ਕਰਦਾ ਹੈ।ਉਹ ਪਸ਼ੂ ਪਾਲਣ ਦੇ ਧੰਦੇ ਨਾਲ ਵੀ ਜੁੜਿਆ ਹੋਇਆ ਹੈ ਤੇ ਉਸ ਕੋਲ 7 ਮੱਝਾਂ ਹਨ ਤੇ ਉਸ ਵਲੋਂ ਦੁੱਧ ਦਾ ਸਵੈ-ਮੰਡੀਕਰਨ ਵੀ ਕੀਤਾ ਜਾਂਦਾ ਹੈ।ਉਸ ਨੇ ਪਿੰਡ ਦੀ ਫਿਰਨੀ ਅਤੇ ਮੇਨ ਸੜਕ ਦੇ ਆਲੇ ਦੁਆਲੇ ਕਈ ਕਿਸਮਾਂ ਦੇ ਬੂਟੇ ਲਾਏ ਹਨ ਤਾਂ ਜੋ ਵਾਤਵਰਣ ਨੂੰ ਸ਼ੁੱਧ ਰੱਖਿਆ ਜਾ ਸਕੇ।ਕੋਈ ਵੀ ਕਿਸਾਨ ਉਸ ਨਾਲ ਕਿਸੇ ਵੀ ਪ੍ਰਕਾਰ ਦੀ ਸਲਾਹ ਲੈਣ ਲਈ ਮੋਬਾਇਲ ਨੰਬਰ 95017-47801 ’ਤੇ ਸੰਪਰਕ ਕਰ ਸਕਦਾ ਹੈ।
ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾ. ਜਸਵਿੰਦਰਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਅੱਗ ਲਗਾਉਣ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਅਤੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ, ਉਥੇ ਵਾਤਾਵਰਣ ਵੀ ਪਲੀਤ ਹੁੰਦਾ ਹੈ ਅਤੇ ਮਨੁੱਖੀ ਤੇ ਜੀਵ ਜੰਤੂਆਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈਦਾ ਹੈ।ਉਨਾਂ ਕਿਹਾ ਕਿ ਪਰਾਲੀ ਦੇ ਧੂੰਏ ਨਾਲ ਕਈ ਵਾਰ ਸੜਕੀ ਹਾਦਸਿਆਂ ਵਿੱਚ ਕੀਮਤੀ ਜਾਨਾਂ ਵੀ ਜਾਂਦੀਆ ਹਨ। ਉਨਾਂ ਕਿਸਾਨਾਂ ਨੂੰ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਸਵੱਛ ਰੱਖਣ ਵਿੱਚ ਅਪਣਾ ਵਡਮੁੱਲਾ ਯੋਗਦਾਨ ਪਾਉਣ ਅਤੇ ਇਸ ਵਾਰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ।

Check Also

ਖ਼ਾਲਸਾ ਕਾਲਜ ਵਿਖੇ ਰਾਸ਼ਟਰੀ ਸੈਮੀਨਾਰ ਕਰਵਇਆ ਗਿਆ

ਅੰਮ੍ਰਿਤਸਰ, 29 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਰਾਜਨੀਤੀ ਵਿਗਿਆਨ ਅਤੇ ਲੋਕ ਪ੍ਰਸ਼ਾਸਨ …