Monday, March 30, 2026

ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਸਿੱਖ ਮਿਸ਼ਨਰੀ ਸੰਸਥਾਵਾਂ ਨੂੰ ਇੱਕ-ਇੱਕ ਲੱਖ ਸਾਲਾਨਾ ਦੇਣ ਦਾ ਐਲਾਨ

ਸ਼੍ਰੋਮਣੀ ਕਮੇਟੀ ਤਰਨ ਤਾਰਨ ਵਿਖੇ ਖੋਲ੍ਹੇਗੀ ਲੜਕੀਆਂ ਦਾ ਸਿੱਖ ਮਿਸ਼ਨਰੀ ਕਾਲਜ- ਬੀਬੀ ਜਗੀਰ ਕੌਰ
ਅੰਮ੍ਰਿਤਸਰ, 27 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਸ਼ਹੀਦਾਂ ਦੀ ਯਾਦ ਵਿਚ ਅੱਜ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਮਿਸ਼ਨਰੀ ਸੰਸਥਾਵਾਂ ਦਾ ਇਕ ਭਰਵਾਂ ਗੁਰਮਤਿ ਸਮਾਗਮ ਕਰਵਾਇਆ ਗਿਆ।ਇਸ ਸਮਾਗਮ ਦੌਰਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਪ੍ਰਚਾਰਕ, ਰਾਗੀ, ਤਬਲਾ ਵਾਦਕ ਗ੍ਰੰਥੀ ਤਿਆਰ ਕਰਦੀਆਂ 56 ਸਿੱਖ ਮਿਸ਼ਨਰੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਵੱਡੀ ਗਿਣਤੀ ਵਿਚ ਪ੍ਰਚਾਰਕਾਂ ਨੇ ਸ਼ਿਰਕਤ ਕੀਤੀ।ਆਪਣੇ ਸੰਬੋਧਨ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸਿੱਖ ਮਿਸ਼ਨਰੀ ਕਾਲਜਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਨੂੰ ਸਮਰਪਿਤ ਹੁੰਦਿਆਂ ਇਹ ਸੰਸਥਾਵਾਂ ਸੰਗਤਾਂ ਨੂੰ ਸਿੱਖੀ ਨਾਲ ਜੋੜ ਰਹੀਆਂ ਹਨ ਅਤੇ ਇਨ੍ਹਾਂ ਸੰਸਥਾਵਾਂ ਨੇ ਕੌਮ ਨੂੰ ਕਈ ਨਾਮਵਰ ਸ਼ਖ਼ਸੀਅਤਾਂ ਦਿੱਤੀਆਂ ਹਨ।
                ਬੀਬੀ ਜਗੀਰ ਕੌਰ ਨੇ ਸਿੱਖ ਮਿਸ਼ਨਰੀ ਕਾਲਜਾਂ ਵੱਲੋਂ ਸ਼੍ਰੋਮਣੀ ਕਮੇਟੀ ਦੀ ‘ਘਰਿ ਘਰਿ ਅੰਦਰਿ ਧਰਮਸਾਲ’ ਲਹਿਰ ਵਿਚ ਕੀਤੇ ਸਹਿਯੋਗ ਲਈ ਧੰਨਵਾਦ ਕਰਦਿਆਂ ਹਰ ਸਿੱਖ ਮਿਸ਼ਨਰੀ ਕਾਲਜ ਨੂੰ ਇੱਕ-ਇੱਕ ਲੱਖ ਰੁਪਏ ਦੀ ਸਲਾਨਾ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਖੁਦ 19 ਸਿੱਖ ਮਿਸ਼ਨਰੀ ਕਾਲਜ ਚਲਾਏ ਜਾ ਰਹੇ ਹਨ ਅਤੇ ਇਸੇ ਦੇ ਵਿਸਥਾਰ ਵਿਚ ਕਈ ਹੋਰ ਸੰਸਥਾਵਾਂ ਵੀ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ।ਸ਼੍ਰੋਮਣੀ ਕਮੇਟੀ ਤਰਨ ਤਾਰਨ ਵਿਖੇ ਮਾਤਾ ਸਾਹਿਬ ਕੌਰ ਜੀ ਦੇ ਨਾਂ ’ਤੇ ਲੜਕੀਆਂ ਦਾ ਸਿੱਖ ਮਿਸ਼ਨਰੀ ਕਾਲਜ ਵੀ ਜਲਦ ਖੋਲ੍ਹੇਗੀ, ਤਾਂ ਜੋ ਸਿੱਖ ਬੀਬੀਆਂ ਵੀ ਸਿੱਖੀ ਪ੍ਰਚਾਰ ਦੇ ਖੇਤਰ ਵਿਚ ਭਰਵੀਂ ਸ਼ਮੂਲੀਅਤ ਕਰ ਸਕਣ।ਉਨ੍ਹਾਂ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਿੱਖ ਮਿਸ਼ਨਰੀ ਕਾਲਜਾਂ ਦੇ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ।
                  ਸਮਾਗਮ ’ਚ ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਨੇ ਕੀਰਤਨ ਕੀਤਾ ਅਤੇ ਵੱਖ-ਵੱਖ ਵਿਦਵਾਨਾਂ ਨੇ ਸੰਗਤਾਂ ਨਾਲ ਵਿਚਾਰ ਵੀ ਸਾਂਝੇ ਕੀਤੇ।ਸਿੱਖ ਮਿਸ਼ਨਰੀ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਸਿੱਖ ਪ੍ਰਚਾਰਕ ਦਾ ਜੀਵਨ ਤੇ ਧਰਮ ਪ੍ਰਚਾਰ ਕਿਵੇਂ ਕਰੀਏ ਵਿਸ਼ੇ ’ਤੇ ਆਪਣੇ ਵਿਚਾਰ ਪੇਸ਼ ਕੀਤੇ।ਗੁਰਮਤਿ ਗਿਆਨ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਸ਼੍ਰੋਮਣੀ ਕਮੇਟੀ ਦੇ ਇਤਿਹਾਸ ‘ਤੇ ਚਾਨਣਾ ਪਾਇਆ।ਸਹਿਬਜ਼ਾਦਾ ਜੁਝਾਰ ਸਿੰਘ ਸਿੱਖ ਮਿਸ਼ਨਰੀ ਕਾਲਜ ਚੌਂਤਾ ਦੇ ਪ੍ਰੋਫੈਸਰ ਮਨਿੰਦਰਪਾਲ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਹਰਜੀਤ ਸਿੰਘ ਨੇ ਸਿੱਖ ਰਹਿਤ ਮਰਯਾਦਾ ਦੇ ਮਹੱਤਵ ਬਾਰੇ ਭਾਵਪੂਰਤ ਵਿਚਾਰ ਸਾਂਝੇ ਕੀਤੇ।ਬੁਲਾਰਿਆਂ ਨੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਾਰਜ਼ਾਂ ਵਿੱਚ ਹਮੇਸ਼ਾਂ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟਾਈ।ਸਮਾਗਮ ਦੌਰਾਨ ਸਟੇਜ ਸੰਚਾਲਨ ਦੀ ਸੇਵਾ ਡਾ. ਅਮਰੀਕ ਸਿੰਘ ਲਤੀਫਪੁਰ ਤੇ ਹੈੱਡ ਪ੍ਰਚਾਰਕ ਭਾਈ ਜਸਵਿੰਦਰ ਸਿੰਘ ਸ਼ਹੂਰ ਵੱਲੋਂ ਸਾਂਝੇ ਤੌਰ ’ਤੇ ਨਿਭਾਈ ਗਈ।
                 ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਲੁਧਿਆਣਾ, ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ, ਸਿੰਘ ਸਾਹਿਬ ਗਿਆਨੀ ਰਾਜਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਅਲਵਿੰਦਰਪਾਲ ਸਿੰਘ ਪੱਖੋਕੇ, ਭਾਈ ਗੁਰਚਰਨ ਸਿੰਘ ਗਰੇਵਾਲ, ਅਮਰਜੀਤ ਸਿੰਘ ਭਲਾਈਪੁਰ, ਹਰਪਾਲ ਸਿੰਘ ਜੱਲ੍ਹਾ, ਬੀਬੀ ਕੁਲਦੀਪ ਕੌਰ ਟੌਹੜਾ, ਬੀਬੀ ਕਿਰਨਜੋਤ ਕੌਰ, ਅਮਰੀਕ ਸਿੰਘ ਵਿਛੋਆ, ਸੁਰਜੀਤ ਸਿੰਘ ਵਿਛੋਆ, ਜਰਨੈਲ ਸਿੰਘ ਡੋਗਰਾਂਵਾਲਾ, ਪ੍ਰਿੰਸੀਪਲ ਸੁਰਿੰਦਰ ਸਿੰਘ, ਅਮਰਜੀਤ ਸਿੰਘ ਬੰਡਾਲਾ, ਕੁਲਦੀਪ ਸਿੰਘ ਤੇੜਾ, ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਸਿਮਰਜੀਤ ਸਿੰਘ ਕੰਗ, ਗੁਰਮੀਤ ਸਿੰਘ ਆਨਰੇਰੀ ਸਕੱਤਰ, ਓ.ਐਸ.ਡੀ ਡਾ. ਅਮਰੀਕ ਸਿੰਘ ਤਲੀਫਪੁਰ, ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …