Tuesday, March 31, 2026

ਡੀ.ਐਲ.ਐਸ.ਏ ਦੇ ਉਦਮਾਂ ਸਦਕਾ ਉਸਾਰੀ ਕਿਰਤੀ ਭਲਾਈ ਸਕੀਮਾਂ ਦੀਆਂ 275 ਅਰਜ਼ੀਆਂ ਪ੍ਰਵਾਨ

ਨਵਾਂਸ਼ਹਿਰ, 27 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜ਼ਿਲਾ ਅਤੇ ਸ਼ੈਸ਼ਨ ਜੱਜ-ਕਮ-ਚੈਅਰਮੇਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼.ਭ.ਸ ਨਗਰ ਸ੍ਰ. ਕਮਲਜੀਤ ਸਿੰਘ ਬਾਜਵਾ ਦੀ ਰਹਿਨੁਮਾਈ ਹੇਠ “ਨਾਲਸਾ (ਲੀਗਲ ਸਰਵਿਸ ਟੂ ਦ ਵਰਕਰ ਇਨ ਅਨਆਰਗੇਨਾਈਜ਼ਡ ਸੈਕਟਰ) ਸਕੀਮ-2015” ਅਤੇ “ਦ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ (ਰੈਗੂਲੇਸ਼ਨ ਆਫ਼ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ਼ ਸਰਵਿਸ) ਐਕਟ-1996” ਤਹਿਤ ਉਸਾਰੀ ਕਿਰਤੀਆਂ ਦੀ ਸਮਾਜਿਕ ਸੁਰੱਖਿਆ ਲਈ ਲੀਗਲ ਏਡ ਕਲੀਨਿਕ ਪਿੰਡ ਕੋਟ ਰਾਂਝਾ ਤੋਂ ਵਿਸ਼ੇਸ਼ ਮੁਹਿੰਮ ਨੈਸ਼ਨਲ ਲੇਬਰ ਆਰਗੇਨਾਈਜੇਸ਼ਨ ਯੂਨਿਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
                ਇਸ ਮੁਹਿੰਮ ਤਹਿਤ ਕਿਰਤੀਆਂ ਨੂੰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਭਲਾਈ ਸਕੀਮਾਂ ਦਾ ਲਾਭ ਲੈਣ ਵਾਸਤੇ ਪ੍ਰੇਰਿਤ ਕੀਤਾ ਜਾ ਰਿਹਾ ਹੈ।ਸੀ.ਜੇ.ਐਮ-ਕਮ-ਸੱਕਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀਮਤੀ ਹਰਪ੍ਰੀਤ ਕੌਰ ਉਸਾਰੀ ਕਿਰਤੀਆਂ ਦੀਆਂ ਕੈਟਾਗਿਰੀਆਂ ਵਿੱਚ ਮਨਰੇਗਾ ਤਹਿਤ ਉਸਾਰੀ ਖੇਤਰ ਵਿੱਚ ਪਿਛਲੇ 12 ਮਹੀਨਿਆਂ ਦੌਰਾਨ 90 ਦਿਨ ਕੰਮ ਕਰਨ ਵਾਲੇ ਔਰਤਾਂ/ਪੁਰਸ਼ ਮਜ਼ਦੂਰ, ਰਾਜ ਮਿਸਤਰੀ/ਮਜ਼ਦੂਰ, ਪੇਂਟਰ, ਪਲੰਬਰ, ਕਾਰਪੇਂਟਰ, ਸਟੀਲ ਫਿਕਸਰ, ਮਾਰਬਲ/ਟਾਈਲ ਮਿਸਤਰੀ/ਮਜ਼ਦੂਰ, ਪੱਥਰ ਰਗੜਾਈ ਵਾਲੇ, ਸੜਕਾਂ ਬਣਾਉਣ ਵਾਲੇ ਮਜ਼ਦੂਰ, ਇਲੈਕਟ੍ਰੀਸ਼ੀਅਨ, ਪੀ.ਓ.ਪੀ. ਮਿਸਤਰੀ/ਮਜ਼ਦੂਰ, ਪਥੇਰ ਅਤੇ ਕੱਚੀ ਇੱਟ ਦੀ ਭਰਾਈ ਕਰਨ ਵਾਲੇ ਭੱਠਾ ਮਜ਼ਦੂਰ ਆਦਿ ਆਉਂਦੇ ਹਨ।ਜਿਹਨਾਂ ਉਸਾਰੀ ਕਿਰਤੀਆਂ ਦੀ ਉਮਰ 18 ਸਾਲ ਤੋਂ ਲੈ ਕੇ 60 ਸਾਲ ਦੇ ਵਿਚਕਾਰ ਹੋਵੇ ਉਹ ਸੇਵਾ ਕੇਂਦਰ ਤੇ ਜਾ ਕੇ 25/- ਰੁ: ਰਜਿਸਟ੍ਰੇਸ਼ਨ ਫੀਸ, 120/- ਰੁ: ਸਲਾਨਾ ਅੰਸ਼ਦਾਨ ਅਤੇ ਲੋੜੀਂਦੇ ਦਸਤਾਵੇਜ ਜਮ੍ਹਾਂ ਕਰਵਾ ਕੇ ਬੋਰਡ ਦੀ ਰਜਿਸਟ੍ਰੇਸ਼ਨ ਕਰਵਾਉਣ ਉਪਰੰਤ ਉਸਾਰੀ ਕਿਰਤੀ ਲੇਬਰ ਕਾਰਡ ਬਣਵਾ ਸਕਦਾ ਹੈ।
               ਉਹਨਾਂ ਵਿਸਥਾਰਪੂਰਵਕ ਦੱਸਿਆ ਕਿ ਬੋਰਡ ਦੇ ਇਹਨਾਂ ਰਜਿਸਟਰਡ ਕਿਰਤੀਆਂ ਨੂੰ ਲੜਕੀ ਦੇ ਵਿਆਹ ਲਈ 51,000/- ਰੁ: ਸ਼ਗਨ ਸਕੀਮ, ਵਿਦਿਆਰਥੀਆਂ ਲਈ ਪਹਿਲੀ ਕਲਾਸ ਤੋਂ ਲੈ ਕੇ ਡਿਗਰੀ ਕਲਾਸਾਂ ਤੱਕ 3000/- ਰੁ: ਤੋਂ ਲੈ ਕੇ 70,000/- ਰੁ: ਤੱਕ ਵਜੀਫ਼ਾ/ਹੋਸਟਲ ਖਰਚਾ, ਧਾਰਮਿਕ ਇਤਿਹਾਸਿਕ ਸਥਾਨ ਦੀ ਯਾਤਰਾ ਲਈ 2 ਸਾਲ ਵਿੱਚ 1 ਵਾਰ 2,000/- ਰੁ: ਐਲ.ਟੀ.ਸੀ ਸਕੀਮ, ਐਨਕਾਂ ਵਾਸਤੇ 8,000/- ਰੁ:, ਦੰਦ ਲਗਾਉਣ ਲਈ 5,000/- ਰੁ: ਅਤੇ ਸੁਣਨ ਯੰਤਰ ਲਗਾਉਣ ਲਈ 6,000/- ਰੁ:, ਜਨਰਲ ਸਰਜਰੀ ਲਈ 50,000/- ਰੁ:, ਖਤਰਨਾਕ ਬਿਮਾਰੀਆਂ ਦੇ ਇਲਾਜ਼ ਲਈ 1,00,000/- ਰੁ: ਵਿੱਤੀ ਸਹਾਇਤਾ, ਲਾਭਪਾਤਰੀਆਂ ਲਈ ਪ੍ਰਸੂਤਾ ਸਕੀਮ 5,000/- ਰੁ:, ਇਸਤਰੀਆਂ ਲਾਭਪਾਤਰੀਆਂ ਲਈ ਪ੍ਰਸੂਤਾ ਸਕੀਮ 21,000/- ਰੁ:, ਬਾਲੜੀ ਸਕੀਮ ਤਹਿਤ ਕੰਨਿਆ ਦੇ ਜਨਮ ਤੇ 51,000/- ਰੁ: ਫਿਕਸ ਡਿਪੋਜ਼ਿਟ, ਉਸਾਰੀ ਕਿਰਤੀ ਦੀ ਉਮਰ 60 ਸਾਲ ਹੋਣ ਤੇ ਪੈਨਸ਼ਨ ਸਕੀਮ, ਪਰਿਵਾਰਕ ਮੈਂਬਰ ਦੀ ਮੌਤ ਹੋਣ ‘ਤੇ 20,000/- ਰੁ: ਦਾਹ ਸੰਸਕਾਰ/ਅੰਤਿਮ ਕਿਰਿਆ ਕ੍ਰਮ ਵਿੱਤੀ ਸਹਾਇਤਾ, ਲਾਭਪਾਤਰੀ ਦੀ ਕੁਦਰਤੀ ਮੌਤ ਹੋਣ ਤੇ 3,00,000/- ਰੁ: ਅਤੇ ਦੁਰਘਟਨਾ ਵਿੱਚ ਮੌਤ ਹੋਣ ਤੇ 4,00,000/- ਰੁ: ਐਕਸਗ੍ਰੇਸ਼ੀਆ ਗ੍ਰਾਂਟ ਅਤੇ ਅਪੰਗ ਹੋਣ ਦੀ ਸੂਰਤ ਵਿੱਚ 1% ਅੰਗਹੀਣਤਾ ਲਈ 4000/-ਰੁ. ਦੇ ਹਿਸਾਬ ਨਾਲ ਵਿੱਤੀ ਸਹਾਇਤਾ ਬੋਰਡ ਵੱਲੋਂ ਸ਼ਰਤਾਂ/ਨਿਯਮਾਂ ਅਨੁਸਾਰ ਪ੍ਰਦਾਨ ਕੀਤੀ ਜਾਂਦੀ ਹੈ।
                ਅਥਾਰਟੀ ਵਲੋਂ ਇਸ ਮੁਹਿੰਮ ਤਹਿਤ ਕਿਰਤੀਆਂ ਦੀਆਂ ਵੱਖ-ਵੱਖ ਭਲਾਈ ਸਕੀਮਾਂ ਦੀਆਂ ਅਰਜ਼ੀਆਂ ਦੀ ਮੁੱਢਲੀ ਪ੍ਰਕਿਰਿਆ ਮੁਕੰਮਲ ਕਰਨ ਅਤੇ ਇਹਨਾਂ ਨੂੰ ਪ੍ਰਵਾਨ ਕਰਵਾ ਕੇ ਜਮੀਨੀ ਪੱਧਰ ‘ਤੇ ਲਾਭ ਪ੍ਰਦਾਨ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।ਬੋਰਡ ਦੀਆਂ ਇਹ ਭਲਾਈ ਸਕੀਮਾਂ ਸਬ ਡਵੀਜ਼ਨਲ ਸਕ੍ਰੀਨਿੰਗ ਕਮੇਟੀਆਂ ਵਲੋਂ ਸਬ ਡਵੀਜ਼ਨਲ ਮੈਜਿਸਟ੍ਰੇਟ ਦੀ ਪ੍ਰਧਾਨਗੀ ਹੇਠ ਪ੍ਰਵਾਨ ਕੀਤੀਆਂ ਜਾਂਦੀਆਂ ਹਨ।ਇਸ ਉਪਰੰਤ ਬੋਰਡ ਵਲੋਂ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਰਾਸ਼ੀ ਆਨਲਾਈਨ ਟ੍ਰਾਂਸਫਰ ਕੀਤੀ ਜਾਂਦੀ ਹੈ।ਉਹਨਾਂ ਦੱਸਿਆ ਕਿ ਐਸ.ਡੀ.ਐਮ ਜਗਦੀਸ਼ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਸਬ ਡਵੀਜ਼ਨਲ ਸਕ੍ਰੀਨਿੰਗ ਕਮੇਟੀ ਨਵਾਂਸ਼ਹਿਰ ਦੀ ਮੀਟਿੰਗ ਮਿਤੀ 18/03/2021 ਨੂੰ ਹੋਈ ਸੀ।
ਇਸ ਵਿੱਚ ਕਿਰਤ ਵਿਭਾਗ ਵਲੋਂ ਪੇਸ਼ ਕੀਤੀਆਂ ਸ਼ਗਨ ਸਕੀਮ ਦੀਆਂ 9 ਅਰਜੀਆਂ ਲਈ 2,79,000/- ਰੁ:, ਵਜੀਫ਼ਾ ਸਕੀਮ (2018-19) ਦੀਆਂ 188 ਅਰਜ਼ੀਆਂ ਲਈ 14,86,000/- ਰੁ:, ਵਜੀਫ਼ਾ ਸਕੀਮ (2019-20) ਦੀਆਂ 34 ਅਰਜੀਆਂ ਲਈ 2,65,000/- ਰੁ:, ਦਾਹ ਸੰਸਕਾਰ ਦੀਆਂ 10 ਅਰਜ਼ੀਆਂ ਲਈ 2,00,000/- ਰੁ: ਅਤੇ ਦਾਹ ਸੰਸਕਾਰ ਦੀਆਂ 32 ਆਫ ਲਾਈਨ ਅਰਜ਼ੀਆਂ ਲਈ 6,40,000/- ਰੁ: ਰਾਸ਼ੀ ਕੁੱਲ ਮਿਲਾ ਕੇ 273 ਅਰਜ਼ੀਆਂ ਲਈ 28,70,000/- ਰੁ: ਰਾਸ਼ੀ ਪ੍ਰਵਾਨ ਕੀਤੀ ਗਈ।ਇਸ ਤੋਂ ਇਲਾਵਾ ਮੰਦਬੁੱਧੀ/ਅੰਗਹੀਣਤਾ ਸਾਂਭ ਸੰਭਾਲ ਦੀਆਂ 3 ਅਰਜੀਆਂ ਲਈ 20-20,000/- ਰੁ: ਸਲਾਨਾ ਵਿੱਤੀ ਸਹਾਇਤਾ ਪ੍ਰਵਾਨ ਕੀਤੀ ਗਈ।
               ਇਥੇ ਵਰਨਣ ਯੋਗ ਹੈ ਕਿ ਇਹ ਸਮੁੱਚੀਆਂ ਅਰਜ਼ੀਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਪੈਰਾ ਲੀਗਲ ਵਲੰਟੀਅਰ ਅਤੇ ਉਸਾਰੀ ਕਿਰਤੀ ਭਲਾਈ ਸਕੀਮਾਂ ਸਕ੍ਰੀਨਿੰਗ ਕਮੇਟੀ ਦੇ ਐਨ.ਜੀ.ਓ ਮੈਂਬਰ ਬਲਦੇਵ ਭਾਰਤੀ ਵਲੋਂ “ਕਿਰਤ ਕਾਨੂੰਨ ਅਤੇ ਭਲਾਈ ਸਕੀਮਾਂ ਸਾਖਰਤਾ ਕੈਂਪ” ਲਗਾ ਕੇ ਮੁਕੰਮਲ ਕੀਤੀਆਂ ਗਈਆਂ ਸਨ।ਜੋ ਕਿ ਮੁੱਢਲੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਸੁਵਿਧਾ ਕੇਂਦਰਾਂ ਵਿੱਚ ਆਨਲਾਈਨ ਜਮ੍ਹਾਂ ਕਰਵਾਈਆਂ ਗਈਆਂ ਸਨ।ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਇਹਨਾਂ ਵੱਡਮੁੱਲੇ ਉਦਮਾਂ ਸਦਕਾ ਬੋਰਡ ਵਲੋਂ ਇਹਨਾਂ ਅਰਜੀਆਂ ਦੇ ਗਰੀਬ ਲੋੜਵੰਦ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਇਹ ਰਾਸ਼ੀ ਜਲਦੀ ਹੀ ਪਾਈ ਜਾ ਰਹੀ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਅਧੀਨ 30.51 ਲੱਖ ਤੋਂ ਵੱਧ ਪਰਿਵਾਰਾਂ ਨੂੰ ਕੀਤਾ ਰਜਿਸਟਰ – ਚੇਅਰਮੈਨ ਛੀਨਾ

ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ …