Tuesday, March 3, 2026

ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਰੋਸ ਪ੍ਰਦਰਸ਼ਨ

ਅੰਮ੍ਰਿਤਸਰ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਭੀਮਾ ਕੋਰੇਗਾਓਂ ਦੇ ਝੂਠੇ ਸਾਜਿਸ਼ ਕੇਸ ਤਹਿਤ ਨਾਮਜ਼ਦ ਨਾਮਵਰ ਸਮਾਜਿਕ ਕਾਰਕੰੁਨ ਗੌਤਮ ਨਵਲੱਖਾ ਨੂੰ ਗੰਭੀਰ ਬਿਮਾਰੀ ਦੇ ਬਾਵਜ਼ੂਦ ਨਵੀਂ ਮੁੰਬਈ ਦੀ ਤਲੋਜਾ ਜੇਲ੍ਹ ਦੇ ਅੰਡਾ ਸੈਲ ਵਿੱਚ ਤਬਦੀਲ ਕਰਨ ਦੀ ਸਖਤ ਨਿਖੇਧੀ ਕਰਦਿਆਂ ਪਿਛਲੇ ਤਿੰਨ ਸਾਲ ਤੋਂ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ਵਿੱਚ ਡੱਕੇ ਦੇਸ਼ ਦੇ ਪ੍ਰਸਿੱਧ ਬੁੱਧੀਜੀਵੀਆਂ, ਵਕੀਲਾਂ, ਸਮਾਜਿਕ ਕਾਰਕੁਨਾਂ, ਲੇਖਕਾਂ ਅਤੇ ਪੱਤਰਕਾਰਾਂ ਦੀ ਬਿਨਾਂ ਸ਼ਰਤ ਰਿਹਾਈ ਦੀ ਮੰਗ ਨੂੰ ਲੈ ਕੇ ਸਥਾਨਕ ਕੰਪਨੀ ਬਾਗ਼ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਇਕਾਈ ਮੁਖੀ ਤਰਕਸ਼ੀਲ ਆਗੂ ਜਸਪਾਲ ਬਾਸਰਕਾ ਨੇ ਕੀਤੀ।
                     ਤਰਕਸ਼ੀਲ ਆਗੂ ਸੁਮੀਤ ਸਿੰਘ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਮੋਦੀ ਸਰਕਾਰ ਵਲੋਂ ਆਪਣੀ ਫਾਸ਼ੀਵਾਦੀ ਰਣਨੀਤੀ ਹੇਠ ਗੰਭੀਰ ਬਿਮਾਰੀਆਂ ਤੋਂ ਪੀੜਤ ਜਮਹੂਰੀ ਕਾਰਕੁਨਾਂ ਗੌਤਮ ਨਵਲੱਖਾ, ਪ੍ਰੋ. ਜੀ.ਐਨ ਸਾਈਂਬਾਬਾ, ਪ੍ਰੋ. ਆਨੰਦ ਤੇਲਤੂੰਬੜੇ ਅਤੇ ਸੁਧਾ ਭਾਰਦਵਾਜ ਨੂੰ ਮਰਹੂਮ ਪਾਦਰੀ ਸਟੈਨ ਸਵਾਮੀ ਵਾਂਗ ਜੇਲ੍ਹਾਂ ਵਿਚ ਤਸੀਹੇ ਦੇ ਕੇ ਮਾਰਨ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ।ਉਨ੍ਹਾਂ ਮੋਦੀ ਸਰਕਾਰ `ਤੇ ਦੋਸ਼ ਲਾਇਆ ਕਿ ਦੇਸ਼ ਵਿਚ ਆਜ਼ਾਦਾਨਾ ਬੋਲਣ ਅਤੇ ਲਿਖਣ ਦੇ ਖਿਲਾਫ ਅਣਐਲਾਨੀ ਐਮਰਜੰਸੀ ਲਗਾ ਕੇ ਦੇਸ਼ ਦੇ ਨਾਮਵਰ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਪੱਤਰਕਾਰਾਂ ਅਤੇ ਜਮਹੂਰੀ ਅਧਿਕਾਰ ਕਾਰਕੁਨਾਂ ਨੂੰ ਦੇਸ਼ ਧ੍ਰੋਹ ਦੇ ਝੂਠੇ ਕੇਸਾਂ ਤਹਿਤ ਬਿਨਾਂ ਸੁਣਵਾਈ ਦੇ ਪਿਛਲੇ ਤਿੰਨ ਸਾਲਾਂ ਤੋਂ ਜੇਲ੍ਹਾਂ ਵਿਚ ਸਿਰਫ ਇਸ ਲਈ ਨਜ਼ਾਇਜ ਡੱਕਿਆ ਹੋਇਆ ਹੈ, ਕਿਓਂਕਿ ਉਹ ਮੋਦੀ ਸਰਕਾਰ ਵਲੋਂ ਦੇਸ਼ ਦੇ ਜਲ, ਜੰਗਲ, ਜਮੀਨ, ਖਾਣਾਂ, ਪਹਾੜਾਂ ਅਤੇ ਹੋਰਨਾਂ ਕੁਦਰਤੀ ਸਰੋਤਾਂ ਨੂੰ ਮੁਨਾਫ਼ਾਖੋਰ ਕਾਰਪੋਰੇਟ ਘਰਾਣਿਆਂ ਕੋਲ ਲੁਟਾਉਣ ਅਤੇ ਆਦਿਵਾਸੀਆਂ ਨੂੰ ਜਬਰੀ ਉਜਾੜਨ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਦਾ ਡਟਵਾਂ ਵਿਰੋਧ ਕਰ ਰਹੇ ਸਨ।
                    ਤਰਕਸ਼ੀਲ ਆਗੂਆਂ ਜਸਪਾਲ ਬਾਸਰਕਾ, ਅਸ਼ਵਨੀ ਕੁਮਾਰ ਅਤੇ ਮਨਜੀਤ ਬਾਸਰਕੇ ਨੇ ਬੁੱਧੀਜੀਵੀਆਂ ਦੀ ਬਿਨਾਂ ਸ਼ਰਤ ਜਲਦ ਰਿਹਾਈ ਦੀ ਮੰਗ ਕਰਦਿਆਂ ਕਿਹਾ ਮੋਦੀ ਸਰਕਾਰ ਪ੍ਰਸਿੱਧ ਤੇਲਗੂ ਕਵੀ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ਼, ਪ੍ਰੋ. ਆਨੰਦ ਤੇਲਤੂੰਬੜੇ, ਵਰਨੋਨ ਗੋਂਸਾਲਵੇਜ਼, ਅਰੁਣ ਫਰੇਰਾ, ਸੁਰਿੰਦਰ ਗਾਡਲਿੰਗ, ਸੁਧੀਰ ਡਾਵਲੇ, ਪ੍ਰੋ. ਸ਼ੋਮਾ ਸੇਨ, ਮਹੇਸ਼ ਰਾਉਤ, ਰੋਨਾ ਵਿਲਸਨ, ਪ੍ਰੋ. ਹੈਨੀ ਬਾਬੂ ਆਦਿ ਨਾਮਵਰ ਬੁੱਧੀਜੀਵੀਆਂ ਨੂੰ ਯੂ.ਏ.ਪੀ.ਏ ਦੇ ਝੂਠੇ ਕੇਸ ਵਿਚ ਫਸਾ ਕੇ ਸੰਵਿਧਾਨ ਦੀ ਧਾਰਾ 21 ਤਹਿਤ ਮਿਲੇ ਜਿਊਣ ਦੇ ਅਧਿਕਾਰ ਦੀ ਸ਼ਰੇਆਮ ਉਲੰਘਣਾ ਕਰ ਰਹੀ ਹੈ ਅਤੇ ਗੰਭੀਰ ਬਿਮਾਰ ਹੋਣ ਦੇ ਬਾਵਜ਼ੂਦ ਉਨਾਂ ਨੂੰ ਜ਼ਮਾਨਤ ਦੇਣ ਤੋਂ ਬਾਰ-ਬਾਰ ਇਨਕਾਰ ਕੀਤਾ ਜਾ ਰਿਹਾ ਹੈ ਜਿਸਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਤੁਰੰਤ ਨੋਟਿਸ ਲੈਣਾ ਚਾਹੀਦਾ ਹੈ।
                     ਤਰਕਸ਼ੀਲ ਆਗੂਆਂ ਮਾਸਟਰ ਕੁਲਜੀਤ ਵੇਰਕਾ ਕਿਸਾਨ ਆਗੂ ਕਾ. ਬਲਵਿੰਦਰ ਦੁਧਾਲਾ ਅਤੇ ਮੇਜਰ ਸਿੰਘ ਨੇ ਪੁਲੀਸ ਅਤੇ ਜਾਂਚ ਏਜੰਸੀ ਉਤੇ ਦੋਸ਼ ਲਾਇਆ ਕਿ ਹਿੰਸਾ ਭੜਕਾਉਣ ਲਈ ਜਿੰਮੇਵਾਰ ਅਸਲ ਭਗਵੇ ਦੋਸ਼ੀਆਂ ਮਿਲਿੰਦ ਏਕਬੋਟੇ ਅਤੇ ਸੰਭਾਜੀ ਭਿੜੇ ਦੇ ਖਿਲਾਫ ਸਪੱਸ਼ਟ ਸਬੂਤ ਹੋਣ ਦੇ ਬਾਵਜ਼ੂਦ ਹਕੂਮਤੀ ਦਬਾਅ ਹੇਠ ਉਨਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।ਉਨ੍ਹਾਂ ਮੋਦੀ ਸਰਕਾਰ ਦੇ ਅੜੀਅਲ ਵਤੀਰੇ ਦੀ ਸਖਤ ਨਿਖੇਧੀ ਕਰਦਿਆਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ ਕਾਲੇ ਖੇਤੀ ਕਾਨੂੰਨਾਂ ਦੇ ਖਿਲਾਫ ਵਿੱਢੇ ਇਤਿਹਾਸਕ ਕਿਸਾਨ ਅੰਦੋਲਨ ਨੇ ਮੋਦੀ ਸਰਕਾਰ ਦੇ ਕਾਰਪੋਰੇਟ ਪੱਖੀ ਅਤੇ ਹਿੰਦੂਤਵੀ ਫਾਸ਼ੀਵਾਦ ਦੇ ਮਨਸੂਬਿਆਂ ਨੂੰ ਨਕੇਲ ਪਾਉਣ ਵਿਚ ਸਫਲਤਾ ਹਾਸਿਲ ਕੀਤੀ ਹੈ।
                  ਕੇਂਦਰੀ ਮੰਤਰੀ ਅਜੈ ਮਿਸ਼ਰਾ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰਨ ਅਤੇ ਲਖੀਮਪੁਰ ਖੀਰੀ ਹੱਤਿਆ ਕਾਂਡ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਜ਼ੋਰਦਾਰ ਮੰਗ ਕੀਤੀ ਗਈ।ਇਸ ਤੋਂ ਇਲਾਵਾ ਨਾਗਰਿਕਾਂ ਦੇ ਖੇਡ ਭਾਵਨਾ ਸੰਬੰਧੀ ਆਜ਼ਾਦਾਨਾ ਸੰਵਿਧਾਨਕ ਹੱਕ ਦੇ ਖਿਲਾਫ ਉਤਰ ਪ੍ਰਦੇਸ਼ ਅਤੇ ਕਸ਼ਮੀਰ ਵਿੱਚ ਫਿਰਕੂ ਮਾਨਸਿਕਤਾ ਹੇਠ ਮੁਸਲਮਾਨਾਂ ‘ਤੇ ਯੂ.ਏ.ਪੀ.ਏ ਤਹਿਤ ਝੂਠੇ ਕੇਸ ਦਰਜ਼ ਕਰਨ ਅਤੇ ਕਸ਼ਮੀਰੀ ਵਿਦਿਆਰਥੀਆਂ ‘ਤੇ ਹਮਲੇ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਝੂਠੇ ਕੇਸ ਵਾਪਸ ਲੈਣ ਅਤੇ ਸੰਵਿਧਾਨ ਵਿਰੋਧੀ ਯੂ.ਏ.ਪੀ.ਏ, ਅਪਸਪਾ, ਐਨ.ਐਸ.ਏ ਅਤੇ ਕਾਲੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਗਈ।
               ਇਸ ਮੌਕੇ ਤਰਕਸ਼ੀਲ ਆਗੂ ਸੁਖਮੀਤ ਸਿੰਘ, ਬਲਦੇਵ ਰਾਜ ਵੇਰਕਾ, ਰਾਜ ਕੁਮਾਰ ਵੇਰਕਾ, ਬਨਾਰਸੀ ਦਾਸ, ਬੀ.ਐਮ ਸਿੰਘ, ਕੰਵਲਜੀਤ ਸਿੰਘ, ਸ਼ਕਤੀ ਕੁਮਾਰ, ਹਰੀਸ਼ ਸਿੰਘ, ਗੁਰਜੀਤ ਸਿੰਘ ਆਦਿ ਹਾਜ਼ਰ ਹੋਏ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …