ਸੂਬੇ ਦੇ ਐਸੋਸੀਏਟ ਤੇ ਪ੍ਰਾਈਵੇਟ ਸਕੂਲਾਂ ਨੇ ਉਪ ਮੁੱਖ ਮੰਤਰੀ ਸੋਨੀ ਦਾ ਕੀਤਾ ਸਨਮਾਨ
ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਉਪ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਅੱਜ ਸੂਬੇ ਭਰ ਦੇ ਐਸੋਸੀਏਟ ਤੇ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ
1500 ਤੋਂ ਵੱਧ ਸਕੂਲ ਮੁਖੀਆਂ ਦੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕੀਤਾ।ਸੋਨੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਸਾਡੀ ਸਰਕਾਰ ਨੇ ਸਿਖਿਆ ਦੇ ਖੇਤਰ ਵਿੱਚ ਅਹਿਮ ਉਪਲੱਬਧੀ ਹਾਸਲ ਕੀਤੀ ਹੈ ਅਤੇ ਪੰਜਾਬ ਪੂਰੇ ਦੇਸ਼ ਵਿੱਚੋਂ ਸਿਖਿਆ ਦੇ ਖੇਤਰ ਵਿੱਚ ਪਹਿਲੇ ਸਥਾਨ ‘ਤੇ ਆਇਆ ਹੈ।ਸੋਨੀ ਨੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰਾ ਸਮਾਜ ਸਭ ਤੋਂ ਜਿਆਦਾ ਸਤਿਕਾਰ ਅਧਿਆਪਕਾਂ ਦਾ ਕਰਦਾ ਹੈ ਇਸ ਲਈ ਅਧਿਆਪਕਾਂ ਦਾ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਚੰਗੀ ਸਿਖਿਆ ਪ੍ਰਦਾਨ ਕਰਨ। ਉਨ੍ਹਾਂ ਕਿਹਾ ਕਿ ਜਦ ਉਨ੍ਹਾਂ ਕੋਲ ਸਿਖਿਆ ਵਿਭਾਗ ਦੀ ਜਿੰਮੇਵਾਰੀ ਆਈ ਤਾਂ ਸਰਕਾਰੀ ਸਕੂਲਾਂ ਦੇ ਰਿਜ਼ਲਟ ਬਹੁਤ ਮਾੜੇ ਸਨ ਅਤੇ ਉਨ੍ਹਾਂ ਦੀ ਦਿਲੀ ਖਾਹਿਸ਼ ਸੀ ਕਿ ਸਰਕਾਰੀ ਸਕੂਲਾਂ ਦੇ ਸਿਖਿਆ ਪੱਧਰ ਨੂੰ ਉਚਾ ਚੁੱਕਿਆ ਜਾਵੇ।ਜਿਸ ਲਈ ਸਭ ਤੋਂ ਪਹਿਲਾਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਗਿਆ ਅਤੇ ਦੂਰ ਦੁਰਾਡੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਨੂੰ ਪੁਰ ਕੀਤਾ ਗਿਆ।ਉਨ੍ਹਾਂ ਇਸ ਦੇ ਸਿੱਟੇ ਵਜੋਂ ਅਗਲੇ ਸਾਲ ਸਰਕਾਰੀ ਸਕੂਲਾਂ ਦੇ ਨਤੀਜਿਆਂ ਵਿੱਚ ਕਾਫੀ ਸੁਧਾਰ ਵੇਖਣ ਨੂੰ ਮਿਲਿਆ।ਸੋਨੀ ਨੇ ਕਿਹਾ ਕਿ ਉਹ ਜੋ ਕੁੱਝ ਵੀ ਅੱਜ ਹਨ, ਉਹ ਅਧਿਆਪਕਾਂ ਦੀ ਬਦੌਲਤ ਹਨ ਅਤੇ ਅਧਿਆਪਕ ਹੀ ਦੇਸ਼ ਦਾ ਅਸਲੀ ਨਿਰਮਾਤਾ ਹੈ।
ਸੋਨੀ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੌਰਾਨ ਨੂੰ ਵੀ ਬੱਚਿਆਂ ਨੂੰ ਸਿੱਖਿਆ ਨਾਲ ਜੋੜੀ ਰੱਖਣ ਲਈ ਐਸੋਸੀਏਟ/ਪ੍ਰਾਈਵੇਟ ਸਕੂਲਾਂ ਨੇ ਆਪਣਾ ਅਹਿਮ ਯੋਗਦਾਨ ਪਾਇਆ ਹੈ।ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਅਤੇ ਜਾਇਜ ਮੰਗਾਂ ਨੂੰ ਪੂਰਾ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਨੂੰ ਮੁਫ਼ਤ ਕਿਤਾਬਾਂ, ਵਰਦੀਆਂ ਅਤੇ ਬਿਨਾਂ ਫੀਸ ਤੋਂ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।ਜਿਸ ਕਰਕੇ ਹੀ ਪੰਜਾਬ ਸਿਖਿਆ ਦੇ ਖੇਤਰ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਸਕਿਆ ਹੈ।
ਇਸ ਤੋਂ ਪਹਿਲਾਂ ਸੋਨੀ ਨੇ ਸ਼ਮਾ ਰੋਸ਼ਨ ਕਰਕੇ ਸਮਾਗਮ ਦੀ ਸ਼ੁਰੂਆਤ ਕੀਤੀ।ਰਾਜ ਭਰ ਦੇ ਐਸੋਸੀਏਟ/ਪ੍ਰਾਈਵੇਟ ਸਕੂਲਾਂ ਵਲੋਂ ਵੱਖ-ਵੱਖ ਤੌਰ ‘ਤੇ ਸੋਨੀ ਨੂੰ ਸਨਮਾਨਿਤ ਕੀਤਾ ਗਿਆ।
ਐਸੋਸੀਏਟਿਸ ਸਕੂਲਾਂ ਦੇ ਪ੍ਰਧਾਨ ਜਤਿੰਦਰ ਸ਼ਰਮਾ ਨੇ ਸਕੂਲਾਂ ਨੂੰ ਦਰਪੇਸ਼ ਮੁਸ਼ਕਲਾਂ ਸਾਂਝੀਆਂ ਕੀਤੀਆਂ ਅਤੇ ਸਿਖਿਆ ਨੂੰ ਹੋਰ ਵੀ ਵਧੀਆ ਤੇ ਸੁਖਾਲੇ ਢੰਗ ਨਾਲ ਵਿਦਿਆਰਥੀਆਂ ਤੱਕ ਪਹੁੰਚਾਉਣ ਦਾ ਪ੍ਰਣ ਕੀਤਾ।
ਇਸ ਮੌਕੇ ਧਰਮਵੀਰ ਸਰੀਨ, ਅਸ਼ਵਨੀ ਕੁਮਾਰ ਪੱਪੂ, ਚੇਅਰਮੈਨ ਜਾਇੰਟ ਐਕਸ਼ਨ ਫਰੰਟ ਪੰਜਾਬ ਰਾਣਾ ਜਗਦੀਸ਼ ਚੰਦਰ, ਪੀ.ਪੀ.ਐਸ.ਏ ਦੇ ਆਨੰਦ ਠਾਕੁਰ, ਜੇ.ਪੀ ਭੱਟ, ਸੁਦਰਸ਼ਨਾ ਸ਼ਰਮਾ, ਵਿੱਕੀ ਨਰੂਲਾ, ਅਰੁਣ ਸਿੰਗਲਾ, ਗਰਵਿੰਦਰਪਾਲ ਸਿੰਘ, ਕਰਮਜੀਤ ਸਿੰਘ ਰਜੋਆ, ਬਲਵੰਤ ਸਿੰਘ ਨਿਰਮਾਣ, ਨਰੇਸ਼ ਨਾਗਰ, ਰਜਿੰਦਰਪਾਲ ਸਿੰਘ, ਸੁਖਜਿੰਦਰ ਸਿੰਘ, ਡਾ: ਰਘਬੀਰ ਸਿੰਘ ਘੁੰਮਣ, ਮਨਜੀਤ ਸਿੰਘ ਬਾਬਾ ਬਕਾਲਾ, ਰਾਜਪਾਲ ਸ਼ਰਮਾ, ਮਿਸ ਕਿਰਨਜੋਤ, ਰਣਜੀਤ ਸਿੰਘ ਤੋਂ ਇਲਾਵਾ ਰਾਜ ਦੇ ਸਾਰੇ ਸੂਬਿਆਂ ਤੋਂ ਆਏ ਸਕੂਲ ਮੁਖੀ ਵੀ ਹਾਜ਼ਰ ਸਨ।
Punjab Post Daily Online Newspaper & Print Media