ਜ਼ਿਲ੍ਹਾ ਪੁਲਿਸ ਵਲੋਂ ਹਰੇਕ ਸ਼ਨਿਚਰਵਾਰ ਲਗਾਏ ਜਾਣਗੇ ਕੈਂਪ – ਐਸ.ਐਸ.ਪੀ
ਨਵਾਂਸ਼ਹਿਰ, 31 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡੀ.ਜੀ.ਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਦੀਆਂ ਹਦਾਇਤਾਂ ’ਤੇ ਸੀਨੀਅਰ ਪੁਲਿਸ ਕਪਤਾਨ ਸ਼ਹੀਦ
ਭਗਤ ਸਿੰਘ ਨਗਰ ਸ੍ਰੀਮਤੀ ਕੰਵਰਦੀਪ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿਚ ਲੋਕਾਂ ਦੀਆਂ ਪੁਲਿਸ ਸਬੰਧੀ ਮੁਸ਼ਕਲਾਂ ਹੱਲ ਕਰਨ ਲਈ ਹਰੇਕ ਸ਼ਨਿਚਰਵਾਰ ਨੂੰ ਲਗਾਏ ਜਾਣ ਵਾਲੇ ਵਿਸ਼ੇਸ਼ ਰਾਹਤ ਕੈਂਪਾਂ ਦਾ ਅੱਜ ਆਗਾਜ਼ ਹੋਇਆ।ਇਹ ਕੈਂਪ ਸਬ-ਡਵੀਜ਼ਨ ਪੱਧਰ ’ਤੇ ਡੀ.ਐਸ.ਪੀ ਦਫ਼ਤਰ/ਡੀ.ਐਸ.ਪੀ (ਸੀ.ਏ.ਡਬਲਿਊ) ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਅਤੇ ਸਮੂਹ ਥਾਣਾ ਅਤੇ ਯੂਨਿਟ ਪੱਧਰ ’ਤੇ ਲਗਾਏ ਗਏ।ਇਨ੍ਹਾਂ ਵਿਚ 155 ਸ਼ਿਕਾਇਤਾਂ ਅਤੇ ਰਾਜ਼ੀਨਾਮਾ ਯੋਗ ਮੁਕੱਦਮਿਆਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ।
ਐਸ.ਐਸ.ਪੀ ਕੰਵਰਦੀਪ ਕੌਰ ਨੇ ਦੱਸਿਆ ਕਿ ਅੱਜ ਲਗਾਏ ਗਏ ਕੈਂਪਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ ਲੰਬਿਤ ਦਰਖ਼ਾਸਤਾਂ ਦਾ ਮੌਕੇ ’ਤੇ ਨਿਪਟਾਰਾ ਹੋਣ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਅਤੇ ਉਨ੍ਹਾਂ ਦਾ ਪੁਲਿਸ ਪ੍ਰਸ਼ਾਸਨ ਵਿਚ ਹੋਰ ਵਿਸ਼ਵਾਸ ਵਧਿਆ ਹੈ।ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਹਰੇਕ ਸ਼ਨਿਚਰਵਾਰ ਇਹ ਕੈਂਪ ਲਗਾਏ ਜਾਣਗੇ।ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਲਾਈ ਗਈ ਇਸ ਵਿਸ਼ੇਸ਼ ਮੁਹਿੰਮ ਦੌਰਾਨ ਇਨ੍ਹਾਂ ਲੋਕ ਸੁਵਿਧਾ ਕੈਂਪਾਂ ਦਾ ਵੱਧ ਤੋਂ ਵੱਧ ਫਾਇਦਾ ਲੈਣ।
Punjab Post Daily Online Newspaper & Print Media