ਨਵਾਂਸ਼ਹਿਰ, 2 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਅੱਜ ਪੰਜਾਬ ਰਾਜ
ਤੰਬਾਕੂ ਰਹਿਤ ਦਿਵਸ ਮੌਕੇ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ।ਬੱਚਿਆਂ ਅਤੇ ਨੌਜਵਾਨਾਂ ਨੂੰ ਤੰਬਾਕੂ ਦੀ ਵਰਤੋਂ ਤੋਂ ਦੂਰ ਰੱਖਣ ਲਈ 1 ਨਵੰਬਰ ਤੋਂ 7 ਨਵੰਬਰ ਤੱਕ ਜ਼ਿਲ੍ਹੇ ਵਿੱਚ ਹਫਤੇ ਭਰ ਲਈ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਵੀ ਕੀਤੀ ਗਈ, ਜਿਸ ਤਹਿਤ ਜ਼ਿਲ੍ਹੇ ਵਿਚ ਪਿੰਡਾਂ ਨੂੰ ਤੰਬਾਕੂ ਮੁਕਤ ਕਰਨ ਲਈ ਪੰਚਾਇਤਾਂ ਨੂੰ ਮਤੇ ਪਾਉਣ ਲਈ ਉਤਸ਼ਾਹਿਤ ਕੀਤਾ ਜਾਵੇਗਾ।ਇਸ ਸਾਲ ਪੰਜਾਬ ਰਾਜ ਤੰਬਾਕੂ ਰਹਿਤ ਦਿਵਸ ਦਾ ਥੀਮ ‘ਤੰਬਾਕੂ ਰਹਿਤ ਪਿੰਡ : ਤੰਬਾਕੂ ਮੁਕਤ ਪੰਜਾਬ ਵੱਲ ਇਕ ਕਦਮ’ ਹੈ।
ਜ਼ਿਲ੍ਹਾ ਸਿਹਤ ਅਫਸਰ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਪਿੰਡਾਂ ਨੂੰ ਤੰਬਾਕੂ ਮੁਕਤ ਕਰਨ ਲਈ ਪੰਚਾਇਤਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ, ਜਿਸ ਤਹਿਤ ਪਿੰਡ ਵਿਚ ਦੁਕਾਨਦਾਰਾਂ ਵੱਲੋਂ ਤੰਬਾਕੂ ਦੀ ਵਿਕਰੀ ਨਾ ਕਰਨ, ਜਨਤਕ ਥਾਵਾਂ ਉੱਤੇ ਸਿਗਰੇਟਨੋਸ਼ੀ ਨਾ ਕਰਨ ਲਈ ਮਤਾ ਪਾਸ ਕਰਨ ਲਈ ਉਤਸ਼ਾਹਿਤ ਕੀਤਾ ਜਾਵੇਗਾ। ਪਿੰਡ ਵਿਚ ਤੰਬਾਕੂ ਰਹਿਤ ਖੇਤਰ ਦੇ ਬੋਰਡ ਲਗਾਉਣੇ ਵੀ ਯਕੀਨੀ ਬਣਾਏ ਜਾਣਗੇ। ਇਸ ਤੋਂ ਇਲਾਵਾ ਜੇਕਰ ਕੋਈ ਵਿਅਕਤੀ ਪੰਚਾਇਤੀ ਹੁਕਮਾਂ ਦੀ ਉਲੰਘਣਾ ਕਰੇਗਾ ਤਾਂ ਪੰਚਾਇਤ ਵੱਲੋਂ ਉਸ ਨੂੰ ਜੁਰਮਾਨਾ ਵੀ ਕੀਤਾ ਜਾਵੇਗਾ।
ਡਾ. ਰਾਏ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਰੋਜ਼ ਔਸਤਨ 48 ਵਿਅਕਤੀ ਅਤੇ ਭਾਰਤ ਵਿੱਚ 2200 ਲੋਕ ਤੰਬਾਕੂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰ ਜਾਂਦੇ ਹਨ।ਹਰ ਰੋਜ਼ 5500 ਨਵੇਂ ਬੱਚੇ ਤੰਬਾਕੂ ਦੀ ਆਦਤ ਸਹੇੜ ਲੈਂਦੇ ਹਨ।ਉਨ੍ਹਾਂ ਦੱਸਿਆ ਕਿ ਲਗਭਗ 80 ਫੀਸਦੀ ਮੂੰਹ ਦੇ ਕੈਂਸਰ ਦਾ ਕਾਰਨ ਤੰਬਾਕੂ ਦੀ ਵਰਤੋਂ ਹੈ।ਤੰਬਾਕੂ ਦੇ ਸੇਵਨ ਨਾਲ ਮੂੁੰਹ, ਗਲ੍ਹੇ, ਖੁਰਾਕ ਨਲੀ, ਫੇਫੜਿਆਂ ਅਤੇ ਪੇਟ ਆਦਿ ਦਾ ਕੈਂਸਰ ਹੁੰਦਾ ਹੈ, ਕਿਉਂਕਿ ਇਸ ਵਿੱਚ ਨਿਕੋਟੀਨ ਸਹਿਤ ਹੋਰ ਜ਼ਹਿਰੀਲੇ ਤੱਤ ਪਾਏ ਜਾਂਦੇ ਹਨ। ਤੰਬਾਕੂ ਦੀ ਲਗਾਤਾਰ ਵਰਤੋਂ ਕਾਰਨ ਦਿਲ ਦਾ ਦੌਰਾ, ਲਹੂ ਨਾੜੀਆਂ ਦਾ ਰੋਗ, ਹਾਈ ਬਲੱਡ ਪ੍ਰੈਸ਼ਰ, ਗੁਰਦੇ ਦੀ ਬਿਮਾਰੀ, ਸ਼ੂਗਰ ਆਦਿ ਹੋ ਸਕਦੇ ਹਨ। ਤੰਬਾਕੂ ਨਾਲ ਮਰਦਾਂ ਵਿੱਚ ਨਿਪੁੰਨਸਕਤਾ ਅਤੇ ਪ੍ਰਜ਼ਨਨ ਸ਼ਕਤੀ ਵਿੱਚ ਕਮੀ ਆ ਜਾਂਦੀ ਹੈ, ਗਰਭ ਅਵਸਥਾ ਦੌਰਾਨ ਤੰਬਾਕੂ ਦਾ ਸੇਵਨ ਕਰਨ ਨਾਲ ਘੱਟ ਭਾਰ ਵਾਲੇ ਬੱਚੇ ਦਾ ਜਨਮ ਹੁੰਦਾ ਹੈ।ਉਨ੍ਹਾਂ ਨੇ ਕਿਹਾ ਕਿ ਤੰਬਾਕੂ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦੀ ਜੜ੍ਹ ਹੈ ਅਤੇ ਹਰ ਕਿਸੇ ਨੂੰ ਇਸਦੇ ਸੇਵਨ ਤੋਂ ਬਚਣਾ ਚਾਹੀਦਾ ਹੈ।ਡਾ. ਰਾਏ ਨੇ ਕਿਹਾ ਕਿ ਸਰਕਾਰੀ ਤੌਰ ਤੇ ਜਨਤਕ ਥਾਵਾਂ ’ਤੇ ਤੰਬਾਕੂ ਪੀਣ ਦੀ ਮਨਾਹੀ ਹੈ।
ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਦੇਵ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਚੰਦਰ, ਡਿਪਟੀ ਮੈਡੀਕਲ ਕਮਿਸ਼ਨਰ ਡਾ ਹਰਪ੍ਰੀਤ ਸਿੰਘ, ਜ਼ਿਲ੍ਹਾ ਟੀਕਾਕਰਨ ਅਫਸਰ ਡਾ ਬਲਵਿੰਦਰ ਕੁਮਾਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਗਤ ਰਾਮ, ਡਿਪਟੀ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਤਰਸੇਮ ਲਾਲ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ ਤੇ ਬਲਾਕ ਐਕਸਟੈਂਸ਼ਨ ਐਜੂਕੇਟਰ ਵਿਕਾਸ ਵਿਰਦੀ ਸਮੇਤ ਹੋਰ ਸਿਹਤ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …
Punjab Post Daily Online Newspaper & Print Media