ਸ੍ਰੀ ਗੁਰੂ ਤੇਗ ਬਹਾਦਰ ਜੀ ਨਿਵਾਸ ਬਣਨ ਨਾਲ ਸੰਗਤ ਨੂੰ ਮਿਲੇਗੀ ਵੱਡੀ ਸਹੂਲਤ-ਬੀਬੀ ਜਗੀਰ ਕੌਰ
ਅੰਮ੍ਰਿਤਸਰ, 2 ਨਵੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅੰਮ੍ਰਿਤਸਰ ਵਿਖੇ 1400 ਕਮਰਿਆਂ ਵਾਲੇ ਸੰਗਤ ਨਿਵਾਸ ਦੇ ਨਿਰਮਾਣ
ਦਾ ਕਾਰਜ ਅੱਜ ਪ੍ਰਮੁੱਖ ਸ਼ਖ਼ਸੀਅਤਾਂ ਦੀ ਮੌਜੂਦਗੀ ਵਿਚ ਸ਼ੁਰੂ ਕੀਤਾ ਗਿਆ।ਇਹ ਨਿਵਾਸ ਰਾਮ ਤਲਾਈ ਚੌਂਕ ਨਜ਼ਦੀਕ ਪੁਰਾਣੀ ਹੰਸਲੀ ਦੇ ਸਥਾਨ ’ਤੇ ਬਣਾਇਆ ਜਾਵੇਗਾ।ਜਿਸ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਨੂੰ ਸਮਰਪਿਤ ਕੀਤਾ ਗਿਆ ਹੈ।ਅੱਜ ਇਸ ਦੀ ਸ਼ੁਰੂਆਤ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਆਉਂਦੀਆਂ ਸੰਗਤਾਂ ਲਈ ਵੱਖ-ਵੱਖ ਥਾਵਾਂ ’ਤੇ ਸਰਾਵਾਂ ਵਿਚ ਵਾਧਾ ਕਰਨ ਦੇ ਕਾਰਜ ਜਾਰੀ ਹਨ।ਇਸੇ ਤਹਿਤ ਹੀ 1400 ਕਮਰਿਆਂ ਵਾਲੀ ਨਵੀਂ ਸਰਾਂ ਪੁਰਾਣੀ ਹੰਸਲੀ ਦੇ ਸਥਾਨ ’ਤੇ ਤਿਆਰ ਕੀਤੀ ਜਾ ਰਹੀ ਹੈ।ਉਨ੍ਹਾਂ ਦੱਸਿਆ ਕਿ ਇਸ ਦੀ ਕਾਰਸੇਵਾ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਨੂੰ ਸੌਂਪੀ ਗਈ ਹੈ ਅਤੇ ਸੱਤ ਮੰਜ਼ਿਲਾ ਇਹ ਸਰਾਂ ਵਰਤਮਾਨ ਸਮੇਂ ਦੀਆਂ ਸਹੂਲਤਾਂ ਅਨੁਸਾਰ ਬਣਾਈ ਜਾਵੇਗੀ।ਇਸ ਵਿਚ ਗਰਾਊਂਡ ਫਲੌਰ ’ਤੇ 300 ਕਾਰਾਂ ਦੀ ਪਾਰਕਿੰਗ ਦਾ ਪ੍ਰਬੰਧ ਹੋਵੇਗਾ।ਇਸ ਦੇ ਨਾਲ ਹੀ ਸਰਾਂ ਅੰਦਰ ਕੰਟੀਨ ਵੀ ਤਿਆਰ ਕੀਤੀ ਜਾਵੇਗੀ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਜ਼ਦੀਕ ਵੀ ਕੁਝ ਸਰਾਵਾਂ ਦਾ ਕਾਰਜ ਸ਼ੁਰੂ ਕੀਤਾ ਗਿਆ, ਪਰੰਤੂ ਚੌਂਕ ਰਾਮ ਤਲਾਈ ਨਜ਼ਦੀਕ ਇਸ ਵਿਸ਼ਾਲ ਸਰਾਂ ਨਾਲ ਸੰਗਤ ਦੀ ਰਹਾਇਸ਼ ਲਈ ਆਉਂਦੀ ਮੁਸ਼ਕਲ ਦਾ ਵੱਡੀ ਪੱਧਰ ’ਤੇ ਹੱਲ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਰਾਂ ਤੋਂ ਸ੍ਰੀ ਦਰਬਾਰ ਸਾਹਿਬ ਤੀਕ ਸੰਗਤ ਨੂੰ ਲਿਜਾਣ ਦਾ ਵੀ ਪ੍ਰਬੰਧ ਕੀਤਾ ਜਾਵੇਗਾ।ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ੍ਰੀ ਅਨੰਦ ਸਾਹਿਬ ਦਾ ਪਾਠ ਕੀਤਾ ਅਤੇ ਕਾਰਸੇਵਾ ਆਰੰਭ ਕਰਨ ਦੀ ਅਰਦਾਸ ਭਾਈ ਗੁਰਚਰਨ ਸਿੰਘ ਨੇ ਕੀਤੀ।ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬਾਬਾ ਕਸ਼ਮੀਰ ਸਿੰਘ ਅਤੇ ਬਾਬਾ ਸੁਖਵਿੰਦਰ ਸਿੰਘ ਕਾਰਸੇਵਾ ਭੂਰੀਵਾਲਿਆਂ ਨੂੰ ਸਿਰੋਪਾਓ ਵੀ ਦਿੱਤੇ।
ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਮੈਂਬਰ ਭਾਈ ਮਨਜੀਤ ਸਿੰਘ, ਬਾਵਾ ਸਿੰਘ ਗੁਮਾਨਪੁਰਾ, ਭਾਈ ਰਾਮ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਮੀਤ ਸਕੱਤਰ ਕੁਲਵਿੰਦਰ ਸਿੰਘ ਰਮਦਾਸ, ਬਲਵਿੰਦਰ ਸਿੰਘ ਕਾਹਲਵਾਂ, ਸਿਮਰਜੀਤ ਸਿੰਘ ਕੰਗ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਸੁਖਰਾਜ ਸਿੰਘ, ਗੁਰਪ੍ਰੀਤ ਸਿੰਘ, ਓ.ਐਸ.ਡੀ ਡਾ. ਸੁਖਬੀਰ ਸਿੰਘ, ਬਾਬਾ ਗੁਰਨਾਮ ਸਿੰਘ, ਮਹੰਤ ਸ਼ਾਮ ਸੁੰਦਰ ਜੀ, ਐਸ.ਡੀ.ਓ ਜਤਿੰਦਰਪਾਲ ਸਿੰਘ, ਸੁਖਜਿੰਦਰ ਸਿੰਘ, ਰਾਮ ਸਿੰਘ ਭਿੰਡਰ, ਬਾਬਾ ਕਰਨ ਸਿੰਘ, ਬਾਬਾ ਲਸ਼ਕਰ ਸਿੰਘ, ਬਾਬਾ ਫ਼ਤਹਿ ਸਿੰਘ, ਬਾਬਾ ਲੱਡੂ ਸਿੰਘ, ਬਾਬਾ ਜਗਜੀਤ ਸਿੰਘ, ਮਾਸਟਰ ਪ੍ਰਦੀਪ ਸਿੰਘ, ਅਮਰਜੀਤ ਸਿੰਘ, ਹਰਮਨਪ੍ਰੀਤ ਸਿੰਘ ਵੇਰਕਾ ਆਦਿ ਮੌਜੂਦ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media