Tuesday, April 21, 2026

ਛੀਨਾ ਨੇ ‘ਕੋਰੋਨਾਵਾਇਰਸ ਐਂਡ ਐਜ਼ੂਕੇਸ਼ਨ’ ਪੁਸਤਕ ਕੀਤੀ ਰਲੀਜ਼

ਕੋਵਿਡ ਦੌਰਾਨ ਕੰਮ, ਸਿੱਖਿਆ ਲਈ ਚੁਣੌਤੀਆਂ ਨੂੰ ਉਜਾਗਰ ਕਰਦਾ ਹੈ- ਪ੍ਰਿੰ: (ਡਾ.) ਹਰਪ੍ਰੀਤ ਕੌਰ

ਅੰਮ੍ਰਿਤਸਰ, 8 ਨਵੰਬਰ (ਖੁਰਮਣੀਆਂ) – ਕੋਵਿਡ-19 ਮਹਾਂਮਾਰੀ ਦੌਰਾਨ ਵਿੱਦਿਅਕ ਮੁੱਦਿਆਂ ਦੀ ਪੜਚੋਲ ਕਰਦਿਆਂ ਅੱਜ ਇਥੇ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਜੀ. ਟੀ. ਰੋਡ ਦੇ ਸਟਾਫ਼ ਦੁਆਰਾ ਲਿਖ਼ਤ ‘ਕੋਰੋਨਾਵਾਇਰਸ ਐਂਡ ਐਜ਼ੂਕੇਸ਼ਨ’ ਸਬੰਧੀ ਨਵੀਂ ਪੁਸਤਕ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਰਲੀਜ਼ ਕੀਤੀ ਗਈ।ਇਹ ਪੁਸਤਕ ਮਹਾਂਮਾਰੀ ਦੌਰਾਨ ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ, ਵਿਦਿਆਰਥੀਆਂ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜ਼ਾਗਰ ਕਰਦੀ ਹੈ ਕਿ ਕੀ ਕਿਵੇਂ ਤਾਲਾਬੰਦੀ ਕਾਰਨ ਰਾਤੋ-ਰਾਤ ਸਿੱਖਿਆ ਦਾ ਮਾਹੌਲ ਬਦਲ ਗਿਆ?
                ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਡਾ. ਮਨਿੰਦਰ ਕੌਰ ਅਤੇ ਡਾ. ਦੀਪਿਕਾ ਕੋਹਲੀ (ਦੋਵੇਂ ਸਹਾਇਕ ਪ੍ਰੋਫੈਸਰਾਂ) ਦੁਆਰਾ ਸੰਪਾਦਿਤ, ਕਿਤਾਬ ’ਚ ਵਿਦਵਤਾ ਭਰਪੂਰ ਲੇਖ ਹਨ, ਜਿਸ ’ਚ ਡਿਜ਼ੀਟਲ ਸਿੱਖਿਆ ਦੀ ਭੂਮਿਕਾ, ਅਧਿਆਪਕ, ਵਿਦਿਆਰਥੀਆਂ ਦੀ ਤੰਦਰੁਸਤੀ ਅਤੇ ਮਾਨਸਿਕ ਸਿਹਤ ਦੀ ਪੜਚੋਲ ਕੀਤੀ ਗਈ ਹੈ।ਇਸ ਵਿਚ ਵਾਤਾਵਰਣ ਸਬੰਧੀ ਸਿੱਖਿਆ ਅਤੇ ਪੜ੍ਹਨ ਦੀਆਂ ਆਦਤਾਂ ’ਤੇ ਲਾਕਡਾਊਨ ਦਾ ਪ੍ਰਭਾਵ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ।
                 ਇਸ ਸਬੰਧੀ ਛੀਨਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੌਰਾਨ ਸਿੱਖਿਆ ਸਭ ਤੋਂ ਵੱਧ ਪ੍ਰਭਾਵਿਤ ਹੋਈ ਸੀ। ਉਨ੍ਹਾਂ ਕਿਤਾਬ ਬਾਰੇ ਆਲੋਚਨਾਤਮਕ ਤੌਰ ’ਤੇ ਕਿਹਾ ਕਿ ਵਿਸ਼ਵ ਭਰ ’ਚ ਸਿੱਖਿਆ ’ਚ ਪਰਿਵਰਤਨਸ਼ੀਲ ਤਬਦੀਲੀਆਂ ਦੀ ਜਾਂਚ ਕੀਤੀ।ਪ੍ਰਿੰਸੀਪਲ ਅਤੇ ਸਹਿ-ਲੇਖਕਾਂ ਨੂੰ ਮਹੱਵਪੂਰਨ ਵਿਸ਼ੇ ’ਤੇ ਅਜਿਹੀ ਦਿਲਚਸਪ ਰਚਨਾ ਤਿਆਰ ਕਰਨ ਲਈ ਵਧਾਈ ਦਿੱਤੀ।
                  ਡਾ: ਹਰਪ੍ਰੀਤ ਕੌਰ ਨੇ ਕਿਹਾ ਕਿ ਜਦੋਂ ਕਿ ਪੜ੍ਹਾਉਣ ਦਾ ਰਵਾਇਤੀ ਢੰਗ ‘ਚਾਕ ਐਂਡ ਟਾਕ’ ਸੀ, ਪਰ ਵਿਧੀ ਨੂੰ ਰਾਤੋ-ਰਾਤ ਈ-ਕਲਾਸਾਂ ’ਚ ਤਬਦੀਲ ਕਰ ਦਿੱਤਾ ਗਿਆ।ਜਿਸ ਨਾਲ ਵਿਸ਼ਵ ਭਰ ’ਚ ਸਿੱਖਿਆ ਦੇ ਪ੍ਰਸਾਰ ’ਚ ਭਾਰੀ ਬਦਲਾਅ ਆਇਆ।ਉਨ੍ਹਾਂ ਕਿਹਾ ਕਿ ਭਾਰਤ ਨੇ ਬੜੀ ਸਹਿਜਤਾ ਨਾਲ ਨਾਲ ਮੁਕਾਬਲਾ ਕੀਤਾ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਅਧਿਆਪਨ ਦੇ ਨਵੇਂ ਤਰੀਕਿਆਂ ਨੂੰ ਬਦਲਿਆ।
                   ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਮੇਂ ’ਚ ਵਿੱਦਿਆ, ਪਾਠਕ੍ਰਮ ਅਤੇ ਸਿੱਖਿਆ ਸ਼ਾਸਤਰ ਦੀ ਪੁਨਰ-ਕਲਪਨਾ ਕਰਨ ਦੀ ਸਖ਼ਤ ਜ਼ਰੂਰਤ ਸੀ।ਉਨ੍ਹਾਂ ਕਿਹਾ ਕਿ ਪੁਸਤਕ ’ਚ ਸਿੱਖਿਆ ਦੇ ਭੱਖਦੇ ਵਿਸ਼ੇ ਜਿਵੇਂ ਕਿ ਆਫਲਾਈਨ, ਆਨਲਾਈਨ ਕਲਾਸਾਂ ਦਾ ਸੁਮੇਲ, ਅਧਿਆਪਨ ਅਤੇ ਡਿਜ਼ੀਟਲ ਵੰਡ, ਮਹਾਂਮਾਰੀ ਦੌਰਾਨ ਅਧਿਆਪਕਾਂ ਦੀਆਂ ਜ਼ਿੰਮੇਵਾਰੀਆਂ, ਮਾਨਸਿਕਤਾ ਨੂੰ ਧਿਆਨ ’ਚ ਰੱਖਣਾ, ਸਿੱਖਿਆ ਦਾ ਭਵਿੱਖ, ਪਬਲਿਕ ਸਕੂਲਾਂ ’ਚ ਈ-ਲਰਨਿੰਗ ਆਦਿ ਚੁੱਕੇ ਗਏ ਕੁੱਝ ਪ੍ਰਮੁੱਖ ਮੁੱਦੇ ਸਨ ਜੋ ਕਿ ਪਾਠਕਾਂ ਲਈ ਮਹੱਤਵਪੂਰਨ ਅਤੇ ਤਜ਼ਰਬੇ ਵਜੋਂ ਸਹਾਈ ਸਿੱਧ ਹੋਣਗੇ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …