Thursday, March 5, 2026

ਤਕਨੀਕੀ ਸਿੱਖਿਆ ਮੰਤਰੀ ਵਲੋਂ ਪੀ.ਟੀ.ਯੂ ਵਿਖੇ ਅਤਿ ਆਧੁਨਿਕ ਤਕਨੀਕੀ ਇੰਸਟੀਚਿਊਟ ਲਈ 10 ਏਕੜ ਜ਼ਮੀਨ ਦੇਣ ਦਾ ਐਲਾਨ

ਉਦਯੋਗਾਂ ਦੀ ਲੋੜ ਅਨੁਸਾਰ ਤਕਨੀਕੀ ਸਿੱਖਿਆ ਦੇ ਸਿਲੇਬਸ ਵਿਚ ਹੋਵੇਗਾ ਬਦਲਾਅ

ਕਪੂਰਥਲਾ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਤਕਨੀਕੀ ਸਿੱਖਿਆ, ਫੂਡ ਪ੍ਰੋਸੈਸਿੰਗ ਅਤੇ ਜਲ ਸੰਭਾਲ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਆਈ.ਕੇ ਗੁਜ਼ਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਅਤਿ ਆਧੁਨਿਕ ਤਕਨੀਕੀ ਇੰਸਟੀਚਿਊਟ ਦੀ ਸਥਾਪਨਾ ਲਈ10 ਏਕੜ ਜ਼ਮੀਨ ਦਿੱਤੀ ਜਾਵੇਗੀ ਤਾਂ ਜੋ ਉਦਯੋਗਾਂ ਦੀ ਜ਼ਰੂਰਤ ਅਨੁਸਾਰ ਹੁਨਰਮੰਦ ਮਨੁੱਖੀ ਸਰੋਤ ਪੈਦਾ ਕੀਤੇ ਜਾ ਸਕਣ।
              ਆਈ.ਕੇ ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਜਲੰਧਰ, ਕਪੂਰਥਲਾ ਅਤੇ ਫਗਵਾੜਾ ਦੇ 100 ਤੋਂ ਜਿਆਦਾ ਉਦਯੋਗਪਤੀਆਂ ਨਾਲ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਵਲੋਂ ਉਦਯੋਗਪਤੀਆਂ ਨਾਲ ਦੁਵੱਲੇ ਵਿਚਾਰ ਵਟਾਂਦਰੇ ਲਈ ਕਰਵਾਏ ਗਏ ਵਿਸ਼ੇਸ਼ ਸੈਸ਼ਨ ਦੌਰਾਨ ਬਲੋਦਿਆਂ ਉਦਯੋਗਪਤੀਆਂ ਦੀ ਮੰਗ ’ਤੇ ਕੈਬਨਿਟ ਮੰਤਰੀ ਵਲੋਂ ਇਹ ਐਲਾਨ ਕੀਤਾ ਗਿਆ।
               ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਆਈ.ਟੀ.ਆਈ, ਪੋਲੀਟੈਕਨਿਕ ਅਤੇ ਹੋਰ ਤਕਨੀਕੀ ਸੰਸਥਾਵਾਂ ਵਿਚ ਪੜਦੇ ਲੱਖਾਂ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਮੌਕੇ ਦੇਣ ਅਤੇ ਉਦਯੋਗਾਂ ਨੂੰ ਹੁਨਰਮੰਦ ਕਾਮੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਇਹ ਯਤਨ ਆਰੰਭੇ ਗਏ ਹਨ।
                 ਉਨ੍ਹਾਂ ਉਦਯੋਗਪਤੀਆਂ ਨਾਲ ਖੁਲ੍ਹੇ ਵਿਚਾਰ ਵਟਾਂਦਰੇ ਦੌਰਾਨ ਵੱਖ-ਵੱਖ ਉਦਯੋਗਾਂ ਜਿਵੇਂ ਕਿ ਸਪੋਰਟਸ, ਲੈਦਰ, ਆਟੋ ਮੋਬਾਇਲ ਦੇ ਪ੍ਰਤੀਨਿਧੀਆਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਦੇ ਸੁਝਾਵਾਂ ਅਨੁਸਾਰ ਆਈ.ਟੀ.ਆਈ ਦੇ ਸਿਲੇਬਸ ਵਿੱਚ ਵੀ ਬਦਲਾਅ ਕੀਤੇ ਜਾਣਗੇ।
              ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ਦੀਆਂ ਸਾਰੀਆਂ 359 ਆਈ.ਟੀ.ਆਈ ਵਿੱਚ ਉਦਯੋਗਿਕ ਮੈਨੇਜਮੈਂਟ ਕਮੇਟੀਆਂ ਨੂੰ ਕਾਰਜਸ਼ੀਲ ਕੀਤਾ ਜਾਵੇਗਾ।ਉਨ੍ਹਾਂ ਉਦਯੋਗਪਤੀਆਂ ਨੂੰ ਕਿਹਾ ਕਿ ਉਹ ਆਪਣੀਆਂ ਲੋੜਾਂ ਬਾਰੇ ਜਾਣਕਾਰੀ ਦੇਣ ਤਾਂ ਜੋ ਉਨ੍ਹਾਂ ’ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਸੂਬੇ ਵਿਚ 27 ਨਵੀਆਂ ਆਈ.ਟੀ.ਆਈ ਜਲਦ ਸ਼ੁਰੂ ਕੀਤੀਆਂ ਜਾ ਰਹੀਆਂ ਹਨ।
                   ਇਸ ਤੋਂ ਪਹਿਲਾਂ ਤਕਨੀਕੀ ਸਿੱਖਿਆ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਪੀ.ਟੀ.ਯੂ ਦੇ ਉਪ ਕੁਲਪਤੀ ਰਮੇਸ਼ ਕੁਮਾਰ ਗੈਂਤਾ ਨੇ “ਉਦਯੋਗ ਕੋਲੋਂ ਆਸ “ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਵਿਭਾਗ ਅਤੇ ਉਦਯੋਗਾਂ ਨੂੰ ਮਿਲ ਕੇ ਸਾਫਟ ਸਕਿਲ ਵਿਕਸਤ ਕਰਨ ਵੱਲ ਜ਼ੋਰ ਦੇਣਾ ਚਾਹੀਦਾ ਹੈ।ਮਨੁੱਖੀ ਸਰੋਤਾਂ ਦੀ ਸੁਚੱਜੀ ਵਰਤੋਂ ਲਈ ਆਈ.ਟੀ.ਆਈ ਦੇ ਟਰੇਨਰਾਂ ਨੂੰ ਉਦਯੋਗਿਕ ਯੂਨਿਟਾਂ ਵਿੱਚ ਵੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।
                  ਜਲੰਧਰ ਪੱਛਮੀ ਤੋਂ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੇ ਜਲੰਧਰ ਵਿਖੇ ਲੈਦਰ ਇੰਸਟੀਚਿਊਟ ਦੇ ਨਵੀਨੀਕਰਨ ਦਾ ਮੁੱਦਾ ਉਠਾਇਆ।
                ਸੈਸ਼ਨ ਦੌਰਾਨ ਉਦਯੋਗਪਤੀਆਂ ਦੀ ਤਰਫੋ ਬੋਲਦਿਆਂ ਸਾਵੀ ਇੰਟਰਨੈਸ਼ਨ ਦੇ ਪ੍ਰਤੀਨਿਧੀ ਮੁਕਲ ਵਰਮਾ ਨੇ ਤਕਨੀਕੀ ਸਿੱਖਿਆ ਵਿਭਾਗ ਵਲੋਂ ਉਦਯੋਗਪਤੀਆਂ ਨਾਲ ਵਿਚਾਰ ਵਟਾਂਦਰੇ ਨੂੰ ਸਾਰਥਿਕ ਕਦਮ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਸਪੋਰਟਸ ਇੰਡਸਟਰੀ ਵਿਚ ਮੌਜ਼ੂਦ ਅਸੀਮ ਸੰਭਾਵਨਾਵਾਂ ਨੂੰ ਰੋਜਗਾਰ ਦੇ ਮੌਕਿਆਂ ਵਿਚ ਬਦਲਿਆ ਜਾ ਸਕੇਗਾ।
                 ਸੀ.ਆਈ.ਆਈ ਜਲੰਧਰ ਦੇ ਪ੍ਰਧਾਨ ਉਦਯੋਗਪਤੀ ਤੁਸ਼ਾਰ ਜੈਨ ਨੇ ਕਿਹਾ ਕਿ ਸੂਬੇ ਦੀਆਂ ਤਕਨੀਕੀ ਸੰਸਥਾਵਾਂ ਦਾ ਪਾਠਕ੍ਰਮ ਅੰਤਰ ਰਾਸ਼ਟਰੀ ਮਾਪਦੰਡਾਂ ਤੇ ਉਦਯੋਗਾਂ ਦੀ ਲੋੜ ’ਤੇ ਆਧਾਰਿਤ ਹੋਣਾ ਚਾਹੀਦਾ ਹੈ।ਜਲੰਧਰ ਵਿਚ ਹੀ 15 ਹਜਾਰ ਤੋਂ ਜਿਆਦਾ ਮੱਧਮ ਅਤੇ ਛੋਟੇ ਉਦਯੋਗ ਰਜਿਸਟਰ ਹੋਏ ਹਨ ਜੋਕਿ ਰੋਜਗਾਰ ਦੇ ਮੌਕਿਆਂ ਦੀ ਅਸਲ ਤਸਵੀਰ ਪੇਸ਼ ਕਰਦੇ ਹਨ।ਉਨ੍ਹਾਂ ਨੌਜਵਾਨਾਂ ਵਲੋਂ ਵੱਡੀ ਪੱਧਰ ‘ਤੇ ਹੋ ਰਹੇ ਪ੍ਰਵਾਸ ਨੂੰ ਚੁਣੌਤੀ ਕਰਾਰ ਦਿੰਦਿਆਂ ਰੋਜ਼ਗਾਰ ਦੇ ਮੌਕੇ ਵੱਧ ਤੋਂ ਵੱਧ ਪੈਦਾ ਕਰਨ ’ਤੇ ਜ਼ੋਰ ਦਿੱਤਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਹੁਨਰ ਵਿਕਾਸ ਲਈ ਚੁੱਕੇ ਜਾਣ ਵਾਲੇ ਹਰ ਕਦਮ ਵਿਚ ਉਦਯੋਗਪਤੀ ਪੂਰਨ ਸਹਿਯੋਗ ਦੇਣਗੇ।
                 ਇਸ ਤੋਂ ਪਹਿਲਾਂ ਤਕਨੀਕੀ ਸਿਖਿਆ ਵਿਭਾਗ ਦੀ ਡਾਇਰੈਕਟਰ ਤਨੂੰ ਕਸ਼ਯਪ ਨੇ ਵਿਭਾਗ ਵਲੋਂ ਚਲਾਈਆਂ ਜਾ ਰਹੀਆਂ ਤਕਨੀਕੀ ਸੰਸਥਾਵਾਂ ਅਤੇ ਉਨ੍ਹਾਂ ਦੀ ਕਾਰਗੁਜ਼ਾਰੀ ਤੋਂ ਇਲਾਵਾ ਭਵਿੱਖੀ ਯੋਜਨਾਬੰਦੀ ਬਾਰੇ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਜਾਣਕਾਰੀ ਦਿੱਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …