Saturday, April 25, 2026

ਕਿਸਾਨੀ ਮਸਲੇ ਦਾ ਜਲਦ ਹੱਲ ਕਰੇ ਕੇਂਦਰ ਸਰਕਾਰ – ਕੌਂਸਲਰ ਕੁੱਕਾ ਤੇ ਲੱਲ੍ਹੀ

ਸੰਗਰੂਰ,11 ਨਵੰਬਰ (ਜਗਸੀਰ ਲੌਂਗੋਵਾਲ) – ਖੇਤੀ ਵਿਰੋਧੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਲਗਭਗ ਇੱਕ ਸਾਲ ਤੋਂ ਦਿੱਲੀ ਵਿਖੇ ਧਰਨੇ ‘ਤੇ ਬੈਠੇ ਹਨ, ਪਰ ਕੇਂਦਰ ਸਰਕਾਰ ਦੇ ਕੰਨਾਂ ‘ਤੇ ਜੂੰ ਨਹੀਂ ਸਰਕ ਰਹੀ।ਇਹ ਪ੍ਰਗਟਾਵਾ ਲੌਂਗੋਵਾਲ ਦੇ ਵਾਰਡ ਨੰਬਰ 8 ਤੋਂ ਨੌਜਵਾਨ ਕੌਂਸਲਰ ਰਣਜੀਤ ਸਿੰਘ ਕੁੱਕਾ ਅਤੇ ਵਾਰਡ ਨੰਬਰ 12 ਤੋਂ ਕੌਂਸਲਰ ਗੁਰਮੀਤ ਸਿੰਘ ਲੱਲ੍ਹੀ ਨੇ ਪ੍ਰੈਸ ਬਿਆਨ ਰਾਹੀਂ ਕੀਤਾ।ਉਨ੍ਹਾਂ ਕਿਹਾ ਕਿ ਇਨ੍ਹਾਂ ਮਿਹਨਤੀ ਕਿਸਾਨਾਂ ਕਰਕੇ ਹੀ ਸਾਰੇ ਦੇਸ਼ ਵਾਸੀਆਂ ਨੂੰ ਅਨਾਜ਼ ਮਿਲਦਾ ਹੈ, ਪਰ ਅੱਜ ਅਨਾਜ਼ ਦੇ ਭੰਡਾਰ ਭਰਨ ਵਾਲੇ ਕਿਸਾਨ ਨੂੰ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸੜਕਾਂ ‘ਤੇ ਬੈਠਣਾ ਪੈ ਰਿਹਾ ਹੈ।ਕੌਂਸਲਰਾਂ ਨੇ ਕਿਹਾ ਕਿ ਭਾਰਤ ਖੇਤੀ ਪ੍ਰਧਾਨ ਦੇਸ਼ ਹੋਣ ਕਾਰਨ ਸਾਡੀ ਸਾਰੀ ਅਰਥ ਵਿਵਸਥਾ ਖੇਤੀ ‘ਤੇ ਹੀ ਨਿਰਭਰ ਹੈ।ਪਰ ਫਿਰ ਵੀ ਕੇਂਦਰੀ ਸਰਕਾਰ ਕਿਸਾਨਾਂ ਦੇ ਇਸ ਅਹਿਮ ਮੁੱਦੇ ‘ਤੇ ਧਿਆਨ ਨਹੀਂ ਦੇ ਰਹੀ। ਉਨ੍ਹਾਂ ਕਿਹਾ ਕਿ ਸੈਂਕੜੇ ਕਿਸਾਨ ਧਰਨਿਆਂ ਵਿੱਚ ਆਪਣੀ ਜਾਨ ਗਵਾ ਚੁੱਕੇ ਹਨ ਤੇ ਹੁਣ ਤੱਕ ਦਿੱਲੀ ਮੋਰਚੇ ‘ਚ ਲਗਾਤਾਰ ਡਟੇ ਹੋਏ ਹਨ।ਇਸ ਲਈ ਸਰਕਾਰ ਨੂੰ ਜਲਦ ਤੋਂ ਜਲਦ ਇਨ੍ਹਾਂ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਤਾਂ ਕਿ ਪੂਰੇ ਦੇਸ਼ ਦੀ ਅਰਥਵਿਵਸਥਾ ਚਲਾਉਣ ਵਾਲੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕੇਦਰ ਨੂੰ ਵੀ ਪੰਜਾਬ ਸਰਕਾਰ ਦੀ ਤਰਜ਼ ‘ਤੇ ਧਰਨੇ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …