ਜਿਲ੍ਹਾ ਹਸਪਤਾਲ ਨਵਾਂਸ਼ਹਿਰ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ” ਪ੍ਰੋਗਰਾਮ ਤਹਿਤ ਕੀਤਾ ਗਿਆ ਜਾਗਰੂਕ
ਨਵਾਂਸ਼ਹਿਰ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ.
ਮਨਦੀਪ ਕਮਲ ਦੀ ਯੋਗ ਅਗਵਾਈ ਹੇਠ ਜਿਲ੍ਹਾ ਹਸਪਤਾਲ ਨਵਾਂਸ਼਼ਹਿਰ ਵਿਖੇ “ਬੇਟੀ ਬਚਾਓ ਬੇਟੀ ਪੜ੍ਹਾਓ” ਪ੍ਰੋਗਰਾਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਜਿਲ੍ਹਾ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕਮਲ ਨੇ ਕਿਹਾ ਕਿ ਕੰਨਿਆ ਭਰੂਣ ਹੱਤਿਆ ਮਨੁੱਖਤਾ ਲਈ ਸ਼ਰਾਪ ਹੈ।ਇਸ ਸਮਾਜਿਕ ਲਾਹਨਤ ਨੂੰ ਖਤਮ ਕਰਨ ਲਈ ਸਮਾਜਿਕ ਚੇਤਨਾ ਅਤੇ ਵਚਨਬੱਧਤਾ ਦੀ ਲੋੜ ਹੈ। ਸਿੱਖਿਆ ਔਰਤਾਂ ਦੇ ਸ਼ਕਤੀਕਰਨ ਲਈ ਬਹੁਤ ਹੀ ਕਾਰਗਰ ਹਥਿਆਰ ਹੈ।
ਡਾ. ਕਮਲ ਨੇ ਅੱਗੇ ਕਿਹਾ ਕਿ ਸਾਨੂੰ ਧੀਆਂ ਨੂੰ ਵਿਆਹ ਵੇਲੇ ਦਾਜ ਦਾ ਸਮਾਨ ਦੇਣ ਦੀ ਚਿੰਤਾ ਕਰਨ ਨਾਲੋਂ ਉਨ੍ਹਾਂ ਦੀ ਚੰਗੀ ਪੜ੍ਹਾਈ ਕਰਵਾ ਕੇ ਕਿੱਤਾਮੁਖੀ ਰੁਜ਼ਗਾਰ ਦੇ ਕਾਬਲ ਬਣਾਉਣਾ ਚਾਹੀਦਾ ਹੈ।ਅਜਿਹਾ ਕਰਕੇ ਅਸੀਂ ਔਰਤਾਂ ਨੂੰ ਵਧੇਰੇ ਸ਼ਕਤੀਸ਼ਾਲੀ ਅਤੇ ਸਮਾਜਿਕ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਦੇ ਸਮਰੱਥ ਬਣਾ ਸਕਾਂਗੇ।ਸਮਾਜ ਵਿੱਚ ਲੜਕੀਆਂ ਵਿਰੁੱਧ ਹੋ ਰਹੇ ਨਿਰੰਤਰ ਘਿਨਾਉਣੇ ਜਿਸਮਾਨੀ ਅਤੇ ਮਾਨਸਿਕ ਅਪਰਾਧ ਅਤੇ ਘਰੇਲੂ ਹਿੰਸਾ ਚਿੰਤਾ ਦੇ ਵਿਸ਼ੇ ਹਨ।ਪੰਜਾਬ ਸਰਕਾਰ ਨੇ “ਬੇਟੀ ਬਚਾਓ-ਬੇਟੀ ਪੜ੍ਹਾਓ“ ਪ੍ਰੋਗਰਾਮ ਸ਼ੁਰੂ ਕਰਕੇ ਇਸ ਮਹੱਤਵਪੂਰਨ ਪਹਿਲੂ ਵੱਲ ਸਮਾਜ ਦਾ ਧਿਆਨ ਖਿੱਚਿਆ ਹੈ ਅਤੇ ਔਰਤਾਂ ਵਿਰੁੱਧ ਹੁੰਦੇ ਇਨ੍ਹਾਂ ਅਪਰਾਧਾਂ ਨਾਲ ਨਜਿੱੱਠਣ ਲਈ ਸਖਤ ਕਦਮ ਚੁੱਕੇ ਹਨ।
ਡਾ. ਮੋਨਿਕਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਲੜਕੀਆਂ ਨੂੰ ਜੇਕਰ ਲੜਕਿਆਂ ਦੇ ਬਰਾਬਰ ਵਧਣ ਫੁੱਲਣ ਦੇ ਮੌਕੇ ਮਿਲਣ ਤਾਂ ਉਹ ਜੀਵਨ ਦੇ ਕਈ ਖੇਤਰਾਂ ਵਿੱਚ ਮੱਲਾਂ ਮਾਰ ਸਕਦੀਆਂ ਹਨ।ਔਰਤਾਂ ਦੀ ਖੁਸ਼ਹਾਲੀ ਅਤੇ ਸ਼ਕਤੀਕਰਨ ਨਾਲ ਹੀ ਸਮਾਜ ਸਮੁੱਚੇ ਰੂਪ ਵਿੱਚ ਵਿਕਾਸ ਕਰ ਸਕਦਾ ਹੈ।
ਇਸ ਮੌਕੇ ਨਰਸਿੰਗ ਅਫਸਰ ਰਾਜ ਰਾਣੀ, ਐਲ.ਐ.ਚ ਵੀ ਬਲਵਿੰਦਰ ਕੌਰ, ਏ.ਐਨ.ਐਮ ਜੋਤੀ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media