Monday, April 20, 2026

ਪਾਬੰਦੀਸ਼ੁਦਾ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਦੀ ਚੈਕਿੰਗ ਲਈ ਕਪੂਰਥਲਾ ਪੁਲਿਸ ਵਲੋਂ ਵਿਸ਼ੇਸ਼ ਮੁਹਿੰਮ

ਸਮਾਜ ਵਿਚੋਂ ਨਸ਼ੇ ਖ਼ਤਮ ਕਰਨ ਲਈ ਪੁਲਿਸ ਵਚਨਬੱਧ- ਐਸ.ਐਸ.ਪੀ ਖੱਖ

ਕਪੂਰਥਲਾ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਪਾਬੰਦੀਸ਼ੁਦਾ ਦਵਾਈਆਂ ਟਰਾਮਾਡੋਲ, ਟੇਪੈਂਟਾਡੋਲ ਅਤੇ ਐਟੀਜ਼ੋਲਮ ਦੀ ਗੈਰ-ਕਾਨੂੰਨੀ ਵਿਕਰੀ `ਤੇ ਨਕੇਲ ਕੱਸਣ ਲਈ ਕਪੂਰਥਲਾ ਪੁਲਿਸ ਨੇ ਵਿਆਪਕ ਰਣਨੀਤੀ ਉਲੀਕੀ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਹੈ।
                    ਸੀਨੀਅਰ ਕਪਤਾਨ ਪੁਲਿਸ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸੀਨੀਅਰ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਹੇਠ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਪਾਬੰਦੀਸ਼਼ੁਦਾ ਦਵਾਈਆਂ ਵੇਚਣ ਵਾਲੇ ਕੈਮਿਸਟਾਂ ‘ਤੇ ਤਿੱਖੀ ਨਜ਼ਰ ਰੱਖਣ ਦਾ ਕੰਮ ਸੌਂਪਿਆ ਗਿਆ ਹੈ।ਉਨ੍ਹਾਂ ਕਿਹਾ ਕਿ ਸਾਰੀਆਂ ਕੈਮਿਸਟਾਂ ਦੀਆਂ ਦੁਕਾਨਾਂ ਦੇ ਲਾਇਸੈਂਸਾਂ ਦੀ ਕਰਾਸ ਚੈਕਿੰਗ ਕੀਤੀ ਜਾ ਰਹੀ ਹੈ।
                  ਉਨ੍ਹਾਂ ਕਿਹਾ ਕਿ ਇਹ ਟੀਮਾਂ ਕੈਮਿਸਟਾਂ ਨਾਲ ਮੀਟਿੰਗਾਂ ਕਰਨਗੀਆਂ ਅਤੇ ਡਾਕਟਰੀ ਮਾਹਿਰਾਂ ਦੀ ਪਰਚੀ ਤੋਂ ਬਿਨਾਂ ਟਰਾਮਾਡੋਲ ਵਰਗੀਆਂ ਦਵਾਈਆਂ ਨਾ ਵੇਚਣ ਦੀ ਹਦਾਇਤ ਕੀਤੀ ਗਈ ਹੈ।ਟ੍ਰਾਮਾਡੋਲ ਗੋਲੀ ਇੱਕ `ਸ਼ੁਡਿਊਲ ਐਚ` ਦਵਾਈ ਹੈ ਅਤੇ ਦਰਦ ਨਿਵਾਰਕ ਦੇ ਤੌਰ `ਤੇ ਵਰਤੀ ਜਾਂਦੀ ਹੈ।ਇਹ ਸਿਰਫ ਨੁਸਖ਼ੇ `ਤੇ ਵੇਚੀ ਜਾ ਸਕਦੀ ਹੈ, ਪਰ ਕਾਲੀਆਂ ਭੇਡਾਂ ਦੁਆਰਾ ਇਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਸਮੂਹ ਕੈਮਿਸਟਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੀਆਂ ਦਵਾਈਆਂ ਦੀ ਵਿਕਰੀ-ਖਰੀਦ ਦੇ ਸਟਾਕ ਰਜਿਸਟਰ ਨੂੰ ਸੰਭਾਲ ਕੇ ਰੱਖਣ।ਐਸ.ਐਸ.ਪੀ ਨੇ ਕਿਹਾ ਕਿ ਕਪੂਰਥਲਾ ਪੁਲਿਸ ਸੂਬੇ ਵਿਚੋਂ ਨਸ਼ਾਖੋਰੀ ਦਾ ਸਫਾਇਆ ਕਰਨ ਲਈ ਵਚਨਬੱਧ ਹੈ।ਨਸ਼ਾ ਮੁਕਤ ਸਮਾਜ ਨੂੰ ਯਕੀਨੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
             ਕੈਮਿਸਟ ਸਟੋਰ ਮਾਲਕਾਂ ਨੇ ਕਪੂਰਥਲਾ ਪੁਲਿਸ ਨੂੰ ਭਰੋਸਾ ਦਿਵਾਇਆ ਕਿ ਉਹ ਕਿਸੇ ਵੀ ਕਿਸਮ ਦੀ ਢਿੱਲਮਠ ਨਹੀਂ ਕਰਨਗੇ ਅਤੇ ਮਾਰਕੀਟ ਵਿੱਚ ਕਿਸੇ ਵੀ ਵਿਅਕਤੀ ਵਲੋਂ ਗੈਰ-ਕਾਨੂੰਨੀ ਢੰਗ ਨਾਲ ਵੇਚੀ ਜਾ ਰਹੀ ਦਵਾਈ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …