Friday, April 24, 2026

ਏਡਜ਼ ਦੀ ਰੋਕਥਾਮ ਲਈ ਜਨ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਗਿਆ ਰਵਾਨਾ

ਨਵਾਂਸ਼ਹਿਰ, 18 ਨਵੰਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਇੰਦਰਮੋਹਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਕੁਮਾਰ ਗਰਗ ਦੀ ਯੋਗ ਅਗਵਾਈ ਹੇਠ ਸਿਹਤ ਬਲਾਕ ਮੁਜ਼ੱਫਰਪੁਰ ਅਧੀਨ ਪੈਂਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਏਡਜ਼ ਤੋਂ ਬਚਾਅ ਲਈ ਜਾਗਰੂਕਤਾ ਵੈਨ ਚਲਾਈ ਜਾ ਰਹੀ ਹੈ।
              ਕਮਿਊਨਿਟੀ ਹੈਲਥ ਸੈਂਟਰ ਰਾਹੋਂ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੇਸ਼ ਕੁਮਾਰ ਗਰਗ ਨੇ ਅੱਜ ਐਚ.ਆਈ.ਵੀ ਏਡਜ਼ ਜਨ ਜਾਗਰਕੂਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਪ੍ਰਚਾਰ ਵੈਨ ਬਲਾਕ ਦੇ ਸ਼ਹਿਰੀ, ਪੇਂਡੂ ਤੇ ਉਚ ਜ਼ੋਖਮ ਵਾਲੇ ਖੇਤਰ ਵਿੱਚ ਜਾ ਕੇ ਲੋਕਾਂ ਨੂੰ ਏਡਜ਼ ਦੀ ਬਿਮਾਰੀ ਪ੍ਰਤੀ ਜਾਗਰੂਕ ਕਰੇਗੀ।ਮੈਡੀਕਲ ਮਾਹਰਾਂ ਦੀ ਟੀਮ ਵਲੋਂ ਐਚ.ਆਈ.ਵੀ ਦੇ ਟੈਸਟ ਤੇ ਕੌਂਸਲਿੰਗ ਵੀ ਕੀਤੀ ਜਾਵੇਗੀ।ਇਹ ਵੈਨ ਪ੍ਰਿੰਟ ਤੇ ਆਡਿਓ-ਵੀਡੀਓ ਵਿਜ਼ੂਅਲ ਉਪਕਰਨਾਂ ਨਾਲ ਵੀ ਲੈਸ ਹੈ।
                 ਡਾ. ਗਰਗ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਐਚ.ਆਈ.ਵੀ.ਏਡਜ਼ ਦੇ ਸੰਕ੍ਰਮਣ ਤੋਂ ਬਚਣ ਲਈ ਜਾਗਰੂਕਤਾ ਹੀ ਅਹਿਮ ਉਪਾਅ ਹੈ।ਏਡਜ਼ ਮੁੱਖ ਰੂਪ ਵਿਚ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ, ਏਡਜ਼ ਪੀੜਤ ਵਿਅਕਤੀ ਦਾ ਖੂਨ ਦੂਸਰੇ ਵਿਅਕਤੀ ਨੂੰ ਚੜਾਉਣ, ਗਰਭਵਤੀ ਅਵਸਥਾ ਵਿਚ ਏਡਜ਼ ਪੀੜਤ ਮਾਂ ਵਲੋਂ ਜਨਮ ਦੇਣ ਵਾਲੇ ਬੱਚੇ, ਏਡਜ਼ ਪੀੜਤ ਵਿਅਕਤੀ ਦੀ ਸੂਈ ਦੂਸਰੇ ਵਿਅਕਤੀ `ਤੇ ਵਰਤਣ ਆਦਿ ਨਾਲ ਹੁੰਦੀ ਹੈ ਜੋ ਕਿ ਮਹਾਂਮਾਰੀ ਦਾ ਰੂਪ ਧਾਰਨ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਏਡਜ਼ ਕਾਰਨ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸਮੱਰਥਾ ਘਟ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਟੀ.ਬੀ. ਸਮੇਤ ਕਈ ਹੋਰ ਬਿਮਾਰੀਆਂ ਹੋਣ ਦਾ ਖਤਰਾ ਵਧ ਜਾਂਦਾ ਹੈ।
               ਮੈਡੀਕਲ ਅਫਸਰ ਡਾ ਗੁਰਪਿੰਦਰ ਕੌਰ ਅਤੇ ਭੁਵਨੀਸ਼ ਸ਼ਾਰਦਾ ਨੇ ਦੱਸਿਆ ਕਿ ਇਸ ਬਿਮਾਰੀ ਪ੍ਰਤੀ ਜਾਗਰੂਕ ਹੋਣਾ ਹਰ ਵਿਅਕਤੀ ਦਾ ਮੁੱਢਲਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਏਡਜ਼ ਪੀੜਤ ਵਿਅਕਤੀ ਨੂੰ ਵਾਰ-ਵਾਰ ਬੁਖਾਰ ਹੁੰਦਾ ਹੈ, ਥਕਾਵਟ ਹੁੰਦੀ ਹੈ, ਮਾਸ ਪੇਸ਼ੀਆਂ ਵਿਚ ਅਕੜਾਅ ਆਉਂਦਾ ਹੈ, ਜੋੜਾਂ ਵਿਚ ਦਰਦ ਅਤੇ ਸੋਜਿਸ਼ ਹੁੰਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ, ਚਮੜੀ ਉੱਪਰ ਲਾਲ ਰੰਗ ਦੇ ਨਿਸ਼ਾਨ ਆ ਜਾਂਦੇ ਹਨ ਅਤੇ ਮਾਨਸਿਕ ਤਣਾਅ ਰਹਿਣ ਲੱਗਦਾ ਹੈ।ਜੇਕਰ ਇਸ ਬਿਮਾਰੀ ਦਾ ਮੁੱਢਲੀ ਅਵੱਸਥਾ ਵਿੱਚ ਹੀ ਪਤਾ ਲੱਗ ਜਾਵੇ ਤਾਂ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਦਵਾਈਆਂ ਦਾ ਸਹਾਰਾ ਲੈ ਕੇ ਏਡਜ਼ ਪੀੜਤ ਵਿਅਕਤੀ ਲੰਬੀ ਜ਼ਿੰਦਗੀ ਜੀਅ ਸਕਦਾ ਹੈ।
               ਇਸ ਮੌਕੇ ਡਾ. ਯੋਗਿਤਾ ਬਾਲਾ, ਬਲਾਕ ਐਜੂਕੇਟਰ ਮਨਿੰਦਰ ਸਿੰਘ, ਹੈਲਥ ਇੰਸਪੈਕਟਰ ਰਵੀਇੰਦਰ ਸਿੰਘ, ਨਰਸਿੰਗ ਅਫਸਰ ਊਸ਼ਾ ਕਿਰਨ, ਫਾਰਮੇਸੀ ਅਫ਼ਸਰ ਰਾਜਵਿੰਦਰ ਕੌਰ, ਹੈਲਥ ਵਰਕਰ ਮਨਦੀਪ ਸਿੰਘ, ਗੁਲਸ਼ਨ ਕੁਮਾਰ ਅਤੇ ਓਟ ਕੌਂਸਲਰ ਹਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …