Friday, March 6, 2026

ਪੰਜਾਬੀ ਸਾਹਿਤ ਸਭਾ ਸਮਰਾਲਾ ਵਲੋਂ ਨਾਵਲਕਾਰ ਜਸਵੀਰ ਮੰਡ ਨਾਲ ਰੂ- ਬ-ਰੂ

ਪੰਜਾਬੀ ਯੂਨੀ: ਪਟਿਆਲਾ ਤੋਂ ਡਾ. ਪਰਮਵੀਰ ਸਿੰਘ ਬਤੌਰ ਮੁੱਖ ਮਹਿਮਾਨ ਵਜੋਂ ਹੋਏ ਸ਼ਾਮਲ

ਸਮਰਾਲਾ, 25 ਨਵੰਬਰ (ਇੰਦਰਜੀਤ ਸਿੰਘ ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਮਾਸਿਕ ਮੀਟਿੰਗ ਦੌਰਾਨ ਨਾਵਲਕਾਰ ਜਸਬੀਰ ਮੰਡ ਨਾਲ ਰੂ-ਬ-ਰੂ ਕਰਵਾਇਆ ਗਿਆ।ਸਮਾਗਮ ਵਿੱਚ ਡਾ. ਪਰਮਵੀਰ ਸਿੰਘ ਹੈਡ ਇਨਸੈਕਲੋਪੀਡੀਆ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਪ੍ਰਧਾਨਗੀ ਮੰਡਲ ਵਿੱਚ ਸਭਾ ਦੇ ਚੇਅਰਮੈਨ ਕਹਾਣੀਕਾਰ ਸੁਖਜੀਤ, ਪ੍ਰਧਾਨ ਨਰਿੰਦਰ ਸ਼ਰਮਾ, ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ, ਸਿਮਰਜੀਤ ਸਿੰਘ ਕੰਗ ਅਤੇ ਤੇਲੂ ਰਾਮ ਕੁਹਾੜਾ ਸ਼ਾਮਿਲ ਹੋਏ।
              ਸਮਾਗਮ ਦੀ ਸ਼ੁਰੂਆਤ ‘ਚ ਕਹਾਣੀਕਾਰ ਸੁਖਜੀਤ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆ’ ਕਿਹਾ ਤੇ ਨਾਵਲਕਾਰ ਜਸਬੀਰ ਮੰਡ ਦੇ ਜੀਵਨ ਬਾਰੇ ਅਤੇ ਨਾਵਲਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਉਂਦਿਆ ਕਿਹਾ ਕਿ ਜਸਬੀਰ ਮੰਡ ਨੇ ਹੁਣ ਤੱਕ ਪੰਜ ਨਾਵਲ ਲਿਖੇ ਹਨ, ਆਖਰੀ ਪਿੰਡ ਦੀ ਕਥਾ ਨੂੰ ਭਾਈ ਵੀਰ ਸਿੰਘ ਪੁਰਸਕਾਰ ਵੀ ਮਿਲ ਚੁੱਕਾ ਹੈ।ਨਾਵਲ ਆਖਰੀ ਬਾਬੇ ਐਮ.ਏ ਪੰਜਾਬੀ ਦੇ ਸਿਲੇਬਸ ’ਚ ਵੀ ਪੜ੍ਹਾਇਆ ਜਾ ਰਿਹਾ ਹੈ।ਇਹਨਾਂ ਨਾਵਲਾਂ ਬਾਰੇ ਚਰਚਾ ਕਰਨ ਲਈ ਕਹਾਣੀਕਾਰ ਬਲਵਿੰਦਰ ਗਰੇਵਾਲ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।ਉਹਨਾਂ ਨੇ ਨਾਵਲਾਂ ਦੀ ਖੁੱਲ੍ਹ ਕੇ ਵਿਆਖਿਆ ਕੀਤੀ ਅਤੇ ਦੱਸਿਆ ਕਿ ਜਸਬੀਰ ਮੰਡ ਦੇ ਨਾਵਲਾਂ ਵਿੱਚ ਵੱਖ ਵੱਖ ਸੰਕਟਾਂ ਦਾ ਜ਼ਿਕਰ ਆਇਆ ਹੈ ਤੇ ਨਾਵਲਾਂ ਦਾ ਵਿਸ਼ਾ ਜਟਿਲ ਹੈ ਉਹਨਾਂ ਦੇ ਅਹਿਸਾਸਾਂ ਨੂੰ ਸ਼ਬਦਾਂ ਵਿੱਚ ਨਹੀਂ ਬੰਨ੍ਹਿਆ ਜਾ ਸਕਦਾ। ਇਹਨਾਂ ਨਾਵਲਾਂ ਦਾ ਪ੍ਰਭਾਵ ਪਾਠਕਾਂ ਦੇ ਮਨ ਵਿੱਚ ਇਕ ਨਵੀਂ ਸੋਚ ਪੈਦਾ ਕਰਦਾ ਹੈ।ਬਲਵਿੰਦਰ ਗਰੇਵਾਲ ਦਾ ਨਾਵਲਾਂ ਬਾਰੇ ਪੜ੍ਹਿਆ ਪਰਚਾ ਵਿਦਿਆਰਥੀਆਂ ਲਈ ਵੀ ਬਹੁਤ ਲਾਹੇਵੰਦ ਰਹੇਗਾ।ਇਸ ਉਪਰੰਤ ਨਾਵਲਕਾਰ ਜਸਵੀਰ ਮੰਡ ਨੇ ਆਪਣੇ ਜੀਵਨ ਦਾ ਸੰਘਰਸ਼, ਜਪਾਨ ’ਚ ਰਹਿੰਦੇ ਹੁੰਦਿਆਂ ਦੀਆਂ ਸਾਰੀਆਂ ਯਾਦਾਂ ਬਾਰੇ ਦੱਸਿਆ।ਸਮਾਗਮ ਵਿੱਚ ਸ਼ਾਮਲ ਸਰੋਤਿਆਂ ਦੇ ਸਵਾਲਾਂ ਦੇ ਤਸੱਲੀਬਖ਼ਸ਼ ਸਾਹਿਤਕ ਜਵਾਬ ਦਿੱਤੇ।ਰਚਨਾਵਾਂ ਦੇ ਦੌਰ ਵਿੱਚ ਸ਼੍ਰੋਮਣੀ ਬਾਲ ਸਾਹਿਤ ਪੁਰਸਕਾਰ ਵਿਜੇਤਾ ਕਮਲਜੀਤ ਨੀਲੋਂ ਨੇ ਗੀਤ, ਲਿਖਾਰੀ ਸਭਾ ਰਾਮਪੁਰ ਦੇ ਜਨਰਲ ਸਕੱਤਰ ਹਰਬੰਸ ਮਾਲਵਾ ਨੇ ਗੀਤ, ਬਲਵੀਰ ਸਿੰਘ ਬੱਬੂ ਨੇ ਗੀਤ, ਕਸ਼ਮੀਰ ਸਿੰਘ ਕਸ਼ਮੀਰ ਨੇ ਗੀਤ, ਗ਼ਜ਼ਲਗੋ ਅਮਰਿੰਦਰ ਸਿੰਘ ਸੋਹਲ ਨੇ ਗ਼ਜ਼ਲ, ਜੱਸੀ ਢਿੱਲਵਾਂ ਨੇ ਗੀਤ, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ, ਅਨਿਲ ਫਤਿਹਗੜ੍ਹ ਜੱਟਾਂ ਨੇ ਨਜ਼ਮ, ਤੇਲੂ ਰਾਮ ਕੁਹਾੜਾ ਨੇ ਕਵਿਤਾ ਪੜ੍ਹੀਆਂ। ਇਨ੍ਹਾਂ ਰਚਨਾਵਾਂ ਤੇ ਕਹਾਣੀਕਾਰ ਸੁਖਜੀਤ ਅਤੇ ਹੋਰ ਸਾਹਿਤਕਾਰਾਂ ਨੇ ਉਸਾਰੂ ਚਰਚਾ ਕੀਤੀ।ਕਿਸਾਨੀ ਸੰਘਰਸ਼ ਦੌਰਾਨ ਤਿੰਨੋਂ ਖੇਤੀ ਬਿੱਲ ਰੱਦ ਹੋਣ ਦੀਆਂ ਵਧਾਈਆਂ ਦਿੱਤੀਆਂ ਗਈਆਂ, ਇਸ ਉਪਰੰਤ ਵਿਛੜ ਚੁੱਕੇ ਸਾਹਿਤਕਾਰ ਜਿਨ੍ਹਾਂ ਵਿੱਚ ਗੀਤਕਾਰ ਸੁਖਮਿੰਦਰ ਰਾਮਪੁਰੀ, ਲੋਕ ਗਾਇਕਾ ਗੁਰਮੀਤ ਬਾਵਾ, ਕੁਲਵੰਤ ਸਿੰਘ ਸੂਰੀ, ਪ੍ਰਿੰਸੀਪਲ ਜਗਦੀਸ਼ ਘਈ, ਹਰਮਿੰਦਰ ਕੌਰ ਬੁੱਟਰ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
                   ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਜਤਿੰਦਰ ਹਾਂਸ, ਕਹਾਣੀਕਾਰ ਰਵਿੰਦਰ ਰੁਪਾਲ ਕੌਲਗੜ੍ਹ, ਕਹਾਣੀਕਾਰ ਤਰਨ ਬੱਲ, ਕਹਾਣੀਕਾਰ ਸੰਦੀਪ ਸਮਰਾਲਾ, ਬਲਵੰਤ ਮਾਂਗਟ, ਸੁਰਜੀਤ ਸਿੰਘ ਵਿਸ਼ਦ (ਹਿੰਦੀ ਕਵੀ), ਰਵਿੰਦਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਦਰਸ਼ਨ ਸਿੰਘ ਕੰਗ, ਮੇਘ ਸਿੰਘ ਜਵੰਦਾ, ਪੁਖਰਾਜ ਸਿੰਘ ਘੁਲਾਲ, ੳੂਧਮ ਸਿੰਘ, ਸੁਖਵਿੰਦਰ ਸਿੰਘ ਤੁੰਗ, ਜਸਵੀਰ ਸ਼ਾਮਿਲ ਹੋਏ। ਮੰਚ ਸੰਚਾਲਨ ਦੀ ਭੂਮਿਕਾ ਸਭਾ ਦੇ ਜਨਰਲ ਸਕੱਤਰ ਮੇਘ ਸਿੰਘ ਜਵੰਦਾ ਵੱਲੋਂ ਬਾਖੂਬੀ ਨਿਭਾਈ ਗਈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …