Tuesday, March 3, 2026

ਅੰਮ੍ਰਿਤਸਰ ਵਿਕਾਸ ਮੰਚ ਵਲੋਂ ਲਾਇਬ੍ਰੇਰੀ ਐਕਟ ਲਾਗੂ ਕਰਨ ਲਈ ਸਿੱਖਿਆ ਮੰਤਰੀ ਦੀ ਸ਼ਲਾਘਾ

ਅੰਮ੍ਰਿਤਸਰ, 30 ਨਵੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਅਤੇ ਪ੍ਰੋਫ਼ੈਸਰ ਹਰਬੰਸ ਸਿੰਘ ਨੇ ਹੋਰ ਭਾਸ਼ਾ ਤੇ ਖੇਡ ਪ੍ਰੇਮੀਆਂ ਸਮੇਤ ਕੱਲ੍ਹ ਪੰਜਾਬ ਸਰਕਾਰ ਦੇ ਸਿੱਖਿਆ ਅਤੇ ਖੇਡ ਮੰਤਰੀ ਪਰਗਟ ਸਿੰਘ ਨਾਲ ਬਨਾਰਸੀ ਦਾਸ ਆਰੀਆ ਕਾਲਜ ਜਲੰਧਰ ਵਿਖੇ ਮੁਲਾਕਾਤ ਕੀਤੀ। ਉਨਾਂ ਨੇ ਕਰਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ‘ਚ ਸਿੰਥੈਟਿਕ ਅਥਲੈਟਿਕਸ ਟਰੈਕ ਸਥਾਪਿਤ ਕਰਨ ਲਈ ਪੰਦਰਾਂ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਨ ਲਈ ਬੇਨਤੀ ਕੀਤੀ।
              ਮੰਤਰੀ ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਦੀ ਬਜ਼ਾਏ ਅੰਮ੍ਰਿਤਸਰ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਸਿੰਥੈਟਿਕ ਅਥਲੈਟਿਕਸ ਟਰੈਕ ਸਥਾਪਿਤ ਕਰਨ ਦੀ ਯੋਜਨਾ ਹੈ।ਜਿਸ ਨੂੰ ਛੇਤੀ ਹੀ ਅਮਲੀ ਰੂਪ ‘ਚ ਲਾਗੂ ਕਰ ਦਿੱਤਾ ਜਾਵੇਗਾ।ਗੁਰੂ ਨਾਨਕ ਸਟੇਡੀਅਮ ਅੰਮ੍ਰਿਤਸਰ ਵਿੱਚ ਸਿੰਥੈਟਿਕ ਅਥਲੈਟਿਕਸ ਟਰੈਕ ਸਥਾਪਿਤ ਹੋਣ ਉਪਰੰਤ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਦੇ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਅਨੁਕੂਲ ਅਤੇ ਅਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੇ ਸਾਜ਼-ਓ-ਸਮਾਨ ਦਾ ਪ੍ਰਬੰਧ ਕੀਤਾ ਜਾਵੇਗਾ। ਅਧੁਨਿਕ ਅਤੇ ਮਿਆਰੀ ਖੇਡ ਸਹੂਲਤਾਂ ਪ੍ਰਾਪਤ ਹੋਣ ‘ਤੇ ਗੁਰੂ ਨਗਰੀ ਅੰਮ੍ਰਿਤਸਰ ਅਤੇ ਲਾਗਲੇ ਇਲਾਕਿਆਂ ਦੇ ਖਿਡਾਰੀਆਂ ਨੂੰ ਅਭਿਆਸ ਕਰਨ ਲਈ ਯੋਗ ਵਾਤਾਵਰਨ ਹਾਸਲ ਹੋਏਗਾ, ਜਿਸ ਦੇ ਫਲਸਰੂਪ ਉਹ ਰਾਸਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮਣਾ ਖੱਟਣ ਦੇ ਸਮਰੱਥ ਹੋਣਗੇ।
                  ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਅਤੇ ਹੋਰ ਲੇਖਕਾਂ ਅਤੇ ਭਾਸ਼ਾ ਪ੍ਰੇਮੀਆਂ ਵਲੋਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਨੂੰ ਲਾਇਬ੍ਰੇਰੀ ਐਕਟ ਲਾਗੂ ਕਰਨ ਲਈ ਕਈ ਪੱਤਰ ਲਿਖ ਕੇ ਬੇਨਤੀ ਕੀਤੀ ਜਾਂਦੀ ਰਹੀ ਹੈ।ਸਿੱਖਿਆ ਮੰਤਰੀ ਵਲੋਂ ਸੁਹਿਰਦਤਾ ਨਾਲ ਕੰਮ ਕਰਦਿਆਂ ਹੋਇਆਂ ਇਸ ਮੰਗ ਨੂੰ ਵੀ ਪ੍ਰਵਾਨ ਕਰਨ ਦਾ ਕੱਲ੍ਹ ਐਲਾਨ ਕੀਤਾ ਗਿਆ।ਇਸ ਐਕਟ ਦੇ ਲਾਗੂ ਹੋਣ ਸਦਕਾ ਨੌਜਵਾਨਾਂ ਅਤੇ ਸਮੁੱਚੇ ਸਮਾਜ ਵਿੱਚ ਵਿਸਾਰ ਦਿੱਤਾ ਗਿਆ ਪੁਸਤਕ ਸਭਿਆਚਾਰ ਮੁੜ ਸੁਰਜੀਤ ਹੋਣ ਦੀ ਸੰਭਾਵਨਾ ਅਤੇ ਆਸਾਂ ਉਤਪਨ ਹੋਈਆਂ ਹਨ।ਇਹ ਨਰੋਆ ਸਭਿਆਚਾਰ ਪੰਜਾਬੀ ਸਮਾਜ ਅਤੇ ਖਾਸ ਕਰਕੇ ਨੌਜਵਾਨਾਂ ਵਿੱਚ ਸ੍ਰਿਸ਼ਟਾਚਾਰ ਅਧਾਰਿਤ ਕਦਰਾਂ-ਕੀਮਤਾਂ ਦਾ ਸੰਚਾਰ ਕਰਨ ਲਈ ਸਹਾਈ ਹੋਵੇਗਾ।ਅੰਮ੍ਰਿਤਸਰ ਵਿਕਾਸ ਮੰਚ ਨੇ ਸਿੱਖਿਆ ਮੰਤਰੀ ਦੇ ਇਸ ਐਲਾਨ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਆਸ ਜਤਾਈ ਕਿ ਲਾਇਬ੍ਰੇਰੀ ਐਕਟ ਜਲਦੀ ਹੀ ਲਾਗੂ ਹੋ ਜਾਏਗਾ।ਰਾਜ ਭਾਸ਼ਾ ਕਮਿਸ਼ਨ ਦੀ ਸਥਾਪਨਾ ਲਈ ਪੰਜਾਬ ਸਰਕਾਰ ਵਲੋਂ ਲਿਆ ਗਿਆ ਫੈਸਲਾ ਸਵਾਗਤਯੋਗ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …