ਕਪੂਰਥਲਾ, 3 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਸੂਚਨਾ ਕਮਿਸ਼ਨਰ ਖੁਸ਼ਵੰਤ ਸਿੰਘ ਨੇ ਸਮੂਹ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਕਿਹਾ ਹੈ ਕਿ
ਉਹ ‘ਸੂ ਮੋਟੋ ਡੈਕਲਾਰੇਸ਼ਨ’ (ਵਿਭਾਗਾਂ ਕੋਲ ਮੌਜ਼ੂਦ ਜਾਣਕਾਰੀ ਨੂੰ ਆਪਣੇ ਆਪ ਜਨਤਕ ਕਰਨਾ) ਦੀ ਮਦ ਤਹਿਤ ਜਿਆਦਾ ਤੋਂ ਜਿਆਦਾ ਜਾਣਕਾਰੀ ਆਪਣੇ ਆਪ ਜਨਤਕ ਕਰਨ ਤਾਂ ਜੋ ਜਿੱਥੇ ਵਿਭਾਗੀ ਕੰਮਾਂ ਵਿਚ ਹੋਰ ਪਾਰਦਰਸ਼ਤਾ ਆਵੇਗੀ ਉਥੇ ਹੀ ਸੂਚਨਾ ਅਧਿਕਾਰ ਐਕਟ ਤਹਿਤ ਸੂਚਨਾ ਮੰਗਣ ਦੇ ਰੁਝਾਨ ਵਿਚ ਵੀ ਕਮੀ ਆਵੇਗੀ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਦੌਰਾਨ ਖੁਸ਼ਵੰਤ ਸਿੰਘ ਨੇ ਕਿਹਾ ਕਿ ਵਿਭਾਗ ਆਪਣੇ ਆਪ ਹੀ ਜਾਣਕਾਰੀ ਨੂੰ ਜਨਤਕ ਤੌਰ ’ਤੇ ਜਾਰੀ ਕਰਨ ਨੂੰ ਪਹਿਲ ਦੇਣ।
ਉਨ੍ਹਾਂ ਇਹ ਵੀ ਕਿਹਾ ਕਿ ਸਮੂਹ ਵਿਭਾਗ ਆਪੋ ਆਪਣੀ ਵਿਭਾਗੀ ਵੈਬਸਾਇਟ ਉਪਰ ਪਹਿਲੀ ਅਪੀਲੀ ਅਥਾਰਟੀ ਤੇ ਹੋਰ ਵੇਰਵੇ ਜ਼ਰੂਰ ਦਰਜ਼ ਕਰਨ, ਤਾਂ ਜੋ ਲੋਕਾਂ ਨੂੰ ਜਾਣਕਾਰੀ ਪ੍ਰਾਪਤ ਕਰਨ ਵਿਚ ਆਸਾਨੀ ਹੋ ਸਕੇ।
ਉਨ੍ਹਾਂ ਕਿਹਾ ਕਿ ਅਨੇੇਕਾਂ ਮਾਮਲਿਆਂ ਵਿਚ ਇਹ ਸਾਹਮਣੇ ਆਇਆ ਹੈ ਕਿ ਪਹਿਲੀ ਅਪੀਲੀ ਅਥਾਰਟੀ ਫੈਸਲੇ ਲੈਣ ਵਿਚ ਸੰਕੋਚ ਕਰਦੀ ਹੈ, ਜਿਸ ਕਾਰਨ ਸੂਚਨਾ ਤੇ ਅਧਿਕਾਰ ਐਕਟ ਦੀ ਭਾਵਨਾ ਨੂੰ ਸੱਟ ਵੱਜਦੀ ਹੈ।ਉਨ੍ਹਾਂ ਕਿਹਾ ਕਿ ਪਹਿਲੀ ਅਪੀਲੀ ਅਥਾਰਟੀ ਬਿਨੈਕਾਰ ਦੀ ਅਪੀਲ ਉਪਰ ਫੈਸਲਾ ਜਰੂਰ ਦੇਵੇ।
ਉਨ੍ਹਾਂ ਵਿਭਾਗਾਂ ਦੇ ਲੋਕ ਸੂਚਨਾ ਅਫਸਰਾਂ ਨੂੰ ਇਹ ਵੀ ਕਿਹਾ ਕਿ ਉਹ ਬਿਨੈਕਾਰ ਵਲੋਂ ਆਰ.ਟੀ.ਆਈ ਰਾਹੀਂ ਮੰਗੀ ਜਾਣਕਾਰੀ ਦੇਣ ਜਾਂ ਨਾ ਦੇਣ ਬਾਰੇ ਫੈਸਲਾ 30 ਦਿਨ ਦੇ ਅੰਦਰ-ਅੰਦਰ ਜ਼ਰੂਰ ਕਰਨ।
ਸੂਚਨਾ ਕਮਿਸ਼ਨਰ ਵਲੋਂ ਵਿਭਾਗਾਂ ਦੇ ਮੁਖੀਆਂ ਨੂੰ ਸੂਚਨਾ ਅਧਿਕਾਰ ਐਕਟ ਬਾਰੇ ਹੋਰ ਜਾਣਕਾਰੀ ਦੇਣ ਲਈ ਮਗਸੀਪਾ ਰਾਹੀਂ ਸਿਖਲਾਈ ਦੇਣ ਤੇ ਰਿਫਰੈਸ਼ਰ ਕੋਰਸ ਕਰਵਾਉਣ ਦੇ ਵੀ ਨਿਰਦੇਸ਼ ਦਿੱਤੇ ਗਏ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਕਿਹਾ ਕਿ ਜਿਲ੍ਹਾ ਕਪੂਰਥਲਾ ਅੰਦਰ ਸੂਚਨਾ ਦੇ ਅਧਿਕਾਰ ਐਕਟ ਨੂੰ ਉਸਦੀ ਮੂਲ ਭਾਵਨਾ ਅਨੁਸਾਰ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰੇਕ ਦਫਤਰ ਵਿਖੇ ਲੋਕ ਸੂਚਨਾ ਅਫਸਰ ਦਾ ਨਾਮ, ਪਤਾ ਤੇ ਸੰਪਰਕ ਨੰਬਰ ਬਾਰੇ ਬੋਰਡ ਵੀ ਲਗਾਏ ਗਏ ਹਨ।
ਸੂਚਨਾ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਆਰ.ਟੀ.ਆਈ. ਰਾਹੀਂ ਇਕੋ ਜਾਣਕਾਰੀ ਵਾਰ-ਵਾਰ ਮੰਗਣ ਦੇ ਮਾਮਲਿਆਂ ਸਬੰਧੀ ਕਮਿਸ਼ਨ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਸੂਚਨਾ ਦੇ ਅਧਿਕਾਰ ਐਕਟ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ.ਪੀ ਆਂਗਰਾ, ਵਧੀਕ ਡਿਪਟੀ ਕਮਿਸ਼ਨਰ ਜਨਰਲ ਅਦਿਤਿਆ ਉੱਪਲ, ਐਸ.ਡੀ.ਐਮ ਡਾ. ਜੈਇੰਦਰ ਸਿੰਘ ਤੇ ਸਮੂਹ ਵਿਭਾਗਾਂ ਦੇ ਲੋਕ ਸੂਚਨਾ ਅਫਸਰ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media