
ਅੰਮ੍ਰਿਤਸਰ, 17 ਨਵੰਬਰ (ਦੀਪ ਦਵਿੰਦਰ)- ਮਾਨਵੀ ਕਦਰਾਂ ਕੀਮਤਾਂ, ਮਨੁੱਖੀ ਰਿਸ਼ਤਿਆਂ ਅਤੇ ਜਿੰਦਗੀ ਦੀਆਂ ਲੋੜਾਂ-ਥੁੜਾਂ ਤਲਾਸ਼ਦੇ ਪਾਤਰਾਂ ਦੀ ਨਿਸ਼ਾਨਦੇਹੀ ਕਰਕੇ ਅਜੋਕੀ ਪੰਜਾਬੀ ਕਹਾਣੀ ਵਿੱਚ ਨਿਵੇਕਲੀ ਪਛਾਣ ਬਨਾਉਣ ਵਾਲੇ ਕਥਾਕਾਰ ਤਲਵਿੰਦਰ ਸਿੰਘ ਜਿਹੜੇ ਬੀਤੇ ਵਰ੍ਹੇ ਦੀ 11 ਅਤੇ 12 ਨਵੰਬਰ ਦੀ ਦਰਮਿਆਨੀ ਰਾਤ ਨੂੰ ਸੜਕ ਹਾਦਸੇ ਵਿੱਚ ਆਪਣੀ ਪਤਨੀ ਸਮੇਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਦੀ ਯਾਦ ਨੂੰ ਸਮਰਪਿਤ ‘ਤਲਵਿੰਦਰ ਸਿੰਘ ਸਿਮਰਤੀ ਸਮਾਰੋਹ’ ਦਾ ਆਯੋਜਨ ਪੰਜਾਬੀ ਸਾਹਿਤ ਸਭਾ ਤਰਨ ਤਾਰਨ ਵੱਲੋਂ ਸਭਾ ਦੇ ਪ੍ਰਧਾਨ ਤਰਲੋਚਨ ਸਿੰਘ ਦੇ ਗ੍ਰਹਿ ਵਿਖੇ ਕੀਤਾ ਗਿਆ, ਜਿਸ ਵਿੱਚ ਕੇਂਦਰੀ ਸਭਾ ਦੇ ਮੀਤ ਪ੍ਰਧਾਨ ਦੀਪ ਦਵਿੰਦਰ ਸਿੰਘ, ਮੈਂਬਰ ਕਾਰਜਕਾਰਨੀ ਦੇਵ ਦਰਦ ਅਤੇ ਸ਼ਾਇਰ ਨਿਰਮਲ ਅਰਪਨ ਨੇ ਉਚੇਚੇ ਤੌਰ ਤੇ ਹਾਜ਼ਰੀ ਭਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਆਪਣੀਆਂ ਕਥਾ ਕਹਾਣੀਆਂ ਦੇ ਜਰੀਏ ਪੰਜਾਬੀ ਸਾਹਿਤ ਵਿੱਚ ਹਮੇਸ਼ਾਂ ਜਿਉਂਦਾ ਰਹੇਗਾ। ਤਲਵਿੰਦਰ ਸਿੰਘ ਆਪਣੀ ਲੇਖਣੀ ਰਾਹੀਂ ਪੇਤਲੇ ਪੈ ਰਹੇ ਸਮਾਜਿਕ ਰਿਸ਼ਤਿਆਂ ਦੀ ਅਤੇ ਪਰਿਵਾਰਕ ਟੁੱਟ ਭੱਜ ਬਾਖੂਬੀ ਬਿਆਨ ਕਰਦਾ ਸੀ। ਤਰਲੋਚਨ ਸਿੰਘ ਨੇ ਆਪਣੀ ਸਾਂਝ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ ਕਿ ਤਲਵਿੰਦਰ ਸਿੰਘ ਦੀਆਂ ਸਾਹਿਤਕ ਦੋਸਤੀਆਂ ਦਾ ਘੇਰਾ ਵਿਸ਼ਾਲ ਸੀ। ਉਸਦੀ ਅਦਬੀ ਸਾਂਝ ਕਰਕੇ ਉਹ ਸਾਡੇ ਚੇਤਿਆਂ ਵਿੱਚੋਂ ਕਦੇ ਵੀ ਮਨਫੀ ਨਹੀਂ ਹੋਵੇਗਾ। ਕਰਮ ਸਿੰਘ ਹੁੰਦਲ, ਰਘਬੀਰ ਸਿੰਘ ਤੀਰ ਅਤੇ ਬਰਕਤ ਵੋਹਰਾ ਨੇ ਸਾਂਝੇ ਤੌਰ ਤੇ ਦੱਸਿਆ ਕਿ ਤਲਵਿੰਦਰ ਸਿੰਘ ਦੇ ਸਾਹਿਤਕ ਕਾਰਜ ਦੇ ਨਾਲ-ਨਾਲ ਜਥੇਬੰਦਕ ਕਾਰਜ ਵੀ ਵਿਸ਼ੇਸ਼ ਸਥਾਨ ਰੱਖਦੇ ਹਨ। ਜਥੇਬੰਦਕ ਆਗੂ ਪ੍ਰਗਟ ਸਿੰਘ ਜਾਮਾਰਾਏ ਅਤੇ ਜਗਜੀਤ ਗਿੱਲ ਨੇ ਬੋਲਦਿਆਂ ਦੱਸਿਆ ਕਿ ਤਲਵਿੰਦਰ ਸਿੰਘ ਵੱਲੋਂ ਸ਼ੁਰੂ ਕੀਤਾ ਮਾਂ-ਬੋਲੀ ਦਿਵਸ ਅੱਜ ਪੰਜਾਬ ਭਰ ਵਿੱਚ ਵੱਖ-ਵੱਖ ਤਨਜੀਮਾਂ ਰਾਹੀਂ ਮਨਾਇਆ ਜਾਣ ਲੱਗਾ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮੈਡਮ ਪਰਮਜੀਤ ਕੌਰ, ਪ੍ਰੀਤਪਾਲ ਰੁਮਾਨੀ, ਪ੍ਰੋ: ਹਰਿੰਦਰ ਸਿੰਘ, ਗੁਰਮੁੱਖ ਸਿੰਘ ਬਟਾਲਾ, ਡਾ. ਬਲਵਿੰਦਰ ਸਿੰਘ, ਸੁਖਵੰਤ ਗਿੱਲ, ਲਾਲੀ ਕੈਰੋਂ, ਰਵੀਸ਼ੇਰ ਸਿੰਘ, ਅਤੇ ਤਲਵਿੰਦਰ ਸਿੰਘ ਦੀ ਧੀ ਸੁਰਪ੍ਰੀਤ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।
Check Also
ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …
Punjab Post Daily Online Newspaper & Print Media