Thursday, April 16, 2026

ਚੀਫ਼ ਖ਼ਾਲਸਾ ਦੀਵਾਨ ਵਿਖੇ ਮਨਾਇਆ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ 149ਵਾਂ ਜਨਮ ਦਿਹਾੜਾ

ਅੰਮ੍ਰਿਤਸਰ, 6 ਦਸੰਬਰ (ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੇ ਮੋਢੀ ਸਿਰਜ਼ਕਾਂ ਵਿਚੋਂ ਪ੍ਰਮੁੱਖ ਸ਼ਖਸ਼ੀਅਤ ਅਤੇ ਮਹਾਨ ਸਾਹਿਤਕਾਰ ਡਾ: ਭਾਈ ਵੀਰ ਸਿੰਘ ਜੀ ਦੇ ਜਨਮ ਦਿਵਸ ਮੋਕੇ ਚੀਫ਼ ਖ਼ਾਲਸਾ ਦੀਵਾਨ ਦੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਵਿਖੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਸੁਖਮਨੀ ਸਾਹਿਬ ਜੀ ਦੇ ਸੰਗਤੀ ਰੂਪੀ ਪਾਠ ਉਪਰੰਤ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਸਵਿੰਦਰ ਸਿੰਘ ਦੇ ਰਾਗੀ ਜੱਥੇ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਪਦਮ ਸ਼੍ਰੀ ਅਤੇ ਪਦਮ ਵਿਭੂਸ਼ਣ ਸਨਮਾਨ ਨਾਲ ਨਿਵਾਜੇ ਗਏ ਤਰਲੋਚਨ ਸਿੰਘ ਸਾਬਕਾ ਚੇਅਰਮੈਨ ਕੌਮੀ ਘੱਟ ਗਿਣਤੀ ਕਮਿਸ਼ਨ ਨੂੰ ਚੀਫ਼ ਖ਼ਾਲਸਾ ਦੀਵਾਨ ਅਹੁਦੇਦਾਰਾਂ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।ਤਰਲੋਚਨ ਸਿੰਘ ਨੇ ਸਿੱਖਾਂ ਲਈ ਸਮਕਾਲੀ ਕਠਿਨ ਹਲਾਤਾਂ ਵਿਚ ਨਵ-ਚੇਤਨਾ ਦੇ ਮੋਢੀ ਭਾਈ ਵੀਰ ਸਿੰਘ ਜੀ ਵਲੋਂ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਯਤਨਾਂ ਦੀ ਚਰਚਾ ਕੀਤੀ।ਉਹਨਾਂ ਨੇ ਕਿਹਾ ਕਿ ਇਨਸਾਨ ਦੀ ਜਿੰਨੀ ਧਰਮ ਪਰਿਪੱਕਤਾ ਸਹਿਜ ਰੂਪ ਵਿਚ ਬਾਲ ਅਵਸਥਾ ਵਿੱਚ ਵਿਦਿਆ ਰਾਹੀਂ ਕੀਤੀ ਜਾ ਸਕਦੀ ਹੈ, ਉਨੀ ਕਿਸੇ ਹੋਰ ਸਾਧਨ ਨਾਲ ਨਹੀਂ। ਉਹਨਾਂ ਦੁੱਖ ਪ੍ਰਗਟ ਕੀਤਾ ਕਿ ਅੱਜ ਦੀ ਪੀੜ੍ਹੀ ਵਲੋਂ ਇਥੋਂ ਤੱਕ ਵੀ ਕਾਲਜਾਂ, ਯੂਨੀਵਰਸਿਟੀਆਂ ਵਿਚ ਵੀ ਭਾਈ ਵੀਰ ਸਿੰਘ ਜੀ ਦੀਆਂ ਰਚਨਾਵਾਂ ਨੂੰ ਭੁਲਾਇਆ ਜਾ ਰਿਹਾ ਹੈ। ਉਹਨਾਂ ਸਿੱਖ ਵਿਰਸੇ ਅਤੇ ਇਤਿਹਾਸ ਨੂੰ ਸੰਭਾਲਣ ਅਤੇ ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸਿੱਖ ਸੰਸਥਾਵਾਂ ਨੂੰ ਯਤਨ ਕਰਨ ਦੀ ਲੋੜ੍ਹ ‘ਤੇ ਜ਼ੋਰ ਦਿੱਤਾ।
ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ ਨੂੰ“ ਆਖਦਿਆਂ ਭਾਈ ਵੀਰ ਸਿੰਘ ਜੀ ਦੀ ਅਦੁੱਤੀ ਸ਼ਖਸੀਅਤ ਦੀ ਵਿਸ਼ਵ ਪੱਧਰ ‘ਤੇ ਨਿਵੇਕਲੀ ਪਹਿਚਾਣ ਦੀ ਗੱਲ ਕੀਤੀ।ਪ੍ਰਧਾਨ ਨਿਰਮਲ ਸਿੰਘ ਦਾ ਸੰਦੇਸ਼ ਪੜਦਿਆਂ ਉਹਨਾਂ ਭਾਈ ਵੀਰ ਸਿੰਘ ਦੇ ਸਮਕਾਲ ਦੀਆਂ ਪ੍ਰਮੁੱਖ ਸੰਸਥਾਵਾਂ, ਜਨ ਕਲਿਆਣ ਦੀ ਭਲਾਈ ਲਈ ਸਥਾਪਿਤ ਕੀਤੇ ਯਤੀਮਖਾਨੇ, ਹਸਪਤਾਲਾਂ, ਬਿਰਧਘਰਾਂ, ਆਸ਼ਰਮਾਂ, ਸਿੱਖੀ ਪ੍ਰਚਾਰ ਦੇ ਵਿਦਿਆਲੇ, ਖਾਲਸਾ ਕਾਲਜ, ਚੀਫ਼ ਖ਼ਾਲਸਾ ਦੀਵਾਨ, ਪੰਜਾਬ ਐਂਡ ਸਿੰਧ ਬੈਂਕ ਆਦਿ ਦੀ ਸਥਾਪਨਾ ਵਿਚ ਭਾਈ ਵੀਰ ਸਿੰਘ ਜੀ ਵਲੋਂ ਤਨ-ਮਨ-ਧਨ ਨਾਲ ਦਿੱਤੇ ਵੱਡਮੁਲੇ ਯੋਗਦਾਨ ‘ਤੇ ਚਾਨਣਾ ਪਾਇਆ।ਉਹਨਾਂ ਪ੍ਰਧਾਨ ਨਿਰਮਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਗਲੇ ਸਾਲ 2022 ‘ਚ ਭਾਈ ਵੀਰ ਸਿੰਘ ਜੀ ਦੇ 150ਵੇਂ ਯਾਦਗਾਰੀ ਜਨਮ ਦਿਹਾੜੇ ਨੂੰ ਸਮਰਪਿਤ ਵੱਡੇ ਪੱਧਰ ‘ਤੇ ਸਮਾਗਮ ਕਰਨ ਦੀ ਗੱਲ ਕਹੀ ਤਾਂ ਜੋ ਨਵੀਂ ਪਨੀਰੀ ਨੂੰ ਉਹਨਾਂ ਦੀ ਬਹੁਪੱਖੀ ਸ਼ਖਸੀਅਤ ਅਤੇ ਰਚਨਾਵਾਂ ਤੋਂ ਜਾਣੂ ਕਰਵਾਇਆ ਜਾ ਸਕੇ।
ਉਪਰੰਤ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹਰੀ ਸਿੰਘ ਨੇ ਚੀਫ਼ ਖ਼ਾਲਸਾ ਦੀਵਾਨ ਵਲੋਂ ਸਿੱਖੀ ਪ੍ਰਚਾਰ-ਪ੍ਰਸਾਰ ਲਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਤ ਤਿਆਰ ਕੀਤੀ ਗਈ ਡਾਕੂਮੈਂਟਰੀ ਫਿਲਮ ਅਤੇ ਕਿਤਾਬਾਂ ਬਾਰੇ ਜਾਣਕਾਰੀ ਸਾਂਝੀ ਕੀਤੀ।ਧਰਮ ਪ੍ਰਚਾਰ ਕਮੇਟੀ ਵਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਿਧਾਂਤਾਂ ਅਧਾਰਿਤ ਪ੍ਰੀਖਿਆ (ਜਿਸ ਵਿਚ ਕੁੱਲ 5400 ਵਿਦਿਆਰਥੀਆਂ ਨੇ ਭਾਗ ਲਿਆ) ਵਿੱਚ 100 ਪ੍ਰਤੀਸ਼ਤ ਅੰਕ ਲੈਣ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਸਟੇਜ ਡਾ. ਜਸਬੀਰ ਸਿੰਘ ਸਾਬਰ ਨੇ ਬਾਖੂਬੀ ਸੰਭਾਲੀ।
                 ਭਾਈ ਵੀਰ ਸਿੰਘ ਜੀ ਦੇ 149ਵੇਂ ਜਨਮ ਦਿਨ ਨੂੰ ਸਮਰਪਿਤ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵਲੋਂ ਸ਼ੁਰੂ ਕੀਤਾ ਗਿਆ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਤੀਨਿਧ ਪੱਤਰ ‘‘ਖਾਲਸਾ ਐਡਵੋਕੇਟ“ ਦਾ ਵਿਸ਼ੇਸ਼ ਅੰਕ ਵੀ ਰਲੀਜ਼ ਕੀਤਾ ਗਿਆ।ਜਿਸ ਵਿਚ ਭਾਈ ਵੀਰ ਸਿੰਘ ਦੇ ਜੀਵਨ, ਪ੍ਰਾਪਤੀਆਂ ਅਤੇ ਵੱਖ-ਵੱਖ ਸਿੱਖ ਸੰਸਥਾਵਾਂ ਵਿਚ ਉਹਨਾਂ ਦੇ ਯੋਗਦਾਨ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਲੇਖ ਦਰਜ਼ ਕੀਤੇ ਗਏ ਹਨ।ਅੰਤ ਦੀਵਾਨ ਅਹੁਦੇਦਾਰਾਂ ਨੇ ਚੀਫ਼ ਖ਼ਾਲਸਾ ਦੀਵਾਨ ਦੀ ਆਨ-ਸ਼ਾਨ ਨੂੰ ਇਸ ਦੇ ਮੋਢੀ ਸਿਰਜਕ ਭਾਈ ਵੀਰ ਸਿੰਘ ਜੀ ਦੀ ਭਾਵਨਾਵਾਂ ਅਨੁਸਾਰ ਕੰਮ ਕਰਨ ਦੀ ਵਚਨਬੱਧਤਾ ਦਰਸਾਈ।
                ਇਸ ਮੋਕੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ, ਜਸਪਾਲ ਸਿੰਘ ਢਿੱਲੋ, ਪ੍ਰੋ: ਹਰੀ ਸਿੰਘ, ਸੁਖਜਿੰਦਰ ਸਿੰਘ ਪ੍ਰਿੰਸ, ਰਜਿੰਦਰ ਸਿੰਘ ਮਰਵਾਹਾ, ਮਨਮੋਹਨ ਸਿੰਘ, ਮੋਹਨਜੀਤ ਸਿੰਘ ਭੱਲਾ, ਇੰਜੀ:ਜਸਪਾਲ ਸਿੰਘ, ਪ੍ਰੋ: ਵਰਿਆਮ ਸਿੰਘ, ਪ੍ਰਦੀਪ ਸਿੰਘ ਵਾਲੀਆ, ਨਵਤੇਜ਼ ਸਿੰਘ ਨਾਰੰਗ, ਰਾਬਿੰਦਰਬੀਰ ਸਿੰਘ ਭੱਲਾ, ਜੋਗਿੰਦਰ ਸਿੰਘ ਅਰੋੜਾ, ਹਰਮਨਜੀਤ ਸਿੰਘ, ਗੁਰਬਖਸ਼ ਸਿੰਘ ਬੇਦੀ, ਪ੍ਰੋ: ਸੂਬਾ ਸਿੰਘ, ਆਤਮਜੀਤ ਸਿੰਘ, ਅਵਤਾਰ ਸਿੰਘ ਘੁੱਲਾ, ਕੁਲਵਿੰਦਰ ਸਿੰਘ ਮਰਵਾਹਾ, ਡਾ. ਕੁਲਵੰਤ ਸਿੰਘ, ਅਮਰਦੀਪ ਸਿੰਘ, ਇਕਬਾਲ ਸਿੰਘ ਸ਼ੈਰੀ, ਗੁਰਪ੍ਰੀਤ ਸਿੰਘ ਸੇਠੀ, ਸਮੀਜੀਵ ਸਿੰਘ, ਰਿਪੂਦਮਨ ਸਿੰਘ, ਦਵਿੰਦਰ ਸਿੰਘ, ਜਸਬੀਰ ਸਿੰਘ ਅਜਨਾਲਾ, ਸਵਰਾਜ ਸਿੰਘ ਸ਼ਾਮ, ਡਾ. ਜਸਬੀਰ ਸਿੰਘ ਸਾਬਰ, ਡਾ. ਧਰਮਵੀਰ ਸਿੰਘ ਪ੍ਰਿੰਸੀਪਲ/ਡਾਇਰੈਕਟਰ, ਅੰਡਰ ਸੈਕਟਰੀ ਹਰਭਜਨ ਸਿੰਘ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਸਨ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …