Wednesday, October 14, 2026

ਖ਼ਾਲਸਾ ਕਾਲਜ ਵੂਮੈਨ ਵਿਖੇ ਪੰਜਾਬੀ ਭਾਸ਼ਾ ਤੇ ਸਾਹਿਤ ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ

ਅੰਮ੍ਰਿਤਸਰ, 15 ਦਸੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਪੰਜਾਬ ਦਿਵਸ ਨੂੰ ਸਮਰਪਿਤ ਪੰਜਾਬੀ ਸਪਤਾਹ ਦੇ ਅੰਤਰਗਤ ‘ਪੰਜਾਬੀ ਭਾਸ਼ਾ ਤੇ ਸਾਹਿਤ : ਅਤੀਤ, ਵਰਤਮਾਨ ਅਤੇ ਭਵਿੱਖ’ ਵਿਸ਼ੇ ’ਤੇ ਲੈਕਚਰ ਦਾ ਆਯੋਜਨ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਦੀ ਸਹਿਯੋਗ ਨਾਲ ਕਰਵਾਏ ਉਕਤ ਲੈਕਚਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਮੁਖੀ ਅਤੇ ਪ੍ਰੋਫ਼ੈਸਰ ਡਾ. ਹਰਿਭਜਨ ਸਿੰਘ ਭਾਟੀਆ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।
                  ਪ੍ਰੋਗਰਾਮ ਦਾ ਆਗਾਜ਼ ਪ੍ਰਿੰ: (ਡਾ.) ਸੁਰਿੰਦਰ ਕੌਰ, ਵਾਇਸ ਪ੍ਰਿੰਸੀਪਲ ਡਾ. ਜਤਿੰਦਰ ਕੌਰ ਅਤੇ ਮੁੱਖੀ ਪੰਜਾਬੀ ਵਿਭਾਗ ਪ੍ਰੋ. ਰਵਿੰਦਰ ਕੌਰ ਵਲੋਂ ਡਾ. ਭਾਟੀਆ ਨੂੰ ਪੌਦਾ ਭੇਟ ਕਰਕੇ ਕੀਤਾ ਗਿਆ।ਪ੍ਰਿੰ: ਡਾ. ਸੁਰਿੰਦਰ ਕੌਰ ਨੇ ਮੁੱਖ ਬੁਲਾਰੇ ਨੂੰ ‘ਜੀ ਆਇਆ’ ਕਿਹਾ ਅਤੇ ਵਿਦਿਆਰਥਣਾਂ ਨੂੰ ਮਾਤ ਭਾਸ਼ਾ ਦੇ ਮਹੱਤਵ ਅਤੇ ਗੌਰਵ ਨੂੰ ਪਛਾਨਣ ਲਈ ਪ੍ਰੇਰਿਆ।
                ਡਾ. ਭਾਟੀਆ ਨੇ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਅਤੀਤ ਨੂੰ ਫਰੋਲਦਿਆਂ, ਵਰਤਮਾਨ ਚੁਣੌਤੀਆ ਅਤੇ ਭਵਿੱਖਮਈ ਸੰਭਾਵਨਾਵਾਂ ਉਪਰ ਨਿੱਠ ਕੇ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਅਜੋਕਾ ਮਨੁੱਖ ਵਿਸ਼ਵੀਕਰਨ ਦੇ ਦੌਰ ’ਚ ਹਰ ਵਰਤਾਰੇ ਨੂੰ ਮੰਡੀ ਅਤੇ ਮੁਨਾਫ਼ੇ ਦੇ ਪ੍ਰਭਾਵ ਹੇਠ ਲਿਆ ਕੇ ਆਪਣੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਖੂੰਝੇ ਲਾ ਰਿਹਾ ਹੈ। ਜਿਸ ਦੇ ਨਤੀਜੇ ਭਿਆਨਕ ਹੋ ਸਕਦੇ ਹਨ।ਸੋ ਸਾਡਾ ਸਭ ਦਾ ਨੈਤਿਕ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੀ ਭਾਸ਼ਾ, ਸਾਹਿਤ ਅਤੇ ਅਮੀਰ ਪੰਜਾਬੀ ਵਿਰਾਸਤ ਨੂੰ ਸਾਂਭੀਏ, ਤਾਂ ਹੀ ਸਾਡੇ ਅੰਦਰ ਮਾਨਵੀਂ ਕਦਰਾਂ-ਕੀਮਤਾਂ ਜ਼ਿਊਂਦੀਆਂ ਰਹਿਣਗੀਆਂ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …