Wednesday, October 14, 2026

ਡਾ. ਐਚ.ਕੇ ਵਰਮਾ ਖ਼ਾਲਸਾ ਕਾਲਜ ਵੈਟਰਨਰੀ ਦੇ ਪ੍ਰਿੰਸੀਪਲ ਨਿਯੁੱਕਤ

ਛੀਨਾ ਦੀ ਅਗਵਾਈ ਹੇਠ ਸੰਭਾਲਿਆ ਅਹੁੱਦਾ

ਅੰਮ੍ਰਿਤਸਰ, 15 ਦਸੰਬਰ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਨੇ ਅੱਜ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੇ ਪ੍ਰਸਿੱਧ ਵੈਟਰਨਰੀ ਅਕੈਡੀਮੀਸ਼ੀਅਨ ਅਤੇ ਸੇਵਾਮੁਕਤ ਡਾਇਰੈਕਟਰ, ਪਸਾਰ ਸਿੱਖਿਆ ਡਾ. ਹਰੀਸ਼ ਕੁਮਾਰ ਵਰਮਾ ਨੂੰ ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ (ਕੇ.ਸੀ.ਵੀ.ਏ.ਐਸ) ਦਾ ਨਵਾਂ ਪ੍ਰਿੰਸੀਪਲ ਥਾਪਿਆ।ਉਨ੍ਹਾਂ ਨੇ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਅਗਵਾਈ ਹੇਠ ਪ੍ਰਿੰਸੀਪਲ ਦਾ ਅਹੁੱਦਾ ਸੰਭਾਲਿਆ।ਉਨ੍ਹਾਂ ਨਾਲ ਕੌਂਸਲ ਦੇ ਵਿੱਤ ਸਕੱਤਰ ਗੁਨਬੀਰ ਸਿੰਘ, ਕਾਨੂੰਨੀ ਸਕੱਤਰ ਅਜਮੇਰ ਸਿੰਘ ਹੇਰ, ਸਰਦੂਲ ਸਿੰਘ ਮੰਨਣ ਅਤੇ ਹੋਰ ਉੱਚ ਅਧਿਕਾਰੀਆਂ ਦਫ਼ਤਰ ’ਚ ਸ਼ਾਮਿਲ ਸਨ।
                   ਛੀਨਾ ਨੇ ਡਾ. ਵਰਮਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਮੌਜ਼ੂਦਾ ਅਹੁੱਦਾ ਸੰਭਾਲਣ ਵਾਲੇ ਡਾ. ਐਸ.ਕੇ ਨਾਗਪਾਲ ਜੋ ਕਿ ਸੇਵਾਮੁਕਤ ਹੋ ਗਏ ਹਨ, ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਜੋ ਕੰਮ ਕਰਦੇ ਰਹਿਣਗੇ।ਉਨ੍ਹਾਂ ਕਿਹਾ ਕਿ ਨਜ਼ਦੀਕੀ ਇਲਾਕੇ ’ਚ ਕੇ.ਸੀ.ਵੀ.ਏ.ਐਸ ਇਕੋ ਇਕ ਕਾਲਜ ਹੈ ਜੋ ਸਫਲਤਾਪੂਰਵਕ ਚੱਲ ਰਿਹਾ ਹੈ ਅਤੇ ਸੰਸਥਾ ਡਾ. ਵਰਮਾ ਦੇ ਵਿਸ਼ਾਲ ਤਜ਼ਰਬੇ ਤੋ ਲਾਭ ਉਠਾਏਗੀ।
                ਪੀ.ਏ.ਯੂ ਤੋਂ ਪੀ.ਐਚ.ਡੀ ਪ੍ਰਾਪਤ ਡਾ. ਵਰਮਾ ਨੇ ਵੈਟਰਨਰੀ ਸਿੱਖਿਆ ਦੇ ਵਿਭਿੰਨ ਖੇਤਰ ’ਚ 36 ਕਿਤਾਬਾਂ ਅਤੇ ਲਗਭਗ 140 ਖੋਜ਼ ਪੱਤਰ ਲਿਖੇ ਹਨ।ਉਨ੍ਹਾਂ ਕੋਲ ਅਧਿਆਪਨ ਦਾ 35 ਸਾਲਾਂ ਤੋ ਵਧੇਰੇ ਦਾ ਤਜ਼ਰਬਾ ਹੈ ਅਤੇ ਉਨ੍ਹਾਂ ਕਈ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਤੋ ਇਲਾਵਾ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੀਆ ਕਾਨਫਰੰਸਾਂ ’ਚ ਭਾਗ ਲਿਆ ਹੈ।ਡਾ. ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਕਾਲਜ ਦੀ ਸੇਵਾ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਜਿਸ ਨੇ ਥੋੜ੍ਹੇ ਸਮੇਂ ’ਚ ਵੈਟਰਨਰੀ ਸਾਇੰਸਜ਼ ’ਚ ਆਪਣਾ ਅਹਿਮ ਨਾਮ ਬਣਾਇਆ ਹੈ ਅਤੇ ਅਸੀਂ ਸੰਸਥਾ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਇਕ ਟੀਮ ਵਜੋਂ ਕੰਮ ਕਰਾਂਗੇ।
                  ਉਨ੍ਹਾਂ ਕਿਹਾ ਕਿ ਅਕਾਦਮਿਕ ਅਤੇ ਖੋਜ ਉਨ੍ਹਾਂ ਦੀ ਮੁੱਖ ਤਰਜ਼ੀਹ ਹੋਵੇਗੀ।ਇਸ ਮੌਕੇ ਐਮ.ਡੀ ਡਾ. ਐਸ.ਕੇ ਨਾਗਪਾਲ, ਖ਼ਾਲਸਾ ਕਾਲਜ ਆਫ਼ ਲਾਅ ਦੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਆਦਿ ਤੋਂ ਇਲਾਵਾ ਸਮੂਹ ਕਾਲਜ ਸਟਾਫ਼ ਹਾਜ਼ਰ ਸੀ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …