Sunday, May 31, 2026

ਕਾਂਗਰਸ ਜੇਕਰ ਭ੍ਰਿਸ਼ਟ ਤੇ ਮਾੜੀ ਕਾਰਗੁਜ਼ਾਰੀ ਵਾਲਿਆਂ ਨੁੰ ਬਦਲਣ ਲਈ ਸੰਜ਼ੀਦਾ ਹੈ ਤਾਂ ਘੱਟੋ ਘੱਟ 70 ਵਿਧਾਇਕ ਬਦਲਣੇ ਪੈਣਗੇ – ਬਾਦਲ

ਪਠਾਨਕੋਟ ਜ਼ਿਲ੍ਹੇ ਦੇ ਵਿਕਾਸ ਅਤੇ ਸਰਹਦੀ ਪੱਟੀ ‘ਚ ਰੋਜ਼ਗਾਰ ਸਿਰਜਣ ਦਾ ਦੁਆਇਆ ਭਰੋਸਾ

ਪਠਾਨਕੋਟ, 29 ਦਸੰਬਰ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਪਾਰਟੀ ਆਪਣੇ ਭ੍ਰਿਸ਼ਟ ਤੇ ਦਾਗੀ ਆਗੂ ਬਦਲਣ ਤੇ ਚੰਗੀ ਕਾਰਗੁਜ਼ਾਰੀ ਵਾਲਿਆਂ ਨੁੰ ਟਿਕਟਾਂ ਨਾਲ ਨਿਵਾਜ਼ਣ ਪ੍ਰਤੀ ਸੰਜ਼ੀਦਾ ਹੈ ਤਾਂ ਇਸ ਨੂੰ ਘੱਟੋ ਘੱਟ ਆਪਣੇ 70 ਵਿਧਾਇਕ ਬਦਲਣੇ ਪੈਣਗੇ।
                   ਬਸਪਾ ਦੇ ਉਮੀਦਵਾਰ ਰਾਕੇਸ਼ ਕੁਮਾਰ ਮੇਜੋਤਰਾ ਦੇ ਹੱਕ ਵਿਚ ਵਿਸ਼ਾਲ ਰੈਲੀ ਨੁੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨਨੇ ਕਿਹਾ ਕਿ ਕਾਂਗਰਸ ਸਿਰਫ ਆਪਣੇ 22 ਵਿਧਾਇਕਾਂ ਸਿਰ ਦੋਸ਼ ਮੜ੍ਹ ਕੇ ਆਪਣੇ ਦਾਗ ਨਹੀਂ ਧੋ ਸਕਦੀ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਇਸ ਦੇ ਭੋਆ ਦੇ ਵਿਧਾਇਕ ਜੋਗਿੰਦਰ ਪਾਲ ਸਮੇਤ ਘੱਟ ਤੋਂ ਘੱਟ 70 ਵਿਧਾਇਕਾਂ ’ਤੇ ਲੋਕਾਂ ਤੋਂ ਪੈਸੇ ਇਕੱਠੇ ਕਰਨ ਅਤੇ ਸ਼ਰਾਬ ਤੇ ਰੇਤ ਮਾਫੀਆ ਚਲਾਉਣ ਦਾ ਦੋਸ਼ ਹੈ।ਉਹਨਾਂ ਕਿਹਾ ਕਿ ਉਹ ਕਾਂਗਰਸ ਦੀ ਸਰਕਾਰ ਵੇਲੇ ਹੋਏ ਭ੍ਰਿਸ਼ਟਾਚਾਰ ਦੀ ਜਾਂਚ ਲਈ ਕਮਿਸ਼ਨ ਗਠਿਤ ਕਰਨਗੇ ਤੇ ਭ੍ਰਿਸ਼ਟ ਵਿਧਾਇਕਾਂ ਤੇ ਲੋਕਾਂ ਦੇ ਖਿਲਾਫ ਝੂਠੇ ਕੇਸ ਦਰਜ਼ ਕਰਵਾਉਣ ਵਾਲਿਆਂ ਨੂੰ ਸਲਾਖਾਂ ਪਿੱਛੇ ਸੁੱਟਿਆ ਜਾਵੇ।ਉਹਨਾਂ ਕਿਹਾ ਕਿ ਇਹਨਾਂ ਇਲਾਕਿਆਂ ਵਿਚ ਰੋਜ਼ਗਾਰ ਦੇ ਵਿਸ਼ੇਸ਼ ਮੌਕੇ ਸਿਰਜ਼ੇ ਜਾਣਗੇ ਅਤੇ ਉਹ ਪਠਾਨਕੋਟ ਦੇ ਵਿਕਾਸ ਦੀ ਆਪ ਨਿੱਜੀ ਤੌਰ ’ਤੇ ਨਿਗਰਾਨੀ ਕਰਨਗੇ।
                   ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਦੱਸਿਆ ਕਿ ਕਿਵੇਂ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਸਿੱਖਿਆ ’ਤੇ ਧਿਆਨ ਕੇਂਦਰਿਤ ਕਰੇਗੀ ਅਤੇ ਹਰ ਬਲਾਕ ਵਿਚ ਮੈਗਾ ਸਕੂਲ ਖੋਲ੍ਹੇ ਜਾਣਗੇ।ਸਰਕਾਰ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਲਈ ਸਾਰੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵਿਚ 33 ਫੀਸਦੀ ਸੀਟਾਂ ਰਾਖਵੀਂਆਂ ਕਰੇਗੀ।ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਭਾਰਤ ਅਤੇ ਵਿਦੇਸ਼ਾਂ ਵਿਚ ਉਚੇਰੀ ਸਿੱਖਿਆ ਹਾਸਲ ਕਰਨ ਵਾਸਤੇ 10 ਲੱਖ ਰੁਪਏ ਦਾ ਵਿਆਜ਼ ਮੁਕਤ ਸਟੂਡੈਂਟ ਲੋਨ ਪ੍ਰਦਾਨ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਨੌਜਵਾਨ ਉਦਮੀਆਂ ਨੁੰ ਵਿਆਜ਼ ਮੁਕਤ 5 ਲੱਖ ਰੁਪਏ ਤੱਕ ਦਾ ਕਰਜ਼ਾ ਪ੍ਰਦਾਨ ਕੀਤਾ ਜਾਵੇਗਾ।
                   ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਇਥੇ ਤਾਰਾਗੜ੍ਹ ਕਸਬੇ ਵਿਚ ਯੂਥ ਅਕਾਲੀ ਦਲ ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਕਾਰਕੁੰਨਾਂ ਨੇ ਨਿੱਘਾ ਸਵਾਗਤ ਕੀਤਾ।ਉਹਨਾਂ ਨੇ ਹਲਕੇ ਦੇ ਦੌਰੇ ਦੌਰਾਨ ਵੱਖ ਵੱਖ ਗੁਰਦੁਆਰਾ ਸਾਹਿਬਾਨ ਤੇ ਮੰਦਿਰਾਂ ਵਿਚ ਮੱਥਾ ਵੀ ਟੇਕਿਆ।
                 ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਰਬਚਨ ਸਿੰਘ ਬੱਬੇਹਾਲੀ ਤੇ ਸਾਬਕਾ ਵਿਧਾਇਕ ਅਸ਼ੋਕ ਸ਼ਰਮਾ ਵੀ ਪਾਰਟੀ ਪ੍ਰਧਾਨ ਦੇ ਨਾਲ ਸਨ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …