Friday, April 24, 2026

ਪਿੰਡ ਬਧਾਨੀ ਦੀ ਉਦਮੀ ਮਹਿਲਾ ਕਿਸਾਨ ਸ਼੍ਰੀਮਤੀ ਨੀਨਾ ਹੋਰ ਮਹਿਲਾਵਾਂ ਲਈ ਬਣੀ ਪ੍ਰੇਰਣਾ

ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਵੇਚ ਕੇ ਪਰਿਵਾਰਕ ਆਮਦਨ ਵਿੱਚ ਕੀਤਾ ਵਾਧਾ

ਪਠਾਨਕੋਟ, 31 ਦਸੰਬਰ (ਪੰਜਾਬ ਪੋਸਟ ਬਿਊਰੋ) – “ਉਦਮ ਅੱਗੇ ਲਛਮੀ, ਪੱਖੇ ਅੱਗੇ ਪੌਣ“ ਅਖਾਣ ਨੂੰ ਸੱਚ ਕਰ ਦਿਖਾਇਆ ਹੈ, ਜ਼ਿਲਾ ਪਠਾਨਕੋਟ ਦੇ ਬਲਾਕ ਧਾਰ ਕਲਾਂ ਦੇ ਪਿੰਡ ਬਧਾਨੀ ਦੀ ਵਸਨੀਕ ਉਦਮੀ ਮਹਿਲਾ ਕਿਸਾਨ ਸ਼੍ਰੀਮਤੀ ਨੀਨਾ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ ਪਠਾਨਕੋਟ ਤੋਂ ਡਲਹੌਜੀ ਮੁੱਖ ਮਾਰਗ ‘ਤੇ ਸਥਿਤ ਬਧਾਨੀ ਪਿੰਡ ਵਿੱਚ ਸਾਈਂ ਕਾਲਜ ਦੇ ਸਾਹਮਣੇ ਈ ਕਾਰਟ ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਕੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਰਿਵਾਰਕ ਆਮਦਨ ਵਿਚ ਵਾਧਾ ਕਰਕੇ ਹੋਰਨਾਂ ਔਰਤਾਂ ਲਈ ਰਾਹ ਦਸੇਰਾ ਦਾ ਕੰਮ ਕਰ ਰਹੀ ਹੈ।
                   ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਹੋਰਨਾਂ ਵਿਭਾਗਾਂ ਵਲੋਂ ਵੱਖ ਵੱਖ ਕਿਸਾਨ ਜਾਗਰੂਕ ਕੈਂਪਾਂ ਵਿਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੂੰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਕਿੱਤੇ ਅਪਣਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਤਾਂ ਜੋ ਕਿਸਾਨ ਆਪਣੀ ਖੇਤੀ ਆਮਦਨ ਵਿਚ ਵਾਧਾ ਕਰ ਸਕਣ।
                   ਸ਼੍ਰੀਮਤੀ ਨੀਨਾ ਅਤੇ ਉਨ੍ਹਾਂ ਦੇ ਸਮੂਹ ਦੀਆਂ ਮੈਂਬਰ ਮਹਿਲਾਵਾਂ ਖੇਤੀਬਾੜੀ ਨਾਲ ਸੰਬੰਧਤ ਵਿਭਾਗਾਂ ਜਿਵੇਂ ਜੰਗਲਾਤ, ਕ੍ਰਿਸ਼ੀ ਵਿਗਿਆਨ ਕੇਂਦਰ, ਬਾਗਬਾਨੀ ਵਿਭਾਗ ਵਲੋਂ ਕਰਵਾਏ ਜਾਂਦੇ ਸਿਖਲਾਈ ਪ੍ਰੋਗਰਾਮਾਂ ਅਤੇ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਹੁੰਦੀਆਂ ਰਹਿੰਦੀਆਂ ਹਨ।ਉਨ੍ਹਾਂ ਵਲੋਂ ਫਲਾਂ, ਸਬਜ਼ੀਆਂ, ਨੀਮ ਪਹਾੜੀ ਇਲਾਕੇ ਵਿੱਚ ਉਪਲੱਬਧ ਜੜੀ ਬੂਟੀਆਂ ਦੀ ਪ੍ਰੋਸੈਸਿੰਗ ਅਤੇ ਉਨ੍ਹਾਂ ਦੀ ਕੀਮਤ ਵਿਚ ਵਾਧੇ ਨਾਲ ਸੰਬੰਧਤ ਅਚਾਰ, ਚਟਨੀਆਂ, ਸੇਵੀਆਂ, ਚਾਹ ਮਸਾਲਾ, ਅੰਬ ਚੁਰਾ, ਅੰਬ ਪਾਪੜ, ਵੜੀਆਂ ਆਦਿ ਤਿਆਰ ਕੀਤੇ ਜਾਂਦੇ ਹਨ ਅਤੇ ਮਿਆਰ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ।ਇਸ ਕੰਮ ਲਈ ਪੰਜਾਬ ਸਰਕਾਰ ਵਲੋਂ ਪੇਂਡੂ ਅੱਜੀਵਕਾ ਮਿਸ਼ਨ ਤਹਿਤ ਈ ਕਾਰਟ ਸਬਸਿਡੀ ‘ਤੇ ਦਿੱਤਾ ਗਿਆ ਹੈ ਤਾਂ ਜੋ ਉਹ ਤਿਆਰ ਕੀਤੇ ਉਤਪਾਦਾਂ ਨੂੰ ਪਠਾਨਕੋਟ ਸ਼ਹਿਰ ਵਿਚ ਵੇਚ ਸਕਣ।ਸ਼੍ਰੀਮਤੀ ਨੀਨਾ ਨੇ ਆਪਣੇ ਪਿੰਡ ਦੀਆਂ ਮਹਿਲਾਵਾਂ ਨਾਲ ਮਿਲ ਕੇ ਸਵੈ ਸਹਾਇਤਾ ਸਮੂਹ ਬਣਾਇਆ ਹੋਇਆ ਹੈ। ਉਨਾਂ ਦੀ ਵਿਕਰੀ ਵੀ ਸ਼੍ਰੀਮਤੀ ਨੀਨਾ ਵਲੋਂ ਕੀਤੀ ਜਾਂਦੀ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …