ਨਵੇਂ ਸਾਲ ਮੌਕੇ ਅਰਵਿੰਦ ਕੇਜਰੀਵਾਲ ਭਗਵਾਨ ਵਾਲਮੀਕਿ ਤੀਰਥ ਸਥਾਨ ’ਤੇ ਹੋਏ ਨਤਮਸਤਕ
ਅੰਮ੍ਰਿਤਸਰ, 1 ਜਨਵਰੀ 2022 (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ
ਕਿਹਾ, ‘‘ਭਗਵਾਨ ਵਾਲਮੀਕਿ ਤੀਰਥ ਸਥਾਨ (ਸ੍ਰੀ ਅੰਮਿ੍ਰਤਸਰ) ਵਾਲਮੀਕਿ ਸਮਾਜ ਦਾ ਹੈ ਅਤੇ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ’ਤੇ ਇਸ ਪਵਿੱਤਰ ਸਥਾਨ ਦਾ ਪ੍ਰਬੰਧ ਵਾਲਮੀਕਿ ਸਮਾਜ ਦੇ ਹਵਾਲੇ ਕੀਤਾ ਜਾਵੇਗਾ, ਤਾਂ ਜੋ ਪੂਰੀ ਰਹਿਤ ਮਰਿਆਦਾ ਮੁਤਾਬਕ ਇਸ ਇਤਿਹਾਸਕ ਸਥਾਨ ਦੀ ਸੇਵਾ ਸੰਭਾਲ ਹੋ ਸਕੇ। ਕੇਜਰੀਵਾਲ ਨੇ ਨਾਲ ਹੀ ਕਿਹਾ ਕਿ ਐਸ.ਸੀ ਵਰਗ ਦੇ ਬੱਚਿਆਂ ਲਈ ਚੰਗੀ ਸਿੱਖਿਆ ਦਾ ਪ੍ਰਬੰਧ, ਕੱਚੇ ਸਫ਼ਾਈ ਮੁਲਾਜ਼ਮਾਂ ਨੂੰ ਪੱਕਾ ਕਰਨ ਅਤੇ ਸੀਵਰੇਜ਼ ਸਾਫ਼ ਕਰਨ ਵਾਲਿਆਂ ਨੂੰ ਅਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ।’’ ਇਹ ਐਲਾਨ ਅਰਵਿੰਦ ਕੇਜਰੀਵਾਲ ਨੇ ਨਵੇਂ ਸਾਲ ਦੇ ਪਹਿਲੇ ਦਿਨ ਭਗਵਾਨ ਵਾਲਮੀਕਿ ਤੀਰਥ ਸਥਾਨ ’ਤੇ ਮੱਥੇ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤੇ।ਕੇਜਰੀਵਾਲ ਨੇ ਮਾਤਾ ਵੈਸ਼ਨੂੰ ਦੇਵੀ ਮੰਦਰ ਵਿੱਚ ਵਾਪਰੀ ਦੁੱਖਦਾਈ ਘਟਨਾ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਮਿ੍ਰਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਜ਼ਖ਼ਮੀਆਂ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ।‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ਼ ਤੇ ਦਿੱਲੀ ਤੋਂ ਵਿਧਾਇਕ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ ‘ਆਪ’ ਸੁਪਰੀਮੋਂ ਦੇ ਨਾਲ ਸਨ।
ਕੇਜਰੀਵਾਲ ਸ਼ਨੀਵਾਰ ਨੂੰ ਭਗਵਾਨ ਵਾਲਮੀਕਿ ਤੀਰਥ ਸਥਾਨ ਸ੍ਰੀ ਅੰਮਿ੍ਰਤਸਰ ਪਹੰੁਚੇ ਸਨ।ਉਨਾਂ ਭਗਵਾਨ ਵਾਲਮੀਕਿ ਜੀ ਦੀ ਮੂਰਤੀ ’ਤੇ ਮੱਥਾ ਟੇਕ ਕੇ ਅਸ਼ੀਰਵਾਦ ਲਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਭਗਵਾਨ ਵਾਲਮੀਕਿ ਜੀ ਨੇ ਮਾਤਾ ਸੀਤਾ ਨੂੰ ਪੁੱਤਰੀ ਦੀ ਤਰਾਂ ਇੱਥੇ ਰੱਖਿਆ ਸੀ ਅਤੇ ਲਵ- ਕੁਸ਼ ਦਾ ਜਨਮ ਹੋਇਆ।ਭਗਵਾਨ ਵਾਲਮੀਕਿ ਜੀ ਨੇ ਲਵ-ਕੁਸ਼ ਨੂੰ ਚੰਗੀ ਸਿੱਖਿਆ ਦਿੱਤੀ ਸੀ।ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਵੀ ਹਰ ਇੱਕ ਬੱਚੇ ਨੂੰ ਚੰਗੀ ਸਿੱਖਿਆ ਦੇਣ ’ਤੇ ਜ਼ੋਰ ਦਿੰਦੇ ਸਨ।ਆਮ ਆਦਮੀ ਪਾਰਟੀ ਬਾਬਾ ਸਾਹਿਬ ਦਾ ਇਹ ਸੁਫ਼ਨਾ ਪੂਰਾ ਕਰੇਗੀ।’’
ਕੇਜਰੀਵਾਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਐਸ.ਸੀ ਵਰਗ ਦੇ ਇੱਕ-ਇੱਕ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦੇਣ ਦੀ ਗਰੰਟੀ ਮੇਰੀ ਹੈ।ਜਿਹੋ-ਜਿਹੀ ਸਿੱਖਿਆ ਅਮੀਰਾਂ ਦੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਮਿਲਦੀ ਹੈ, ਉਹੋ ਜਿਹੀ ਸਿੱਖਿਆ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਰ ਬੱਚੇ ਨੂੰ ਦਿੱਤੀ ਜਾਵੇਗੀ।
ਵਾਲਮੀਕਿ ਸੰਤ ਸਮਾਜ ਦੀ ਮੰਗ ਨੂੰ ਮੰਨਦਿਆਂ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਭਗਵਾਨ ਵਾਲਮੀਕਿ ਤੀਰਥ ਸਥਾਨ ਦੇ ਪ੍ਰਬੰਧ ਲਈ ਬਣਾਇਆ ਗਿਆ ਸਰਕਾਰੀ ਸ਼ਰਾਇਨ ਬੋਰਡ ਭੰਗ ਕੀਤਾ ਜਾਵੇਗਾ ਅਤੇ ਇਸ ਸਥਾਨ ਦਾ ਪ੍ਰਬੰਧ ਸਮਾਜ ਦੀ ਕਮੇਟੀ ਹਵਾਲੇ ਕੀਤੇ ਜਾਵੇਗਾ।
ਪੰਜਾਬ ਦੇ ਸਫ਼ਾਈ ਕਰਮਚਾਰੀਆਂ ਬਾਰੇ ਐਲਾਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸੂਬੇ ਦੇ ਸਫ਼ਾਈ ਕਰਮਚਾਰੀ ਕਠਿਨ ਪ੍ਰਸਥਿਤੀਆਂ ਵਿੱਚ ਕੰਮ ਕਰਦੇ ਹਨ ਅਤੇ ਉਨਾਂ ਦੀ ਨੌਕਰੀ ਵੀ ਕੱਚੀ ਹੈ।ਠੇਕੇਦਾਰ ਉਨਾਂ ਨੂੰ ਲੁੱਟਦੇ ਹਨ, ਪਰ ‘ਆਪ’ ਦੀ ਸਰਕਾਰ ਬਣਨ ’ਤੇ ਸਾਰੇ ਕੱਚੇ ਸਫ਼ਾਈ ਕਰਮਚਾਰੀਆਂ ਨੂੰ ਪੱਕਾ (ਰੈਗੂਲਰ) ਕੀਤਾ ਜਾਵੇਗਾ।ਉਨਾਂ ਐਲਾਨ ਕੀਤਾ ਕਿ ਗੰਦੇ ਨਾਲਿਆਂ (ਸੀਵਰੇਜ਼) ਦੀ ਸਫ਼ਾਈ ਕਰਦਿਆਂ ਕਈ ਵਾਰ ਸਫ਼ਾਈ ਕਰਮਚਾਰੀਆਂ ਦੀ ਮੌਤ ਹੋ ਜਾਂਦੀ ਹੈ। ਅਜਿੀਆਂ ਦੁਰਘਟਨਾਵਾਂ ਨੂੰ ਰੋਕਣ ਲਈ ‘ਆਪ’ ਦੀ ਪੰਜਾਬ ਸਰਕਾਰ ਸਫ਼ਾਈ ਕਰਮਚਾਰੀਆਂ ਲਈ ਅਧੁਨਿਕ ਸਫ਼ਾਈ ਮਸ਼ੀਨਾਂ ਦਾ ਪ੍ਰਬੰਧ ਕਰੇਗੀ।ਇਸ ਨਾਲ ਜਿੱਥੇ ਗੰਦੇ ਨਾਲਿਆਂ ਦੀ ਸਫ਼ਾਈ ਕਰਨ ਵਿੱਚ ਅਸਾਨੀ ਹੋਵੇਗੀ, ਉਥੇ ਹੀ ਸਫ਼ਾਈ ਕਰਮਚਾਰੀ ਆਪਣਾ ਬਿਜਨੈਸ਼ ਸ਼ੁਰੂ ਕਰ ਸਕਣਗੇ ਅਤੇ ਉਨਾਂ ਨੂੰ ਇੱਜਤ ਤੇ ਬਰਾਬਰੀ ਦਾ ਹੱਕ ਮਿਲੇਗਾ।
ਇਸ ਮੌਕੇ ਦਿੱਲੀ ਤੋਂ ਵਿਧਾਇਕ ਅਜੈ ਦੱਤ, ਜੀਵਨਜੋਤ ਕੌਰ, ਕੁਲਦੀਪ ਸਿੰਘ ਧਾਲੀਵਾਲ, ਹਰਭਜਨ ਸਿੰਘ ਈ.ਟੀ.ਓ, ਬਲਦੇਵ ਸਿੰਘ ਮਿਆਦੀਆਂ, ਓਮ ਪ੍ਰਕਾਸ਼ ਗੱਬਰ, ਡਾ. ਜਸਵੀਰ ਸਿੰਘ ਸੰਧੂ ਵੀ ਮੌਜ਼ੂਦ ਸਨ।
Punjab Post Daily Online Newspaper & Print Media