14 ਲੱਖ ਦੇ ਕਰੀਬ ਬੱਚਿਆਂ ਨੂੰ ਲੱਗੇਗੀ ਕਰੋਨਾ ਵੈਕਸੀਨ – ਸੋਨੀ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਉਪ ਮੁੱਖ ਮੰਤਰੀ ਓ.ਪੀ ਸੋਨੀ ਨੇ ਪੰਜਾਬ ਦੇ 15 ਤੋਂ 18 ਸਾਲ ਦੇ ਵਿਚਕਾਰ ਉਮਰ ਦੇ ਬੱਚਿਆਂ ਨੂੰ ਕੋਰੋਨਾ ਤੋਂ ਬਚਾਉਣ
ਲਈ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰਦੇ ਸਾਰੇ ਬੱਚਿਆਂ ਦੇ ਮਾਤਾ-ਪਿਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਰੋਨਾ ਦੀ ਆ ਰਹੀ ਤੀਸਰੀ ਲਹਿਰ ਤੋਂ ਆਪਣੇ ਬੱਚਿਆਂ ਨੂੰ ਬਚਾਉਣ ਲਈ ਵੈਕਸੀਨ ਜ਼ਰੂਰ ਲਗਾਉਣ।ਸਿਵਲ ਹਸਪਤਾਲ ਵਿਖੇ ਇਸ ਸਬੰਧੀ ਕਰਵਾਏ ਸੰਖੇਪ ਸਮਾਗਮ ਨੂੰ ਸੰਬੋਧਨ ਕਰਦੇ ਸੋਨੀ ਨੇ ਕਿਹਾ ਕਿ ਪੰਜਾਬ ਵਿਚ 14 ਲੱਖ ਦੇ ਕਰੀਬ ਬੱਚੇ 15 ਤੋਂ 18 ਸਾਲ ਉਮਰ ਵਰਗ ਵਿਚ ਆਉਂਦੇ ਹਨ, ਜਿੰਨਾ ਨੂੰ ਵੈਕਸੀਨ ਲਗਾਉਣ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।ਉਨਾਂ ਕਿਹਾ ਕਿ ਭਾਵੇਂ ਪੰਜਾਬ ਸਰਕਾਰ ਕਰੋਨਾ ਨਾਲ ਲੜਨ ਲਈ ਹਰ ਤਰਾਂ ਦੇ ਟਾਕਰੇ ਲਈ ਤਿਆਰ ਹੈ, ਪਰ ਸਾਨੂੰ ਸਾਰਿਆਂ ਨੂੰ ਇਸ ਲਈ ਕਾਰਗਰ ਹਥਿਆਰ, ਜੋ ਕਿ ਵੈਕਸੀਨ ਹੀ ਹੈ, ਨੂੰ ਲਗਾਉਣਾ ਚਾਹੀਦਾ ਹੈ। ਉਨਾਂ ਅੰਮਿ੍ਰਤਸਰ ਦੀ ਗੱਲ ਕਰਦੇ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ 1 ਲੱਖ 12 ਹਜ਼ਾਰ ਬੱਚੇ ਇਸ ਵਰਗ ਵਿਚ ਆਉਂਦੇ ਹਨ, ਜਿੰਨਾ ਨੂੰ ਇਹ ਟੀਕਾ ਲਗਾਇਆ ਜਾਣਾ ਹੈ।
ਉਨਾਂ ਇਸ ਵੈਕਸੀਨ ਦੇ ਕੰਮ ‘ਚ ਲੱਗੇ ਸਟਾਫ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਤੁਹਾਡੇ ਸਾਰਿਆਂ ਦੀ ਕੋਸ਼ਿਸ਼ ਨਾਲ ਅਸੀਂ ਜਿਲ੍ਹੇ ਵਿੱਚ 85 ਫੀਸਦੀ ਯੋਗ ਅਬਾਦੀ ਨੂੰ ਕੋਰਨਾ ਦੇ ਟੀਕੇ ਦੀ ਪਹਿਲੀ ਡੋਜ਼ ਲਗਾਈ ਹੈ ਅਤੇ 45 ਫੀਸਦੀ ਦੇ ਕਰੀਬ ਨੂੰ ਦੂਸਰੀ ਡੋਜ਼ ਲਗਾ ਕੇ ਕਰੋਨਾ ਵਿਰੁੱਧ ਲੜਨ ਲਈ ਤਿਆਰ ਕਰ ਲਿਆ ਹੈ।ਉਨਾਂ ਕਿਹਾ ਕਿ ਹੁਣ ਤਹਾਨੂੰ ਨੌਜਵਾਨ ਬੱਚਿਆਂ ਨੂੰ ਟੀਕੇ ਲਗਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।ਸੋਨੀ ਨੇ ਟੀਕਾਕਰਨ ਲਗਾਉਣ ਤੋਂ ਵਾਂਝੇ ਰਹਿ ਗਏ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਰੋਨਾ ਤੋਂ ਆਪਣੇ ਆਪ ਨੂੰ ਬਚਾਉਣ ਲਈ ਇਸ ਦੀ ਵੈਕਸੀਨ ਜ਼ਰੂਰ ਲਗਾਉਣ, ਕਿਉਂਕਿ ਵਿਸ਼ਵ ਭਰ ਵਿਚ ਹੋਈ ਖੋਜ ਇਹ ਸਿੱਧ ਕਰਦੀ ਹੈ ਕਿ ਜਿੰਨਾ ਲੋਕਾਂ ਨੇ ਇਹ ਟੀਕੇ ਲਗਵਾਏ ਹਨ, ਉਨਾਂ ‘ਤੇ ਕਰੋਨਾ ਨੇ ਬਹੁਤਾ ਅਸਰ ਨਹੀਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ, ਐਮ.ਡੀ ਸਿਹਤ ਕਾਰਪੋਰੇਸ਼ਨ ਭੁਪਿੰਦਰ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਜੀ.ਬੀ ਸਿੰਘ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media