15 ਜਨਵਰੀ ਤੱਕ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਤੇ ਕੋਚਿੰਗ ਸੰਸਥਾਨ ਰਹਿਣਗੇ ਬੰਦ
ਅੰਮ੍ਰਿਤਸਰ, 4 ਜਨਵਰੀ (ਸੁਖਬੀਰ ਸਿੰਘ) – ਕੋਵਿਡ ਦੇ ਵਧ ਰਹੇ ਖਤਰੇ ਦੇ ਮੱਦੇਨਜ਼ਰ ਜਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਇਕ ਵਿਸ਼ੇਸ਼ ਹੁਕਮ ਜਾਰੀ
ਕਰਕੇ ਜਿਲ੍ਹੇ ਅੰਦਰ ਪਾਬੰਦੀਆਂ ਲਾਗੂ ਕੀਤੀਆਂ ਹਨ।ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਜਨਤਕ ਅਤੇ ਕੰਮ ਦੀਆਂ ਥਾਂਵਾਂ ਤੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ।ਇਸੇ ਤਰਾਂ ਜਨਤਕ ਥਾਵਾਂ ‘ਤੇ ਸਮਾਜਿਕ 6 ਫੁੱਟ ਦੀ ਦੂਰੀ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਇਸ ਸਬੰਧੀ ਪ੍ਰੈ੍ਰਸ ਕਾਨਫਰੰਸ ਕਰਦੇ ਹੋਏ ਖਹਿਰਾ ਨੇ ਦੱਸਿਆ ਕਿ ਧਾਰਾ 144 ਤਹਿਤ ਜਾਰੀ ਇੰਨ੍ਹਾਂ ਹੁਕਮਾਂ ਅਨੁਸਾਰ ਗੈਰ ਜਰੂਰੀ ਆਵਾਜਾਈ ‘ਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿੱਚ ਰਾਤ ਦਾ ਕਰਿਫਊ ਰਹੇਗਾ।ਹਾਲਾਂਕਿ ਜਰੂਰੀ ਗਤੀਵਿਧੀਆਂ, ਸਮਾਨ ਦੀ ਢੋਆ ਢੁਆਈ, ਸਰਕਾਰੀ ਕੰਮਕਾਜ ਆਦਿ ਦੀ ਆਗਿਆ ਹੋਵੇਗੀ।ਇਸੇ ਤਰਾਂ ਹਵਾਈ ਜਹਾਜ, ਰੇਲ ਅਤੇ ਬੱਸ ਤੋਂ ਉਤਰ ਕੇ ਆਪਣੇ ਘਰ ਜਾਣ ਦੀ ਆਗਿਆ ਵੀ ਇਸ ਸਮੇਂ ਦੌਰਾਨ ਹੋਵੇਗੀ।
ਸਕੂਲ, ਕਾਲਜ, ਯੁਨੀਵਰਸਿਟੀਆਂ ਕੋਚਿੰਗ ਸੰਸਥਾਨ ਆਦਿ ਨੂੰ ਵੀ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਹੈ ਜਦ ਕਿ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ।
ਇਸੇ ਤਰਾਂ ਸਾਰੇ ਬਾਰ, ਸਿਨੇਮਾ, ਮਲਟੀਪਲੈਕਸ, ਸਪਾ, ਮਿਊਜੀਅਮ, ਮਾਲ, ਰੈਸਟੋਰੈਂਟ ਨੂੰ 50 ਫੀਸਦੀ ਸਮੱਰਥਾ ਨਾਲ ਹੀ ਖੋਲਣ ਦੀ ਆਗਿਆ ਹੋਵੇਗੀ ਬਸ਼ਰਤੇ ਸਾਰਾ ਸਟਾਫ ਪੂਰੀ ਤਰਾਂ ਵੈਕਸੀਨੇਟਡ ਹੋਵੇ।ਰਾਸ਼ਟਰੀ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੀਆਂ ਤਿਆਰੀ ਕਰ ਰਹੇ ਖਿਡਾਰੀਆਂ ਤੋਂ ਬਿਨ੍ਹਾਂ ਹੋਰ ਸਭ ਲਈ ਸਪੋਰਟਸ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿੰਮ ਵੀ ਬੰਦ ਰਹਿਣਗੇ ਤੇ ਦਰਸ਼ਕਾਂ ਤੇ ਵੀ ਰੋਕ ਰਹੇਗੀ।ਏ.ਸੀ ਬੱਸਾਂ 50 ਫੀਸਦੀ ਸਮੱਰਥਾ ਨਾਲ ਹੀ ਚੱਲ ਸਕਣਗੀਆਂ।ਸਰਕਾਰੀ ਪ੍ਰਾਈਵੇਟ ਦਫਤਰਾਂ, ਉਦਯੋਗਾਂ, ਕੰਮਕਾਜੀ ਥਾਂਵਾਂ ਤੇ ਪੂਰੀ ਤਰਾਂ ਵੈਕਸੀਨੇਟਡ ਸਟਾਫ ਨੂੰ ਆਉਣ ਦੀ ਆਗਿਆ ਦਿੱਤੀ ਜਾਵੇਗੀ।ਖਹਿਰਾ ਨੇ ਦੱਸਿਆ ਕਿ 500 ਤੋਂ ਵੱਧ ਇਨਡੋਰ ਅਤੇ 700 ਤੋਂ ਵੱਧ ਆਉਟਡੋਰ ਵਿਅਕਤੀਆਂ ਨੂੰ ਇਕੱਠਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਦੀ ਸੀਮਾ ਰੇਖਾ 50 ਫੀਸਦੀ ਨਿਸ਼ਚਤ ਕੀਤੀ ਗਈ ਹੈ।ਜਨਤਕ ਥਾਵਾਂ ‘ਤੇ ਕੇਵਲ ਉਨ੍ਹਾਂ ਵਿਅਕਤੀਆਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ, ਜਿੰਨਾਂ ਨੇ ਵੈਕਸੀਨ ਦੀਆਂ ਦੋਵੇਂ ਡੋਜ ਲਵਾਈਆਂ ਹੋਣਗੀਆਂ।ਹਰੇਕ ਵਿਅਕਤੀ ਨੂੰ ਆਪਣੇ ਕੋਲ ਦੂਜੀ ਡੋਜ਼ ਦੇ ਸਰਟੀਫਿਕੇਟ ਦੀ ਹਾਰਡ ਜਾਂ ਸਾਫਟ ਕਾਪੀ ਰੱਖਣੀ ਲਾਜ਼ਮੀ ਹੋਵੇਗੀ।ਇਸੇ ਤਰਾਂ ਸਰਕਾਰੀ ਜਾਂ ਪ੍ਰਾਈਵੇਟ ਅਦਾਰਿਆਂ ਤੋਂ ਕੋਈ ਵੀ ਸੇਵਾ ਉਸੇ ਵਿਅਕਤੀ ਨੂੰ ਮਿਲੇਗੀ ਜਿਸ ਨੇ ਮਾਸਕ ਪਾਇਆ ਹੋਵੇਗਾ।ਬਾਕੀ ਸਾਰੇ ਵਿਭਾਗ ਵੀ ਕੋਵਿਡ ਪ੍ਰੋਟੋਕਾਲ ਦੀ ਸਖਤੀ ਨਾਲ ਲਾਗੂ ਕਰਨਾ ਯਕੀਨੀ ਬਣਾਉਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਵਾਉਣ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।ਪਹਿਲੇ ਦੋ-ਤਿੰਨ ਦਿਨ ਕੋਵਿਡ ਦੀਆਂ ਹਦਾਇਤਾਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਇਸ ਉਪਰੰਤ ਮਾਸਕ ਨਾ ਪਾਉਣ ਵਾਲੇ ਜਾਂ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਧਾਰਾ 188 ਅਧੀਨ ਕਾਰਵਾਈ ਕੀਤੀ ਜਾਵੇਗੀ।ਡਾ: ਗਿੱਲ ਨੇ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੀ ਤੀਜ਼ੀ ਲਹਿਰ ਤੋਂ ਬਚਣ ਲਈ ਵੈਕਸੀਨ ਦੀਆਂ ਦੋਵੇਂ ਡੋਜ਼ਾਂ ਜਰੂਰ ਲਗਵਾਉਣ।
ਇਹ ਹੁਕਮ 15 ਜਨਵਰੀ 2022 ਤੱਕ ਲਾਗੂ ਰਹਿਣਗੇ ਅਤੇ ਹੁਕਮਾਂ ਦੀ ਉਲੰਘਣਾ ਕਰਨ ਤੇ ਸਖਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
Punjab Post Daily Online Newspaper & Print Media