Sunday, April 5, 2026

ਸ਼ਹੀਦ ਵਰਿੰਦਰ ਸਿੰਘ ਨਮਿਤ ਅਰਦਾਸ ਸਮਾਗਮ ਮੌਕੇ ਸ਼ਰਧਾਂਜਲੀਆਂ ਭੇਟ

ਬੀਬੀ ਰਾਜਿੰਦਰ ਕੌਰ ਭੱਠਲ ਨੇ ਸ਼ਹੀਦ ਦੇ ਪਰਿਵਾਰ ਨੂੰ ਸੌਂਪਿਆ 5 ਲੱਖ ਦਾ ਚੈਕ

ਸੰਗਰੂਰ, 8 ਜਨਵਰੀ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਛੱਤੀਸਗੜ੍ਹ ਦੇ ਜਿਲ੍ਹਾ ਸੁਕਮਾ ਵਿੱਚ ਨਕਸਲਬਾੜੀ ਮੁੱਠਭੇੜ ਦੌਰਾਨ ਸ਼ਹਾਦਤ ਦਾ ਜਾਮ ਪੀਣ ਵਾਲੇ ਸੀ.ਆਰ.ਪੀ.ਐਫ ਦੀ ਕੋਬਰਾ 208 ਬਟਾਲੀਅਨ ਦੇ ਜਾਂਬਾਜ਼ ਕਾਂਸਟੇਬਲ ਵਰਿੰਦਰ ਸਿੰਘ ਨਮਿਤ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਨਾਜ ਮੰਡੀ ਲਹਿਰਾਗਾਗਾ ਵਿਖੇ ਪਾਇਆ ਗਿਆ।
                ਇਸ ਉਪਰੰਤ ਸ਼ਹੀਦ ਨਮਿਤ ਅੰਤਿਮ ਅਰਦਾਸ ਮੌਕੇ ਵੱਖ-ਵੱਖ ਸ਼ਖਸੀਅਤਾਂ ਤੇ ਸਥਾਨਕ ਨਿਵਾਸੀਆਂ ਨੇ ਸ਼ਹੀਦ ਨੂੰ ਨਿੱਘੀ ਸ਼ਰਧਾਂਜਲੀ ਭੇਟ ਕੀਤੀ।ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਰਾਜ ਯੋਜਨਾ ਬੋਰਡ ਦੇ ਵਾਈਸ ਚੇਅਰਪਰਸਨ ਬੀਬੀ ਰਜਿੰਦਰ ਕੌਰ ਭੱਠਲ ਨੇ ਪੰਜਾਬ ਸਰਕਾਰ ਦੀ ਤਰਫੋਂ ਸ਼ਾਮਲ ਹੁੰਦਿਆਂ ਸ਼ਹੀਦ ਦੇ ਪਰਿਵਾਰ ਨੂੰ ਐਕਸ ਗਰੇਸ਼ੀਆ ਮੁਆਵਜ਼ੇ ਵਜੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਸੌਂਪਿਆ।
             ਉਨ੍ਹਾਂ ਨੇ ਸ਼ਹੀਦ ਦੇ ਮਾਤਾ ਪਿਤਾ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼ਹੀਦ ਦਾ ਪਰਿਵਾਰ ਸਰਕਾਰ ਦਾ ਪਰਿਵਾਰ ਹੈ ਅਤੇ ਭਵਿੱਖ ਵਿੱਚ ਵੀ ਪਰਿਵਾਰ ਦੀ ਹਰੇਕ ਪਖੋਂ ਮਦਦ ਕੀਤੀ ਜਾਵੇਗੀ।ਉਨ੍ਹਾਂ ਕਿਹਾ ਕਿ ਸ਼ਹੀਦ ਵਰਿੰਦਰ ਸਿੰਘ ਨੇ ਛੋਟੀ ਉਮਰੇ ਹੀ ਦੇਸ਼ ਦੀ ਰਾਖੀ ਲਈ ਆਪਣੀ ਜਾਨ ਵਾਰ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਜਿਸ ਨਾਲ ਸਾਰਿਆਂ ਦਾ ਸਿਰ ਫ਼ਖ਼ਰ ਨਾਲ ਉਚਾ ਹੋਇਆ ਹੈ।
                     ਜ਼ਿਕਰਯੋਗ ਹੈ ਕਿ ਸ਼ਹੀਦ ਕਾਂਸਟੇਬਲ ਵਰਿੰਦਰ ਸਿੰਘ 2017 ‘ਚ ਸੀ.ਆਰ.ਪੀ.ਐਫ ਵਿੱਚ ਭਰਤੀ ਹੋਏ ਸਨ।ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸ਼ਹੀਦ ਵਰਿੰਦਰ ਸਿੰਘ ਦੇ ਪਰਿਵਾਰ ਲਈ 50 ਲੱਖ ਰੁਪਏ ਐਕਸ ਗ੍ਰੇਸ਼ੀਆ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਸੀ।ਜਿਸ ਵਿੱਚੋਂ 5 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਅੱਜ ਸ਼ਹੀਦ ਦੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ ਅਤੇ 45 ਲੱਖ ਰੁਪਏ ਸਮੇਤ ਹੋਰ ਐਲਾਨ ਜਲਦੀ ਤੋਂ ਜਲਦੀ ਪੂਰੇ ਕਰਨ ਲਈ ਦਸਤਾਵੇਜ਼ੀ ਕਾਰਵਾਈ ਜਾਰੀ ਹੈ।
ਇਸ ਮੌਕੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੋਂਗੋਵਾਲ, ਐਸ.ਡੀ.ਐਮ ਸ਼੍ਰੀਮਤੀ ਨਵਰੀਤ ਕੌਰ ਸੇਖੋਂ, ਡੀ.ਐਸ.ਪੀ ਮਨੋਜ ਗੋਰਸੀ, ਜਿਲ੍ਹਾ ਸੈਨਿਕ ਵੈਲਫੇਅਰ ਵਿਭਾਗ ਵਲੋਂ ਹਰਜੀਤ ਸਿੰਘ ਸਮੇਤ ਹੋਰ ਸ਼ਖਸ਼ੀਅਤਾਂ ਨੇ ਵੀ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਅਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …