ਸੰਗਰੂਰ, 16 ਜਨਵਰੀ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੀ ਮੀਟਿੰਗ ਜ਼ੋਨ ਜਥੇਬੰਦਕ ਮੁੱਖੀ ਮਾਸਟਰ ਪਰਮ ਵੇਦ ਤੇ
ਇਕਾਈ ਮੁੱਖੀ ਸੁਰਿੰਦਰਪਾਲ ਉਪਲੀ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਰਕਸ਼ੀਲ ਆਗੂ ਚਰਨ ਕਮਲ ਸਿੰਘ ਤੇ ਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਚੇਤਨਾ ਪਰਖ ਪ੍ਰੀਖਿਆ ਸਰਗਰਮੀਆਂ ਦੀ ਸਮੀਖਿਆ ਮੁੱਖ ਏਜੰਡਾ ਸਨ।ਸੂਬਾ ਕਮੇਟੀ ਵਲੋਂ ਚੇਤਨਾ ਪਰਖ ਪ੍ਰੀਖਿਆ ਦੀ ਦੁਬਾਰਾ ਮਿਤੀ ਸਕੂਲ ਖੁੱਲਣ ਤੋਂ ਬਾਅਦ ਹੀ ਨਿਯਤ ਕੀਤੀ ਜਾਵੇਗੀ।ਸੰਗਰੂਰ ਇਕਾਈ ਵਲੋਂ ਪਹਿਲਾਂ 7 ਪ੍ਰੀਖਿਆ ਕੇਂਦਰ ਬਣਾਏ ਗਏ ਹਨ।ਪਰ ਪ੍ਰੀਖਿਆਰਥੀਆਂ ਦੀ ਗਿਣਤੀ ਵਧਣ ਕਰਕੇ ਅੱਜ 8ਵਾਂ ਪ੍ਰੀਖਿਆ ਕੇਂਦਰ ਬਡਰੁੱਖਾਂ ਸਕੂਲ ਵਿੱਚ ਬਣਾਉਣ ਦਾ ਫੈਸਲਾ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਸੰਗਰੂਰ ਇਕਾਈ 1665 ਪ੍ਰੀਖਿਆਰਥੀਆਂ ਨੂੰ ਹੁਣ ਤੱਕ ਰਜਿਸਟਰਡ ਕਰ ਚੁੱਕੀ ਹੈ।
ਮਾਸਟਰ ਪਰਮ ਵੇਦ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੇਂ ਸਾਲ ਦੇ ਪਹਿਲੇ ਮਹੀਨੇ ਤਰਕਸ਼ੀਲ ਮੈਗਜ਼ੀਨ ਦੀ ਗਿਣਤੀ ਵਧਾਉਣ ਦਾ ਫੈਸਲਾ ਵੀ ਕੀਤਾ ਗਿਆ।ਤਰਕਸ਼ੀਲ ਮੀਟਿੰਗਾਂ ਤੇ ਵਿਗਿਆਨਕ ਵਿਚਾਰਾਂ ਦੇ ਪ੍ਰਚਾਰ ਪਸਾਰ ’ਤੇ ਅਗਲੇ ਮਹੀਨੇ ਵਰਕਸ਼ਾਪ ਕਰਵਾਉਣ ਵਾਰੇ ਵੀ ਸਹਿਮਤੀ ਬਣੀ।ਉਨਾਂ ਕਿਹਾ ਕਿ ਵਿਗਿਆਨਕ ਚੇਤੰਨਤਾ ਦੀ ਰੋਸ਼ਨੀ ਹਰ ਪਾਸੇ ਫੈਲਾਉਣਾ ਸਮੇਂ ਦੀ ਮੁਖ ਲੋੜ ਹੈ, ਇਸ ਨਾਲ ਹੀ ਸਮਾਜ ਵਿਚੋਂ ਅੰਧਵਿਸ਼ਵਾਸ, ਵਹਿਮਾਂ ਭਰਮਾਂ ਤੇ ਰੂੜ੍ਹੀਵਾਦੀ ਵਿਚਾਰਾਂ ਦਾ ਹਨੇਰਾ ਮਿਟਾ ਕੇ ਵਧੀਆ ਖੁਸ਼ਗਵਾਰ ਬਰਾਬਰਤਾ ਵਾਲਾ ਸਮਾਜ ਸਿਰਜਿਆ ਜਾ ਸਕਦਾ ਹੈ।ਮੀਟਿੰਗ ਵਿੱਚ ਕਰੋਨਾ ਦੇ ਨਾਂ ‘ਤੇ ਸਰਕਾਰੀ ਦਹਿਸ਼ਤ ਫੈਲਾਉਣ ਦਾ ਕਰੜੇ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ।ਉਨਾਂ ਕਿਹਾ ਕਿ ਸਰਕਾਰ ਨੂੰ ਵਿਗਿਆਨਕ ਸੂਝ/ਜਾਣਕਾਰੀ ਦੇ ਆਧਾਰ ‘ਤੇ ਕਰੋਨਾ ਵਾਇਰਸ ਦੀ ਲਾਗ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਪ੍ਰਚਾਰ ਕਰਨ ਤੇ ਵਧੇਰੇ ਜ਼ੋਰ ਦੇਣਾ ਚਾਹੀਦਾ ਹੈ।ਉਨਾਂ ਕਿਹਾ ਕਿ ਸਮਾਜ ਵਿੱਚ ਤਰਕਸ਼ੀਲ ਲਹਿਰ ਦੇ ਨਾਲ ਨਾਲ ਭਾਈਚਾਰਕ ਸਾਂਝ ਨੂੰ ਹੋਰ ਪੱਕਾ ਕਰਨ ਦੀ ਅਹਿਮ ਜ਼ਰੂਰਤ ਹੈ।ਇਸ ਸਮੇਂ ਵੱਡੀ ਗਿਣਤੀ ‘ਚ ਤਰਕਸ਼ੀਲ ਕੈਲੰਡਰ -2022 ਤੇ ਤਰਕਸ਼ੀਲ ਮੈਗਜ਼ੀਨ ਦੀ ਵੰਡ ਵੀ ਕੀਤੀ ਗਈ।ਆਗੂਆਂ ਵਲੋਂ ਇਸ ਮਹੀਨੇ ਦੇ ਅਖੀਰ ਵਿੱਚ ਬੀ.ਐਸ.ਐਨ.ਐਲ ਪੈਨਸ਼ਰਨਜ਼ ਐਸ਼ੋਸ਼ੀਏਸ਼ਨ ਦੀ ਮਾਸਿਕ ਮੀਟਿੰਗ ਵਿੱਚ ਤਰਕਸ਼ੀਲ ਪ੍ਰੋਗਰਾਮ ਦੇਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਮਾਸਟਰ ਰਣਜੀਤ ਸਿੰਘ, ਸੁਖਦੇਵ ਸਿੰਘ ਕਿਸ਼ਨਗੜ, ਨਛੱਤਰ ਸਿੰਘ, ਪ੍ਰਗਟ ਸਿੰਘ ਬਾਲੀਆਂ, ਮਾਸਟਰ ਰਣਬੀਰ ਸਿੰਘ ਤੇ ਰਘਬੀਰ ਸਿੰਘ ਛਾਜ਼ਲੀ ਮੌਜ਼ੂਦ ਸਨ।
Check Also
ਰੇਲਵੇ ਸਟੇਸ਼ਨ ਰਮਦਾਸ ਦੇ ਅਧੁਨਿਕੀਕਰਨ ਲਈ ਕੇਂਦਰੀ ਰੇਲ ਮੰਤਰਾਲੇ ਕੋਲ ਜੋਰ ਸ਼ੋਰ ਨਾਲ ਉਠਾਇਆ ਮੁੱਦਾ -ਧਾਲੀਵਾਲ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੂਬਾ ਮੁੱਖ ਬੁਲਾਰੇ ਕੁਲਦੀਪ ਸਿੰਘ …
Punjab Post Daily Online Newspaper & Print Media