ਦਿਵਆਂਗ ਵੋਟਰਾਂ ਲਈ ਹਰ ਬੂਥ ‘ਤੇ ਉਪਲੱਬਧ ਹੋਵੇਗੀ ਰੈਂਪ ਅਤੇ ਵੀਲ ਚੇਅਰ ਦੀ ਸੁਵਿਧਾ
ਅੰਮ੍ਰਿਤਸਰ, 19 ਜਨਵਰੀ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਵਿਧਾਨ ਸਭਾ ਚੋਣਾਂ 2022 ਦੌਰਾਨ ਲੋਕਾਂ ਦੀ ਸ਼ਮੂਲੀਅਤ
ਵਧਾਉਣ ਲਈ ਅੱਜ ਇੱਕ ਨਿਵੇਕਲੇ ਪ੍ਰਾਜੈਕਟ ਸਨਮਾਨ ਦੀ ਸ਼ੁਰੂਆਤ ਕੀਤੀ ਗਈ।ਪ੍ਰਾਜੈਕਟ ਸਨਮਾਨ ‘ਆਓ ਵੋਟ ਪਾਉਣ ਚੱਲੀਏ’ ਨੂੰ ਲਾਂਚ ਕਰਦਿਆਂ ਖਹਿਰਾ ਨੇ ਦੱਸਿਆ ਕਿ ਇਸ ਦਾ ਮੁੱਖ ਮਕਸਦ 18 ਸਾਲ ਦੀ ਉਮਰ ਵਾਲੇ ਨੌਜਵਾਨ ਵੋਟਰ ਜਿੰਨਾਂ ਨੇ ਪਹਿਲੀ ਵਾਰ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰਨਾ ਹੈ, ਉਹ ਆਪਣੇ ਨਾਲ ਦਿਵਆਂਗ ਵੋਟਰਾਂ ਅਤੇ 80 ਸਾਲ ਤੋਂ ਵੱਧ ਬਜ਼ੁਰਗਾਂ ਨੂੰ ਵੋਟ ਪਾਉਣ ਲਈ ਨਾਲ ਲੈ ਕੇ ਜਾਣ।ਜਿਸ ਨਾਲ ਜਿਥੇ ਵੋਟਰ ਫੀਸਦੀ ਵਿੱਚ ਵਾਧਾ ਹੋਵੇਗਾ, ਉਥੇ ਦਿਵਿਆਂਗ ਅਤੇ ਬਜ਼ੁਰਗ ਵੋਟਰ ਵੀ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕਰ ਸਕਣਗੇ।
ਖਹਿਰਾ ਨੇ ਦੱਸਿਆ ਕਿ ਇਸ ਤਰ੍ਹਾਂ ਨੌਜਵਾਨਾਂ ਅੰਦਰ ਵੀ ਵੋਟ ਪਾਉਣ ਦੀ ਭਾਵਨਾ ਉਜਾਗਰ ਹੋਵੇਗੀ।ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਜਿਲੇ੍ਹ ਦੇ ਸਾਰੇ ਬੂਥਾਂ ‘ਤੇ ਦਿਵਿਆਂਗ ਵੋਟਰਾਂ ਲਈ ਰੈਂਪ, ਵੀਲ ਚੇਅਰ, ਪੀਣ ਵਾਲਾ ਪਾਣੀ, ਪਾਖਾਨਾ, ਪਾਰਕਿੰਗ ਦੀ ਸੁਵਿਧਾ ਆਦਿ ਮੁਹੱਈਆ ਹੋਵੇਗੀ।ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪੀ.ਡਬਲਿਯੂ.ਡੀ ਲਈਅਨ ਅਫਸਰ ਵਲੋਂ ਹਰੇਕ ਬੂਥ ਦੀ ਫਿਜ਼ੀਕਲ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਅਤੇ ਜਿੰਨਾਂ ਬੂਥਾਂ ‘ਤੇ ਕੁੱਝ ਕਮੀਆਂ ਹਨ, ਉਨਾਂ ਨੂੰ ਦੂਰ ਵੀ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦਿਵਿਆਂਗ ਵੋਟਰਾਂ ਨੂੰ ਵੋਟ ਪਾਉਣ ਲਈ ਵਾਹਨ ਵੀ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਨੇ ਸਮੂਹ ਨੋਡਲ ਅਧਿਕਾਰੀਆਂ ਨੂੰ ਕਿਹਾ ਕਿ ਦਿਵਆਂਗ ਵੋਟਰਾਂ ਦੀ ਸਹੂਲਤ ਲਈ ਪੀਣ ਵਾਲੇ ਪਾਣੀ, ਪਾਖਾਨਾ ਆਦਿ ਦੇ ਚਿੰਨ ਜਰੂਰ ਲਗਾਏ ਜਾਣ।
ਇਸ ਮੀਟਿੰਗ ਵਿੱਚ ਜਿਲ੍ਹਾ ਸਮਾਜਿਕ ਤੇ ਸੁਰੱਖਿਆ ਅਫਸਰ ਅਸੀਸ ਇੰਦਰ ਸਿੰਘ, ਜਿਲ੍ਹਾ ਭਲਾਈ ਅਫਸਰ ਪਲਵ ਸ਼੍ਰੇਸ਼ਟ, ਪੀ.ਡਬਲਿਯ.ਡੀ ਮੈਂਬਰ ਐਡਵਾਈਜ਼ਰੀ ਕਮੇਟੀ ਦਵਿੰਦਰ ਸਿੰਘ, ਕੁਆਰਡੀਨੇਟਰ ਧਰਮਿੰਦਰ ਸਿੰਘ, ਕੁਆਰਡੀਨੇਟਰ ਅਮਨਪ੍ਰੀਤ ਕੌਰ, ਚੋਣ ਕਾਨੂੰਗੋ, ਸੌਰਵ ਖੋਸਲਾ, ਸੀ.ਡੀ.ਪੀ.ਓ ਮੀਨਾ ਦੇਵੀ, .ਜਸਬੀਰ ਸਿੰਘ ਗਿੱਲ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media