Tuesday, March 3, 2026

ਰਿਟਰਨਿੰਗ ਅਫਸਰ ਕੋਲ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਜਾ ਸਕਣਗੇ ਸਿਰਫ ਦੋ ਵਿਅਕਤੀ

ਪਠਾਨਕੋਟ, 25 ਜਨਵਰੀ (ਪੰਜਾਬ ਪੋਸਟ ਬਿਊਰੋ) – 20 ਫਰਵਰੀ 2022 ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅਮਲ 25 ਜਨਵਰੀ ਤੋਂ ਸ਼ੁਰੂ ਹੋ ਗਿਆ ਹੈ ਅਤੇ ਨਾਮਜ਼ਦਗੀਆਂ ਭਰਨ ਲਈ ਜਿਲ੍ਹਾ ਪਠਾਨਕੋਟ ਵਿੱਚ ਸਾਰੇ ਪ੍ਰਬੰਧ ਮੁਕੰਮਲ ਹਨ।ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸਨਰ ਪਠਾਨਕੋਟ ਸੰਯਮ ਅਗਰਵਾਲ ਨੇ ਕਿਹਾ ਕਿ ਚੋਣ ਕਮਿਸ਼ਨ ਵਲੋਂ ਜਾਰੀ ਨਵੇਂ ਸ਼ਡਿਊਲ ਅਨੁਸਾਰ 25 ਜਨਵਰੀ 2022 ਨੂੰ ਨੋਟੀਫਿਕੇਸਨ ਜਾਰੀ ਕਰ ਦਿੱਤਾ ਗਿਆ ਹੈ ਅਤੇ ਨਾਮਜਦਗੀਆਂ ਭਰਨ ਦੀ ਆਖਰੀ 1 ਫਰਵਰੀ 2022 ਹੋਵੇਗੀ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 2 ਫਰਵਰੀ 2022 ਨੂੰ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਉਮੀਦਵਾਰੀ ਵਾਪਸ ਲੈਣ ਦੀ ਮਿਤੀ 4 ਫਰਵਰੀ, 2022 ਨਿਸਚਤ ਕੀਤੀ ਗਈ ਹੈ। ਹੁਣ ਪੰਜਾਬ ਵਿੱਚ ਚੋਣਾਂ ਦੀ ਮਿਤੀ 20 ਫਰਵਰੀ 2022 ਨਿਸਚਿਤ ਕੀਤੀ ਗਈ ਹੈ, ਜਦਕਿ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।
                ਉਹਨਾਂ ਕਿਹਾ ਕਿ ਵਿਧਾਨ ਸਭਾ ਹਲਕਾ 001-ਸੁਜਾਨਪੁਰ ਲਈ ਨਾਮਜਦਗੀ ਪੱਤਰ ਆਰ ਐਂਡ ਆਰ ਐਡਮਿੰਨ ਬਲਾਕ ਸਾਹਪੁਰਕੰਡੀ ਟਾਊਨਸਿਪ, ਵਿਧਾਨ ਸਭਾ ਹਲਕਾ 002-ਭੋਆ (ਐਸ.ਸੀ) ਲਈ ਕੋਰਟ ਰੂਮ, ਏ.ਡੀ.ਸੀ (ਜ) ਕਮਰਾ ਨੰਬਰ 101 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਅਤੇ ਵਿਧਾਨ ਸਭਾ ਹਲਕਾ 003-ਪਠਾਨਕੋਟ ਲਈ ਕੋਰਟ ਰੂਮ ਉਪ ਮੰਡਲ ਮੈਜਿਸਟਰੇਟ ਪਠਾਨਕੋਟ ਕਮਰਾ ਨੰਬਰ 119 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਭਰੇ ਜਾ ਸਕਦੇ ਹਨ।
                  ਉਹਨਾਂ ਕਿਹਾ ਕਿ ਨਾਮਜ਼ਦਗੀਆਂ ਭਰਨ ਦਾ ਸਮਾਂ ਸਵੇਰੇ 11:00 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3:00 ਵਜੇ ਤੱਕ ਹੋਵੇਗਾ।ਉਹਨਾਂ ਕਿਹਾ ਕਿ ਨਾਮਜ਼ਦਗੀ ਭਰਨ ਵੇਲੇ ਉਮੀਦਵਾਰ ਦੇ ਨਾਲ ਸਿਰਫ ਦੋ ਵਿਅਕਤੀ ਨਾਲ ਅੰਦਰ ਰਿਟਰਨਿੰਗ ਅਫਸਰ ਕੋਲ ਜਾ ਸਕਦੇ ਹਨ।ਇਸ ਤੋਂ ਇਲਾਵਾ ਬਾਹਰ ਸਿਰਫ ਦੋ ਵਾਹਨ ਹੀ ਰੱਖੇ ਜਾ ਸਕਦੇ ਹਨ।
          ਸੁਵਿਧਾ ਪੋਰਟਲ ਨੂੰ ਆਨਲਾਈਨ ਨਾਮਜ਼ਦਗੀ ਤੇ ਮਨਜ਼ੂਰੀ ਆਦਿ ਲਈ ਰਾਜਸੀ ਪਾਰਟੀਆਂ/ਉਮੀਦਵਾਰਾਂ ਲਈ ਬਹੁਤ ਹੀ ਢੁਕਵਾਂ ਮੰਚ ਕਰਾਰ ਦਿੰਦਿਆਂ ਉਨ੍ਹਾਂ ਦੱਸਿਆ ਕਿ „<https://suvidha.eci.gov.in/> ’ਤੇ ਜਾ ਕੇ ਉਮੀਦਵਾਰ ਆਪਣਾ ਅਕਾਊਂਟ ਬਣਾ ਕੇ ਨਾਮਜ਼ਦਗੀ ਨਾਲ ਸਬੰਧਤ ਪ੍ਰਕਿਰਿਆ ਨੂੰ ਸੁਖਾਲਾ ਬਣਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਾਮਜ਼ਦਗੀ ਪੱਤਰ ਆਨਲਾਈਨ ਭਰਨ ਤੋਂ ਇਲਾਵਾ ਜ਼ਮਾਨਤੀ ਰਾਸ਼ੀ ਜਮ੍ਹਾਂ ਕਰਵਾਉਣ ਅਤੇ ਰਿਟਰਨਿੰਗ ਅਫ਼ਸਰ ਅੱਗੇ ਪੇਸ਼ ਹੋਣ ਲਈ ਅਗਾਊਂ ਸਮਾਂ ਲੈਣ ਵਿੱਚ ਇਹ ਆਨਲਾਈਨ ਪੋਰਟਲ ਬੜਾ ਸਹਾਇਕ ਸਿੱਧ ਹੋਵੇਗਾ।
              ਉਨ੍ਹਾਂ ਦੱਸਿਆ ਕਿ ਇੱਕ ਵਾਰ ਆਨਲਾਈਨ ਨਾਮਜ਼ਦਗੀ ਫ਼ਾਰਮ ਭਰਨ ਉਪਰੰਤ, ਉਮੀਦਵਾਰ ਇਸ ਦਾ ਪ੍ਰਿੰਟ ਲੈ ਕੇ, ਉਸ ਨੂੰ ਤਸਦੀਕ ਕਰਵਾ ਕੇ ਅਤੇ ਲੋੜੀਂਦੇ ਦਸਤਾਵੇਜ਼ ਨਾਲ ਲਗਾ ਕੇ, ਇਸ ਨੂੰ ਰਿਟਰਨਿੰਗ ਅਫ਼ਸਰ ਅੱਗੇ ਜਾ ਕੇ ਨਿੱਜੀ ਤੌਰ ’ਤੇ ਪੇਸ਼ ਕਰ ਸਕਦਾ ਹੈ।ਆਨਲਾਈਨ ਤੋਂ ਇਲਾਵਾ ਨਾਮਜ਼ਦਗੀ ਦੀ ਆਫ਼ਲਾਈਨ ਪ੍ਰਕਿਰਿਆ ਵੀ ਮੌਜ਼ੂਦ ਹੈ ਪ੍ਰੰਤੂ ਆਨਲਾਈਨ ਫ਼ਾਰਮ ਭਰਨ ਨਾਲ ਗ਼ਲਤੀਆਂ ਦੀ ਗੁੰਜਾਇਸ਼ ਬਹੁਤ ਹੀ ਘੱਟ ਜਾਵੇਗੀ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …