Tuesday, March 3, 2026

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਲੰਬੀ ਅਤੇ ਬਿਕਰਮ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਲੜਣਗੇ ਚੋਣ – ਸੁਖਬੀਰ ਬਾਦਲ

ਸਤਿੰਦਰ ਸਿੰਘ ਛੱਜਲਵਡੀ ਨੁੰ ਬਾਬਾ ਬਕਾਲਾ ਤੋਂ ਐਲਾਨਿਆ ਪਾਰਟੀ ਉਮੀਦਵਾਰ

ਅੰਮ੍ਰਿਤਸਰ, 26 ਜਨਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਨਗੇ ਜਦੋਂ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਨਗੇ।
                ਸੁਖਬੀਰ ਬਾਦਲ ਨੇ ਕਿਹਾ ਕਿ ਇਸ ਤੋਂ ਇਲਾਵਾ ਬਾਬਾ ਬਕਾਲਾ ਤੋਂ ਸਤਿੰਦਰ ਸਿੰਘ ਛੱਜਲਵਡੀ ਨੂੰ ਚੋਣ ਮੈਦਾਨ ‘ਚ ਉਤਾਰਿਆ ਗਿਆ ਹੈ, ਜੋ ਤਿੰਨ ਵਾਰ ਵਿਧਾਇਕ ਰਹੇ ਰਣਜੀਤ ਸਿੰਘ ਛੱਜਲਵਡੀ ਦੇ ਪੁੱਤਰ ਹਨ।ਉਹਨਾਂ ਨੇ ਛੱਜਲਵਡੀ ਪਰਿਵਾਰ ਨੂੰ ਵੱਡੀ ਗਿਣਤੀ ‘ਚ ਕਾਂਗਰਸੀ ਸਰਪੰਚਾਂ ਤੇ ਬਲਾਕ ਸੰਮਤੀ ਮੈਂਬਰਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਕੀਤਾ।
                  ਪਾਰਟੀ ਪ੍ਰਧਾਨ ਬਾਦਲ ਨੇ ਕਿਹਾ ਕਿ ਸਾਰੀ ਪਾਰਟੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੁੰ ਬੇਨਤੀ ਕੀਤੀ ਹੈ ਕਿ ਉਹ ਰਾਜਨੀਤੀ ਤੋਂ ਸੇਵਾ ਮੁਕਤ ਨਾ ਹੋਣ ਤੇ ਉਹਨਾਂ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਹੈ ਤੇ ਲੰਬੀ ਤੋਂ ਚੋਣਾਂ ਲੜਨ ਲਈ ਰਾਜ਼ੀ ਹੋ ਗਏ ਹਨ।ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਬਾਦਲ ਸਾਹਿਬ ਹਮੇਸ਼ਾਂ ਮੋਹਰੀ ਰਹੇ ਹਨ ਤੇ ਇਸ ਵਾਰ ਵੀ ਰਹਿਣਗੇ।
              ਅੰਮ੍ਰਿਤਸਰ ਪੂਰਬੀ ਤੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਹੰਕਾਰ ਦਾ ਭੋਗ ਪੈ ਜਾਵੇਗਾ।ਉਹਨਾਂ ਕਿਹਾ ਕਿ ਉਹ ਹੁਣ ਤੱਕ ਲੋਕਾਂ ਵਿਚ ਆਪਣੀ ਹਮਾਇਤ ਦੇ ਬਲਬੂਤੇ ਤੁਰੇ ਫਿਰਦੇ ਸਨ।ਹੁਣ ਮਾਝੇ ਦਾ ਸ਼ੇਰ ਉਹਨਾਂ ਦੇ ਜੱਦੀ ਹਲਕੇ ਵਿੱਚ ਉਹਨਾਂ ਦੇ ਮੁਕਾਬਲੇ ਚੋਣ ਲੜੇਗਾ।ਉਹ ਅਕਾਲੀ ਦਲ ਦੇ ਬਹਾਦਰ ਵਰਕਰਾਂ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਵੇ।ਉਹਨਾਂ ਕਿਹਾ ਕਿ ਸਿੱਧੂ ਦੇ ਹੰਕਾਰ ਦਾ ਭੋਗ ਉਸ ਦੀ ਜ਼ਮਾਨਤ ਜ਼ਬਤ ਹੋਣ ਨਾਲ ਪੈ ਜਾਵੇਗਾ।
                 ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਸਿਰਫ ਉਚੀ ਉਚੀ ਬੋਲ ਸਕਦਾ ਹੈ।ਉਸ ਕੋਲ ਪੰਜ਼ ਸਾਲਾਂ ਵਿਚ ਆਪਣੇ ਹਲਕੇ ਵਿਚ ਕੀਤੇ ਕੰਮ ਦੇ ਨਾਂ ’ਤੇ ਕੁੱਝ ਵੀ ਨਹੀਂ ਹੈ।ਉਸ ਨੇ ਲੋਕਲ ਬਾਡੀ ਮੰਤਰੀ ਹੁੰਦਿਆਂ ਆਪਣੇ ਹਲਕੇ ਵਿੱਚ ਕੱਖ ਨਹੀਂ ਕੀਤਾ।ਅੰਮ੍ਰਿਤਸਰ ਪੂਰਬੀ ਵਿੱਚ ਪੀਣ ਵਾਲੇ ਪਾਣੀ ਤੇ ਸੀਵਰੇਜ਼ ਦੇ ਮਸਲੇ ਹਨ, ਜੋ ਸਿੱਧੂ ਨੇ ਹੱਲ ਨਹੀਂ ਕੀਤੇ।ਹੁਣ ਲੋਕ ਉਸ ਤੋਂ ਇਸ ਦਾ ਜਵਾਬ ਮੰਗਣਗੇ।
                ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਰਦਾਰ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਖਿਲਾਫ ਝੂਠਾ ਕੇਸ ਦਰਜ਼ ਕੀਤਾ ਹਾਲਾਂਕਿ ਸਰਦਾਰ ਮਜੀਠੀਆ ਹਮੇਸ਼ਾਂ ਲੋਕਾਂ ਦੇ ਮਸਲੇ ਚੁੱਕਦੇ ਰਹੇ ਹਨ।ਉਨਾਂ ਕਿਹਾ ਕਿ ਮਜੀਠੀਆ ਲੋਕਾਂ ਲਈ ਲੜਨ ਵਾਸਤੇ ਜਾਣੇ ਜਾਂਦੇ ਹਨ।ਇਹ ਗੱਲ ਕਾਂਗਰਸ ਸਰਕਾਰ ਨੂੰ ਪਸੰਦ ਨਹੀਂ ਆਈ।ਉਹਨਾਂ ਕਿਹਾ ਕਿ ਕਾਂਗਰਸ ਨੇ ਉਸ ਇਕ ਗੁਰਸਿੱਖ ਦੇ ਖਿਲਾਫ ਕੇਸ ਦਰਜ਼ ਕੀਤਾ ਹੈ ਜੋ ਰੋਜ਼ਾਨਾ ਢਾਈ ਘੰਟੇ ਨਿਤਨੇਮ ਕਰਦਾ ਹੈ।ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਹਲਕੇ ਵਿਚ ਪਾਰਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਰੰਧਾਵਾ ਮਜੀਠੀਆ ਦੇ ਚੋਣ ਇੰਚਾਰਜ਼ ਹੋਣਗੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …