ਸਕੂਲ, ਕਾਲਜ, ਯੂਨੀਵਰਸਿਟੀ ਅਤੇ ਕੋਚਿੰਗ ਸੰਸਥਾਵਾਂ 8 ਫਰਵਰੀ ਤੱਕ ਰਹਿਣਗੀਆਂ ਬੰਦ
ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਮੈਜਿਸਟ੍ਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ
ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿਲ੍ਹਾ ਅੰਮ੍ਰਿਤਸਰ ਦੀ ਹਦੂਦ ਅੰਦਰ ਸੋਧੀਆਂ ਕੋਵਿਡ ਪਾਬੰਦੀਆਂ 8 ਫਰਵਰੀ 2022 ਤੱਕ ਲਈ ਵਧਾ ਦਿੱਤੀਆਂ ਹਨ।ਜਿੰਨਾਂ ਅਨੁਸਾਰ ਜਨਤਕ ਥਾਵਾਂ ‘ਤੇ ਮਾਸਕ ਪਾਉਣਾ ਅਤੇ 6 ਫੁੱਟ ਦੀ ਦੂਰੀ ਦੇ ਨਿਯਮ ਲਾਗੂ ਕੀਤੇ ਗਏ ਹਨ।ਰਾਤ 10 ਤੋਂ ਸਵੇਰੇ 5 ਵਜੇ ਤੱਕ ਮਿਉਂਸੀਪਲ ਖੇਤਰਾਂ ਵਿੱਚ ਗੈਰ ਜਰੂਰੀ ਤੋਰੇ-ਫੇਰੇ ‘ਤੇ ਰੋਕ ਰਹੇਗੀ।ਹਾਲਾਂਕਿ ਜਰੂਰੀ ਸੇਵਾਵਾਂ ਨੂੰ ਇਸ ਵਿੱਚ ਛੋਟ ਹੋਵੇਗੀ।
ਪਾਬੰਦੀਆਂ ਅਨੁਸਾਰ ਹੁਣ ਅੰਦਰ (ਇੰਡੋਰ) ਵੱਧ ਤੋਂ ਵੱਧ 500 ਅਤੇ ਬਾਹਰ ਖੁੱਲੇ (ਆਊਟਡੋਰ) ਵਿੱਚ ਵੱਧ ਤੋਂ ਵੱਧ 1000 ਵਿਅਕਤੀਆਂ ਦਾ ਇਕੱਠ ਕਰਨ ਦੀ ਛੋਟ ਹੋਵੇਗੀ।ਪਰ ਇਹ ਇਕੱਠ ਉਪਲਬੱਧ ਥਾਂ ਦੀ ਸਮੱਰਥਾ ਦੇ 50 ਫੀਸਦੀ ਤੋਂ ਵੱਧ ਨਾ ਹੋਵੇ।ਇਕੱਠ ਦੌਰਾਨ ਕੋਵਿਡ ਪ੍ਰੋਟੋਕਾਲ ਦੀ ਪਾਲਣਾ ਲਾਜ਼ਮੀ ਹੋਵੇਗੀ।
ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਅਤੇ ਕੋਚਿੰਗ ਸੰਸਥਾਨ 8 ਫਰਵਰੀ ਤੱਕ ਬੰਦ ਰਹਿਣਗੇ, ਪਰ ਆਨਲਾਈਨ ਵਿਧੀ ਨਾਲ ਪੜਾਈ ਜਾਰੀ ਰਹੇਗੀ।ਮੈਡੀਕਲ ਅਤੇ ਨਰਸਿੰਗ ਕਾਲਜ ਆਮ ਵਾਂਗ ਖੁੱਲ ਸਕਣਗੇ।
ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾਅ, ਜਿੰਮ, ਸਪੋਰਕਟ ਕੰਪਲੈਕਸ, ਮਿਉਜ਼ੀਅਮ, ਚਿੜੀਆਘਰ 50 ਫੀਸਦੀ ਸਮੱਰਥਾ ਨਾਲ ਖੁੱਲ ਸਕਦੇ ਹਨ ਪਰ ਸਾਰਾ ਸਟਾਫ ਵੈਕਸੀਨੇਟਡ ਹੋਵੇ।ਏ.ਸੀ ਬੱਸਾਂ 50 ਫੀਸਦੀ ਸਵਾਰੀਆਂ ਨਾਲ ਹੀ ਚੱਲ ਸਕਦੀਆਂ ਹਨ।
ਬਿਨ੍ਹਾਂ ਮਾਸਕ ਤੋਂ ਆਉਣ ਵਾਲੇ ਲੋਕਾਂ ਨੂੰ ਸਰਕਾਰੀ ਦਫਤਰਾਂ ਜਾਂ ਪ੍ਰਾਈਵੇਟ ਦਫਤਰਾਂ ਤੋਂ ਕੋਈ ਸੇਵਾ ਉਪਲੱਬਧ ਨਹੀਂ ਹੋ ਸਕੇਗੀ।ਜਿਲ੍ਹੇ ਤੋਂ ਬਾਹਰ ਤੋਂ ਆਉਣ ਵਾਲੇ ਲੋਕ ਪੂਰੀ ਤਰਾਂ ਵੈਕਸੀਨੇਟਡ ਹੋਣ।ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਕਾਲਜਾਂ ਨੂੰ ਵੀ ਹਦਾਇਤ ਕੀਤੀ ਗਈ ਹੈ ਕਿ ਉਹ 15 ਸਾਲ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਵੈਕਸੀਨ ਲਗਵਾਉਣ ਲਈ ਪ੍ਰੇਰਿਤ ਕਰਨ।ਇਸ ਤੋਂ ਬਿਨ੍ਹਾਂ ਸਾਰੇ ਵਿਭਾਗਾਂ ਨੂੰ ਕੋਵਿਡ ਪ੍ਰੋਟੋਕਾਲ ਪਾਲਣ ਦੀ ਹਦਾਇਤ ਕੀਤੀ ਗਈ ਹੈ। ਇੰਨ੍ਹਾਂ ਹਦਾਇਤਾਂ ਦੀ ਉੰਲਘਣਾ ਕਰਨ ‘ਤੇ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
Punjab Post Daily Online Newspaper & Print Media