Thursday, November 5, 2026

ਹਲਕਾ ਪੂਰਬੀ ‘ਚ ਭਾਜਪਾ ਤੇ ਕਾਂਗਰਸ ਨੁੰ ਵੱਡਾ ਝਟਕਾ

ਸਾਬਕਾ ਮੇਅਰ ਸੁਭਾਸ਼ ਸ਼ਰਮਾ ਤੇ ਸਾਬਕਾ ਐਮ.ਸੀ ਸਮੇਤ 5 ਦਰਜਨ ਦੇ ਕਰੀਬ ਆਗੂ ਅਕਾਲੀ ਦਲ ‘ਚ ਹੋਏ ਸ਼ਾਮਲ

ਅੰਮ੍ਰਿਤਸਰ, 7 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਹਲਕਾ ਪੂਰਬੀ ਵਿਚ ਭਾਜਪਾ ਤੇ ਕਾਂਗਰਸ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸਾਬਕਾ ਮੇਅਰ ਸੁਭਾਸ਼ ਸ਼ਰਮਾ ਅਤੇ ਸਾਬਕਾ ਐਮ.ਸੀ ਰਛਪਾਲ ਕੌਰ ਆਪੋ ਆਪਣੀਆਂ ਪਾਰਟੀਆਂ ਨੁੰ ਅਲਵਿਦਾ ਕਹਿ ਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿੱਚ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਇਸੇ ਦੌਰਾਨ ਹੀ ਹਲਕੇ ਦੇ ਵੱਖ ਵੱਖ ਵਾਰਡਾਂ ਤੋਂ ਕਰੀਬ ਪੰਜ ਦਰਜ਼ਨ ਕਾਂਗਰਸੀ ਆਗੂ ਅਕਾਲੀ ਦਲ ਆਏ।ਮਜੀਠੀਆ ਨੇ ਇਹਨਾਂ ਆਗੂਆਂ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਅਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ।
ਸੁਭਾਸ਼ ਸ਼ਰਮਾ ਨੇ ਕਿਹਾ ਕਿ ਉਹਨਾਂ ਭਾਜਪਾ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਇਸ ਕਰ ਕੇ ਕੀਤਾ ਹੈ, ਕਿਉਂਕਿ ਭਾਜਪਾ ਵਿੱਚ ਹੁਣ ਸਿਰਫ ਤਾਨਾਸ਼ਾਹੀ ਚੱਲ ਰਹੀ ਹੈ।ਜਦਕਿ ਅਕਾਲੀ ਦਲ ਹਮੇਸ਼ਾਂ ਨਿਮਾਣਾ ਹੋ ਕੇ ਲੋਕਾਂ ਦੀ ਸੇਵਾ ਕਰਦਾ ਆ ਰਿਹਾ ਹੈ ਤੇ ਇਸ ਦੇ ਮੈਂਬਰ ਵੀ ਲੋਕਾਂ ਵਾਸਤੇ ਆਪਣੀ ਜੀਅ ਜਾਨ ਲਗਾ ਦਿੰਦੇ ਹਨ।
                  ਸਾਬਕਾ ਐਮ.ਸੀ ਰਛਪਾਲ ਕੌਰ ਨੇ ਕਿਹਾ ਕਿ ਉਹਨਾਂ ਕਾਂਗਰਸ ਛੱਡਣ ਦਾ ਫੈਸਲਾ ਇਸ ਕਰ ਕੇ ਲਿਆ ਕਿਉਂਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਹਲਕੇ ਦੇ ਕਾਂਗਰਸੀ ਵਰਕਰਾਂ ਨੁੰ ਪੰਜ ਸਾਲਾਂ ਦੌਰਾਨ ਉਕਾ ਹੀ ਵਿਸਾਰ ਲਿਆ।
                  ਮੇਅਰ ਸੁਭਾਸ਼ ਸ਼ਰਮਾ ਦੇ ਨਾਲ ਹਰਪ੍ਰੀਤ ਸਿੰਘ ਹੈਪੀ, ਵਿੱਕੀ ਵੇਰਕਾ, ਬਿੱਲੂ ਮਕਬੂਲਪੁਰਾ, ਕੁਲਦੀਪ ਸਿੰਘ, ਹਰਬੰਤ ਸਿੰਘ ਤੇ ਕਰਨਵੀਰ ਸਿੰਘ ਵੀ ਸ਼ਾਮਲ ਹੋਏ, ਜਦੋਂ ਕਿ ਵਾਰਡ ਨੰਬਰ 22, 24 ਤੇ ਹੋਰ ਵਾਰਡਾਂ ਤੋਂ ਪੰਜ ਦਰਜਨ ਦੇ ਕਰੀਬ ਆਗੂ ਅਕਾਲੀ ਦਲ ਵਿੱਚ ਸ਼ਾਮਲ ਹੋਏ।
                 ਇਸ ਮੌਕੇ ਮੈਡੀਕਲ ਸੈਲ ਐਸੋਸੀਏਸ਼ਨ ਦੇ ਚੇਅਰਮੈਨ ਅਮਰਦੀਪ ਸਿੰਘ ਵੀ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਏ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …