ਸਕੂਲ ਨਾ ਖੋਹਲੇ, ਗੰਨਾ ਕਾਸ਼ਤਕਾਰਾਂ ਦਾ ਬਕਾਇਆ ਤੇ ਮੀਂਹ ਦਾ ਮੁਆਵਜ਼ਾ ਨਾ ਮਿਲ਼ਿਆ ਤਾਂ ਵਿਢਾਂਗੇ ਵੱਡਾ ਸੰਘਰਸ਼ – ਬਾਲਿਓਂ, ਗਿਆਸਪੁਰਾ
ਸਮਰਾਲਾ, 7 ਫਰਵਰੀ (ਇੰਦਰਜੀਤ ਸਿੰਘ ਕੰਗ) – ਕੋਰੋਨਾ ਦੀ ਆੜ ਵਿੱਚ ਪੰਜਾਬ ਅੰਦਰ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਚੱਲ ਰਹੇ ਸਨ।ਪ੍ਰੰਤੂ ਅੱਜ ਤੋਂ
6ਵੀਂ ਜਮਾਤ ਤੋਂ ਉਪਰ ਦੀਆਂ ਜਮਾਤਾਂ ਲਈ ਸਕੂਲ ਖੋਲ੍ਹਣ ਦਾ ਐਲਾਨ ਹੋ ਚੁੱਕਾ ਹੈ।ਪ੍ਰਾਇਮਰੀ ਸਕੂਲ ਅਜੇ ਵੀ ਬੰਦ ਹਨ।ਅੱਜ ਸਮੁੱਚੇ ਪੰਜਾਬ ਵਿੱਚ ਸਾਰੇ ਸਕੂਲ, ਕਾਲਜ਼ ਖੁੱਲਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਇਕਾਈ ਸਮਰਾਲਾ ਅਤੇ ਮਾਛੀਵਾੜਾ ਵਲੋਂ ਗੜ੍ਹੀ ਪੁੱਲ ‘ਤੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਅਤੇ ਬਲਾਕ ਮਾਛੀਵਾੜਾ ਦੇ ਪ੍ਰਧਾਨ ਮੋਹਣ ਸਿੰਘ ਬਾਲਿਓਂ ਦੀ ਅਗਵਾਈ ਜਥੇਬੰਦੀ ਵਲੋਂ ਧਰਨਾ ਲਗਾਇਆ ਗਿਆ।
ਬਲਾਕ ਪ੍ਰਧਾਨ ਮੋਹਣ ਸਿੰਘ ਬਾਲਿਓਂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਗੰਨੇ ਦੀ ਫਸਲ ਦਾ ਬਕਾਇਆ ਜੋ ਕਿ ਸਰਕਾਰ ਵਲੋਂ ਜਾਰੀ ਹੋ ਚੁੱਕਾ ਹੈ, ਪ੍ਰੰਤੂ ਕਾਸ਼ਤਕਾਰਾਂ ਨੂੰ ਅਜੇ ਤੱਕ ਨਹੀਂ ਦਿੱਤਾ ਗਿਆ।ਉਨ੍ਹਾਂ ਮੰਗ ਕੀਤੀ ਕਿ ਗੰਨੇ ਦਾ ਬਕਾਇਆ ਕਿਸਾਨਾਂ ਨੂੰ ਜਲਦੀ ਤੋਂ ਜਲਦੀ ਦਿੱਤਾ ਜਾਵੇ।ਇਸ ਤੋਂ ਇਲਾਵਾ ਬੀਤੇ ਦਿਨੀਂ ਪਈ ਬੇਮੌਸਮੀ ਬਾਰਸ਼ ਕਾਰਨ ਸਬਜ਼ੀਆਂ, ਖਾਸ ਕਰਕੇ ਆਲੂਆਂ, ਮਟਰਾਂ, ਗੋਭੀ ਆਦਿ ਫਸਲਾਂ ਤੋਂ ਇਲਾਵਾ ਨਰਮੇ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਸਰਕਾਰ ਉਪਰੋਕਤ ਤਿੰਨੇ ਮੰਗਾਂ ਸਬੰਧੀ ਜਲਦੀ ਤੋਂ ਜਲਦੀ ਕੋਈ ਠੋਸ ਕਦਮ ਨਹੀਂ ਚੁੱਕਦੀ ਤਾਂ ਯੂਨੀਅਨ ਵੱਡਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ।ਇਨ੍ਹਾਂ ਮੰਗਾਂ ਸਬੰਧੀ ਯੂਨੀਅਨ ਵਲੋਂ ਮੰਗ ਪੱਤਰ ਦਿੱਤਾ ਗਿਆ, ਜਿਸ ਨੂੰ ਤਹਿਸੀਲ ਅਤੇ ਡੀ. ਐਸ.ਪੀ ਨੇ ਖੁਦ ਆ ਮੰਗ ਪੱਤਰ ਪ੍ਰਾਪਤ ਕੀਤਾ ਅਤੇ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਉਪਰੋਕਤ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇਗਾ।
ਅੱਜ ਦੇ ਧਰਨੇ ਵਿੱਚ ਵੱਖ-ਵੱਖ ਸਕੂਲਾਂ ਦੇ ਟਰਾਂਪੋਰਟਰ, ਡਰਾਇਵਰ ਆਦਿ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕੀਤੀ ਧਰਨੇ ਵਿਚ ਉਪਰੋਕਤ ਤੋਂ ਇਲਾਵਾ ਹਰਪ੍ਰੀਤ ਸਿੰਘ ਗੜ੍ਹੀ ਤਰਖਾਣਾਂ ਜ਼ਿਲ੍ਹਾ ਮੀਤ ਪ੍ਰਧਾਨ, ਬਲਜਿੰਦਰ ਸਿੰਘ ਹਰਿਓਂ ਖੁਰਦ ਜਨਰਲ ਸਕੱਤਰ, ਮਨਪ੍ਰੀਤ ਸਿੰਘ ਘੁਲਾਲ ਜ਼ਿਲ੍ਹਾ ਜਨਰਲ ਸਕੱਤਰ, ਕੁਲਦੀਪ ਸਿੰਘ ਗੜ੍ਹੀ ਤਰਖਾਣਾਂ ਮੀਤ ਪ੍ਰਧਾਨ, ਗੁਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਹਰਦੀਪ ਸਿੰਘ ਗੜ੍ਹੀ, ਗੁਰਮੀਤ ਸਿੰਘ ਗੜ੍ਹੀ, ਮਲਕੀਤ ਸਿੰਘ ਰਾਣਵਾਂ, ਸੁਖਵਿੰਦਰ ਸਿੰਘ ਸਲਾਣਾ ਬੇਟ, ਬਲਜਿੰਦਰ ਸਿੰਘ ਮਿੱਠੇਵਾਲ, ਮਨਦੀਪ ਸਿੰਘ ਪਵਾਤ, ਮਨਜੀਤ ਸਿੰਘ ਸ਼ੇਰੀਆਂ, ਹਰਪ੍ਰੀਤ ਸਿੰਘ ਹਰਿਓਂ ਖੁਰਦ, ਅਨੂਪ ਸਿੰਘ ਹਰਿਓਂ ਖੁਰਦ, ਲਵਪ੍ਰੀਤ ਸਿੰਘ ਬਾਲਿਓਂ, ਰਾਜੂ ਗੜ੍ਹੀ, ਲਾਡੀ ਗੜ੍ਹੀ, ਸੁੱਖਾ ਗੜ੍ਹੀ, ਮਨਪ੍ਰੀਤ ਸਿੰਘ ਗੜ੍ਹੀ, ਸੋਹਣ ਇੰਦਰਜੀਤ ਸਿੰਘ ਆਦਿ ਤੋਂ ਇਲਾਵਾ ਸੈਕੜਿਆਂ ਦੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ।
Punjab Post Daily Online Newspaper & Print Media