ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਵਿਦਿਆਰਥੀਆਂ ਦੀਆਂ ਟੀਮਾਂ ਨੂੰ ਪ੍ਰਚਾਰ ਲਈ ਕੀਤਾ ਰਵਾਨਾ

ਜਲੰਧਰ, 20 ਨਵੰਬਰ (ਪਵਨਦੀਪ ਭੰਡਾਲ, ਹਰਦੀਪ ਦਿਓਲ, ਪਰਮਿੰਦਰ ਸਿੰਘ) – 6 ਦਸੰਬਰ 2014 ਨੂੰ ਲਗਾਈ ਜਾ ਰਹੀ ਕੌਮੀ ਲੋਕ ਅਦਾਲਤ ਦੇ ਪ੍ਰਚਾਰ ਵਾਸਤੇ ਅੱਜ ਜਾਗਰੂਕਤਾ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਜਲੰਧਰ ਸ੍ਰੀ ਆਰ. ਐਸ ਅੱਤਰੀ ਨੇ ਜ਼ਿਲ੍ਹਾ ਕਚਹਿਰੀ ਤੋਂ ਵਿਦਿਆਰਥੀਆਂ ਦੀਆਂ 6 ਟੀਮਾਂ ਨੂੰ ਝੰਡੀ ਦੇ ਕੇ ਸ਼ਹਿਰ ਦੇ ਵੱਖ-ਵੱਖ ਚੌਕਾਂ ਲਈ ਪ੍ਰਚਾਰ ਹਿੱਤ ਰਵਾਨਾ ਕੀਤਾ। ਇਨ੍ਹਾਂ ਵਿਦਿਆਰਥੀਆਂ ਵੱਲੋਂ ਕਚਹਿਰੀ ਤੋਂ ਬੀ ਐਮ ਸੀ ਚੌਕ ਤੱਕ ਇਕ ਜਾਗਰੂਕਤਾ ਰੈਲੀ ਵੀ ਕੱਢੀ ਗਈ। ਰੈਲੀ ਨੂੰ ਰਵਾਨਾ ਕਰਨ ਤੋਂ ਪਹਿਲਾਂ ਹਾਜ਼ਰ ਕਾਨੂੰਨ ਦੇ ਵਿਦਿਆਰਥੀਆਂ, ਪੈਰਾ ਲੀਗਲ ਵਲੰਟੀਅਰਾਂ, ਟ੍ਰੈਫਿਕ ਪੁਲਿਸ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਅੱਤਰੀ ਨੇ ਕਿਹਾ ਕਿ ਇਸ ਕੌਮੀ ਲੋਕ ਅਦਾਲਤ ਵਿਚ ਹਰ ਤਰ੍ਹਾਂ ਦੇ ਕੇਸ ਨਿਪਟਾਰੇ ਲਈ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜੁਡੀਸ਼ੀਅਲ ਅਦਾਲਤਾਂ ਵਿਚ ਲੰਬਿਤ ਦੀਵਾਨੀ, ਘੱਟ ਗੰਭੀਰ ਫ਼ੌਜਦਾਰੀ ਕੇਸ, ਟ੍ਰੈਫਿਕ ਚਲਾਨ, ਵਿਵਾਹਿਕ ਝਗੜੇ, ਚੈਕ ਬਾਊਂਸ ਮਾਮਲੇ, ਮੋਟਰ ਦੁਰਘਟਨਾ ਕਲੇਮ ਕੇਸ, ਬੈਂਕ ਰਿਕਵਰੀ ਕੇਸ, ਖਰਚੇ ਦੇ ਕੇਸ, ਵਸੇਬੇ ਦੇ ਦਾਅਵੇ, ਘਰੇਲੂ ਹਿੰਸਾ ਸੁਰੱਖਿਆ ਕਾਨੂੰਨ, ਇੰਤਕਾਲਾਂ ਦੇ ਕੇਸ ਅਤੇ ਅਨਟਰੇਸ/ਕੈਂਸਲੇਸ਼ਨ ਆਦਿ ਕੇਸਾਂ ਦਾ ਫ਼ੈਸਲਾ ਰਾਜ਼ੀਨਾਮੇ ਰਾਹੀਂ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਬੈਂਕਾਂ ਅਤੇ ਟੈਲੀਫੋਨ ਕੰਪਨੀਆਂ ਦੇ ਉਹ ਪ੍ਰੀ-ਲਿਟੀਗੇਟਿਵ ਕੇਸ, ਜਿਹੜੇ ਹਾਲੇ ਕਿਸੇ ਅਦਾਲਤ ਵਿਚ ਫਾਈਲ ਨਹੀਂ ਹੋਏ, ਵੀ ਇਸ ਅਦਾਲਤ ਵਿਚ ਨਿਪਟਾਰੇ ਲਈ ਲਗਾਏ ਜਾਣਗੇ।
ਇਸ ਮੌਕੇ ਸਿਵਲ ਜੱਜ (ਸੀਨੀਅਰ ਡਵੀਜ਼ਨ)-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜਲੰਧਰ ਸ੍ਰੀਮਤੀ ਰਾਣਾ ਕੰਵਰਦੀਪ ਕੌਰ ਨੇ ਦੱਸਿਆ ਕਿ ਕੌਮੀ ਲੋਕ ਅਦਾਲਤ, ਮਾਲ ਮਹਿਕਮੇ ਅਤੇ ਕਾਰਜਕਾਰੀ ਅਦਾਲਤਾਂ ਵਿਚ ਵੀ ਲਗਾਈ ਜਾ ਰਹੀ ਹੈ, ਜਿਥੇ ਫਰਦਾਂ, ਇੰਤਕਾਲਾਂ ਦੇ ਕੇਸ, ਆਮਦਨ ਕਰ ਤੇ ਆਬਕਾਰੀ, 107/151 ਸੀ ਆਰ ਪੀ ਸੀ ਦੇ ਕੇਸ ਆਦਿ ਦਾ ਨਿਪਟਾਰਾ ਵੀ ਸਬੰਧਤ ਅਥਾਰਟੀ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਾਸਤੇ ਵੱਖ-ਵੱਖ ਬੈਂਚ ਸਥਾਪਿਤ ਕੀਤੇ ਜਾਣਗੇ ਜਿਨ੍ਹਾਂ ਵਿਚ ਜੁਡੀਸ਼ੀਅਲ ਅਫ਼ਸਰ, ਕਾਰਜਕਾਰੀ ਅਫ਼ਸਰ ਬਤੌਰ ਪ੍ਰੀਜ਼ਾਈਡਿੰਗ ਅਫ਼ਸਰ ਅਤੇ ਵਕੀਲ ਸਾਹਿਬਾਨ ਅਤੇ ਸਮਾਜ ਸੇਵੀ ਬਤੌਰ ਮੈਂਬਰ ਬੈਠਣਗੇ।
ਕੌਮੀ ਲੋਕ ਅਦਾਲਤ ਦੇ ਪ੍ਰਚਾਰ ਹਿੱਤ ਰਵਾਨਾ ਕੀਤਾ ਗਿਆ ਵਿਦਿਆਰਥੀਆਂ ਦੀਆਂ 6 ਟੀਮਾਂ ਵੱਲੋਂ ਬੀ. ਐਮ. ਸੀ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਕਪੂਰਥਲਾ ਚੌਕ, ਜੋਤੀ ਚੌਕ, ਡਾ. ਅੰਬੇਦਕਰ ਚੌਕ ਅਤੇ ਮਾਡਲ ਟਾਊਨ ਚੌਕ ਵਿਖੇ ਕੌਮੀ ਲੋਕ ਅਦਾਲਤ ਅਤੇ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਵਿਕਟਮ ਕੰਪਨਸੇਸ਼ਨ ਦੀ ਜਾਣਕਾਰੀ ਵਾਲੇ ਪੈਂਫਲਿਟ ਆਮ ਜਨਤਾ ਨੂੰ ਵੰਡੇ। ਇਸ ਤੋਂ ਇਲਾਵਾ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਇਨ੍ਹਾਂ ਵਿਦਿਆਰਥੀਆਂ ਵੱਲੋਂ ਆਮ ਲੋਕਾਂ ਪਾਸੋਂ ਟ੍ਰੈਫਿਕ ਨਿਯਮਾਂ ਬਾਰੇ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲਿਆਂ ਨੂੰ ਮਹਾਤਮਾ ਗਾਂਧੀ ਦੀ ਆਤਮਕਥਾ ਅਤੇ ਡਾ. ਏ. ਪੀ. ਜੇ ਅਬਦੁਲ ਕਲਾਮ ਦੀ ਜੀਵਨੀ ਨਾਲ ਸਬੰਧਤ ਕਿਤਾਬਾਂ ਇਨਾਮ ਵਜੋਂ ਦਿੱਤੀਆਂ। ਇਸ ਮੌਕੇ ਭਾਰਤ ਸੰਚਾਰ ਨਿਗਮ ਜਲੰਧਰ ਵੱਲੋਂ ਮੁਫ਼ਤ ਸਿੰਮ ਕਾਰਡ ਵੀ ਇਨਾਮ ਵਜੋਂ ਦਿੱਤੇ ਗਏ।
ਇਸ ਮੌਕੇ ਵਧੀਕ ਜ਼ਿਲ੍ਹਾ ਜੱਜ ਸ੍ਰੀ ਅਰੁਣਵੀਰ ਵਸ਼ਿਸ਼ਟ, ਸੀ. ਜੇ. ਐਮ ਸ੍ਰੀ ਕੇਵਲ ਕ੍ਰਿਸ਼ਨ, ਏ. ਸੀ. ਪੀ ਟ੍ਰੈਫਿਕ ਸ੍ਰੀ ਬੀ. ਐਸ ਢਿੱਲੋਂ, ਸਹਾਇਕ ਪੁਲਿਸ ਕਮਿਸ਼ਨਰ ਸ੍ਰੀ ਡੀ. ਐਸ ਬੁੱਟਰ, ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਕੇ. ਪੀ. ਐਸ ਗਿੱਲ, ਸਕੱਤਰ ਬਾਰ ਐਸੋਸੀਏਸ਼ਨ ਸ੍ਰੀ ਐਸ. ਐਲ ਜੌਲੀ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਗੁਰਮੀਤ ਸਿੰਘ, ਜ਼ਿਲ੍ਹਾ ਗਾਈਡੈਂਸ ਕੌਂਸਲਰ ਸ੍ਰੀ ਸੁਰਜੀਤ ਲਾਲ, ਸ੍ਰੀ ਅਜੀਤ ਸਿੰਘ ਸੇਠੀ, ਸ੍ਰੀ ਰਾਜਬੀਰ ਸਿੰਘ, ਸ੍ਰੀਮਤੀ ਹਰਲੀਨ ਕੌਰ, ਸ੍ਰੀਮਤੀ ਨਵਜੋਤ ਕੌਰ ਸਿੱਧੂ, ਪ੍ਰਿੰਸੀਪਲ ਸੁਨੀਤਾ ਸਹੋਤਾ, ਪ੍ਰਿੰਸੀਪਲ ਰਾਜਕੁਮਾਰੀ ਮਾਹੀ ਅਤੇ ਮੈਡਮ ਸਵਰਨਜੀਤ ਕੌਰ ਹਾਜ਼ਰ ਸਨ।
Punjab Post Daily Online Newspaper & Print Media