Tuesday, March 3, 2026

ਕੇਜਰੀਵਾਲ ਤੇ ਭਗਵੰਤ ਮਾਨ ਨੇ ਅੰਮ੍ਰਿਤਸਰ ‘ਚ ‘ਆਪ’ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ

‘ਆਪ’ ਸਰਕਾਰ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ‘ਚ ਉਦਯੋਗਾਂ ਦਾ ਕਰੇਗੀ ਵਿਕਾਸ – ਕੇਜਰੀਵਾਲ

ਅੰਮ੍ਰਿਤਸਰ, 13 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ’ਚ ਮੁੱਖ ਮੰਤਰੀ ਅਹੁੱਦੇ ਦੇ ਉਮੀਦਵਾਰ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਗੁਰੂ ਕੀ ਨਗਰੀ ਵਿੱਚ ਪਾਰਟੀ ਦੇ ਉਮੀਦਵਾਰਾਂ ਡਾ. ਜੀਵਨਜੋਤ ਕੌਰ, ਡਾ. ਜਸਬੀਰ ਸਿੰਘ, ਡਾ. ਅਜੇ ਗੁਪਤਾ, ਡਾ. ਇੰਦਰਬੀਰ ਸਿੰਘ ਨਿੱਜ਼ਰ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਆਈ.ਪੀ.ਐਸ ਲਈ ਚੋਣ ਪ੍ਰਚਾਰ ਕੀਤਾ।ਜਿਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਲੋਕਾਂ ਨੂੰ ਅਪੀਲ ਕੀਤੀੰ ਕਿ 2022 ਦੀਆਂ ਚੋਣਾਂ ਪੰਜਾਬ ਨੂੰ ਰਵਾਇਤੀ ਸਿਆਸੀ ਪਾਰਟੀਆਂ ਦੀ ਲੁੱਟ ਖਸੁੱਟ ਤੋਂ ਬਚਾਉਣ ਦਾ ਇੱਕ ਸੁਨਿਹਰੀ ਮੌਕਾ ਹੈ।ਇਸ ਲਈ ਅੰਮ੍ਰਿਤਸਰ ਵਾਸੀ ਆਮ ਆਦਮੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਇੱਕ ਇੱਕ ਵੋਟ ਪਾ ਕੇ ਜਿਤਾਉਣ ਤਾਂ ਜੋ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਸੂਬੇ ਦਾ ਸਰਵਪੱਖੀ ਵਿਕਾਸ ਕੀਤਾ ਜਾ ਸਕੇ।
                ਅੱਜ ਗੁਰੂ ਕੀ ਨਗਰੀ ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਬਕਾ ਪੁਲੀਸ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਦੇ ਹੱਕ ਵਿੱਚ ਹਲਕਾ ਅੰਮ੍ਰਿਤਸਰ ਉਤਰੀ, ਡਾ. ਇੰਦਰਬੀਰ ਸਿੰਘ ਨਿੱਜ਼ਰ ਲਈ ਦੱਖਣੀ, ਡਾ. ਅਜੇ ਗੁਪਤਾ ਲਈ ਕੇਂਦਰੀ, ਡਾ. ਜਸਬੀਰ ਸਿੰਘ ਲਈ ਪੱਛਮੀ ਅਤੇ ਡਾ. ਜੀਵਨਜੋਤ ਕੌਰ ਲਈ ਹਲਕਾ ਪੂਰਬੀ ‘ਚ ਚੋਣ ਪ੍ਰਚਾਰ ਕੀਤਾ ਅਤੇ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕੀਤਾ।ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਨੇ ਇਸ ਸਰਹੱਦੀ ਹਲਕੇ ’ਚ ਸਕੂਲਾਂ, ਕਾਲਜਾਂ, ਹਸਪਤਾਲਾਂ ਦੀ ਤਰੱਕੀ ਲਈ ਕੋਈ ਕਦਮ ਨਹੀਂ ਚੁੱਕਿਆ।ਉਦਯੋਗਾਂ ਨੂੰ ਬਰਬਾਦ ਕਰ ਦਿੱਤਾ।ਉਨਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਗੁਰੂ ਕੀ ਨਗਰੀ ਸਮੇਤ ਸਰਹੱਦੀ ਜ਼ਿਲੇ ਵਿੱਚ ਉਦਯੋਗਾਂ ਨੂੰ ਵਿਕਸਤ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਚੰਗੀ ਤੇ ਸਸਤੀ ਸਿੱਖਿਆ ਅਤੇ ਇਲਾਜ ਪ੍ਰਦਾਨ ਕੀਤਾ ਜਾਵੇਗਾ।
                   ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਨੇ ਹਲਕਾ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਨਾਂ ਹੱਥ ਨਸ਼ਾ ਮਾਫੀਆ ਅਤੇ ਝੂਠੇ ਸੁਫ਼ਨੇ ਵੇਚਣ ਵਾਲਿਆਂ ਨੂੰ ਸਬਕ ਸਿਖਾਉਣ ਦਾ ਸਹੀ ਮੌਕਾ ਹੈ।ਰਜਵਾੜਾਸ਼ਾਹੀ ਲੋਕਾਂ ਨੂੰ ਲੋਕਤੰਤਰ ਦੀ ਤਾਕਤ ਦਿਖਾਉਣ ਦਾ ਮੌਕਾ ਹੈ ਤਾਂ ਜੋ ਆਮ ਘਰ ਦੀ ਧੀ ਅਤੇ ਸਮਾਜਸੇਵੀ ਡਾ. ਜੀਵਨਜੋਤ ਕੌਰ ਦੇ ਹੱਥ ਸੱਤਾ ਦੀ ਲਗਾਮ ਦਿੱਤੀ ਜਾ ਸਕੇ।ਮਾਨ ਨੇ ਕਿਹਾ ਕਿ ਇੱਥੋਂ ਦੇ ਖਾਨਦਾਨੀ ਸਿਆਸੀ ਆਗੂ ਲੋਕਾਂ ਦੀਆਂ ਵੋਟਾਂ ਲੈ ਕੇ ਚੰਡੀਗੜ ਜਾ ਬੈਠਦੇ ਹਨ, ਜਦੋਂ ਕਿ ਆਮ ਲੋਕ ਵੱਖ-ਵੱਖ ਤਰਾਂ ਦੀਆਂ ਸਮੱਸਿਆਵਾਂ ਨਾਲ ਜੂਝਦੇ ਰਹੇ ਹਨ।ਆਮ ਅਦਾਮੀ ਪਾਰਟੀ ਰਾਜਨੀਤਿਕ ਤਬਦੀਲੀ ਦੇ ਨਾਲ-ਨਾਲ ਆਮ ਲੋਕਾਂ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹੈ।
               ਇਸ ਮੌਕੇ ਪਾਰਟੀ ਉਮੀਦਵਾਰਾਂ ਤੋਂ ਇਲਾਵਾ ਪਾਰਟੀ ਦੇ ਸੂਬਾ ਅਤੇ ਸਥਾਨਕ ਪੱਧਰ ਦੇ ਆਗੂ ਵੀ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …