ਸਾਹਿਤ ਅਕਾਦਮੀ ਪੁਰਸਕਾਰ ਜੇਤੂ ਖ਼ਾਲਿਦ ਹੁਸੈਨ ਵਿਸ਼ੇਸ਼ ਤੌਰ ‘ਤੇ ਪਹੁੰਚੇ
ਅੰਮ੍ਰਿਤਸਰ, 14 ਫਰਵਰੀ (ਖੁਰਮਣੀਆਂ) – ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਆਯੋਜਿਤ ਸੱਤਵੇਂ ਅੰਮ੍ਰਿਤਸਰ ਸਾਹਿਤ ਉਤਸਵ-2022 ਦੇ ਦੂਜੇ ਦਿਨ ਦੇ ਪਹਿਲੇ
ਸਮਾਗਮ ਵਿਚ ਭਾਸ਼ਾ: ਸਿਧਾਂਤ ਅਤੇ ਪਾਸਾਰ ਵਿਸ਼ੇ ‘ਤੇ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਦਿਆਂ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮੌਜੂਦਾ ਕਾਲ ਵਿੱਚ ਦੁਨੀਆਂ ਨੂੰ ਇੱਕ ਵੱਡੇ ਬਦਲ ਦੀ ਲੋੜ ਹੈ ਅਤੇ ਇਹ ਬਦਲ ਮਹੁੱਬਤ ਅਤੇ ਪ੍ਰੇਮ ਕੇਂਦਰਿਤ ਭਾਸ਼ਾ ਸਿਰਜ਼ ਕੇ ਕੀਤਾ ਜਾ ਸਕਦਾ ਹੈ। ਇਹ ਸੱਤਵਾਂ ਅੰਮ੍ਰਿਤਸਰ ਸਾਹਿਤ ਉਤਸਵ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਵਿਸ਼ੇਸ਼ ਸਹਿਯੋਗ ਨਾਲ ਖਾਲਸਾ ਕਾਲਜ ਫਾਰ ਵੁਮੈਨ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ।ਜਿਸ ਵਿਚ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਸਾਹਿਤ ਪ੍ਰੇਮੀਆਂ ਤੋਂ ਇਲਾਵਾ ਵੱਖ-ਵੱਖ ਅਕਾਦਮਿਕ ਅਤੇ ਖੋਜ਼ ਅਦਾਰਿਆਂ ਦੇ ਵਿਦਵਾਨ, ਖੋਜਾਰਥੀ ਅਤੇ ਵਿਦਿਆਰਥੀ ਭਾਗ ਲੈ ਰਹੇ ਹਨ।
ਸੈਮੀਨਾਰ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਕੱਤਰ ਡਾ. ਰਵੇਲ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਪੰਜਾਬ ਤਕ ਹੀ ਮਹਿਦੂਦ ਨਾ ਰੱਖਿਆ ਜਾਵੇ।ਭਾਰਤ ਦੇ ਹੋਰ ਇਲਾਕਿਆਂ ਅਤੇ ਵਿਦੇਸ਼ਾਂ ਵਿੱਚ ਵੀ ਪੰਜਾਬੀ ਭਾਸ਼ਾ ਵਧ ਫੁੱਲ ਰਹੀ ਹੈ।ਸਾਹਿਤ ਅਕਾਦਮੀ ਦੁਆਰਾ ਸਨਮਾਨਿਤ ਸਾਹਿਤਕਾਰ ਖ਼ਾਲਿਦ ਹੁਸੈਨ ਨੇ ਕਿਹਾ ਕਿ ਪੰਜਾਬ ਦੀਆਂ ਉਪ ਬੋਲੀਆਂ ਜਿਵੇਂ ਕਿ ਪੋਠੋਹਾਰੀ, ਡੋਗਰੀ, ਪਹਾੜੀ ਆਦਿ ਵੱਲ ਦੇਣਾ ਚਾਹੀਦਾ ਹੈ ਅਤੇ ਸਮੇਂ ਦੀ ਲੋੜ ਹੈ ਕਿ ਦੋਵਾਂ ਪੰਜਾਬਾਂ ਨੂੰ ਦੋਵੇਂ ਲਿਪੀਆਂ ਜ਼ਰੂਰ ਸਿਖਣੀਆਂ ਚਾਹੀਦੀਆਂ ਹਨ ਅਤੇ ਇਹੀ ਸੰਚਾਰ ਤੇ ਪਿਆਰ ਦਾ ਮਾਧਿਆਮ ਬਣ ਸਕਦੀਆਂ ਹਨ।ਉਨ੍ਹਾਂ ਮੱਧਕਾਲੀ ਪੰਜਾਬੀ ਅਤੇ ਲਹਿੰਦੀ ਪੰਜਾਬੀ ਦੇ ਸਾਹਿਤ ਦੇ ਪਾਠ-ਪਠਨ ਦੀ ਲੋੜ ‘ਤੇ ਜ਼ੋਰ ਦਿੱਤਾ।
ਸੈਮੀਨਾਰ ਦੌਰਾਨ ਪੜ੍ਹੇ ਗਏ ਖੋਜ ਪਰਚਿਆਂ ਵਿੱਚ ਡਾ. ਚਰਨਦੀਪ ਸਿੰਘ ਨੇ ਮਾਤਾ ਭਾਸ਼ਾ ਦੇ ਵੱਖ-ਵੱਖ ਪਾਸਾਰਾਂ ਨੂੰ ਉਜ਼ਾਗਰ ਕਰਦਿਆਂ ਲਿਪੀ ਦੀ ਮਹੱਤਤਾ ਦੇ ਜ਼ੋਰ ਪਾਇਆ।ਦਿੱਲੀ ਯੂਨੀਵਰਸਿਟੀ ਤੋਂ ਹਰਕਮਲਪ੍ਰੀਤ ਸਿੰਘ ਨੇ ਖੋਜ਼ ਪੱਤਰ ਪੇਸ਼ ਕਰਨ ਸਮੇਂ ਭਾਸ਼ਾ ਦੇ ਸਿਰਜਣਾਤਮਕ ਪਾਸਾਰ ਬਾਰੇ ਬੋਲਦਿਆਂ ਦੱਸਿਆ ਕਿ ਸਿਰਜਣਾ ਭਾਸ਼ਾ ਵਿਚ ਕਿਸ ਤਰੀਕੇ ਨਾਲ ਅਸਲ ਨੂੰ ਕਾਲਪਨਿਕ ਸੰਸਾਰ ਵਿਚ ਢਾਲ ਨਵੇਂ ਅਰਥ ਪ੍ਰਦਾਨ ਕਰਦੀ ਹੈ।ਇਸੇ ਯੂਨੀਵਰਸਿਟੀ ਤੋਂ ਹੀ ਸੰਦੀਪ ਸ਼ਰਮਾ ਨੇ ਕਾਵਿ ਭਾਸ਼ਾ ਵਿਚ ਲੈਅ, ਸੰਗੀਤਕਤਾ ਅਤੇ ਪਰਗੀਤਕਤਾ ਰਾਹੀਂ ਕਾਵਿਕ ਭਾਸ਼ਾ ਦੇ ਵੱਖੋਂ ਵੱਖਰੀਆਂ ਸ਼ੈਲੀਆਂ ‘ਤੇ ਰੌਸ਼ਨੀ ਪਾਈ। ਜਾਮੀਆ ਮਿਲੀਆ ਇਸਲਾਮੀਆ ਤੋਂ ਡਾ. ਹੀਰਾ ਸਿੰਘ ਨੇ ਦੱਸਿਆ ਕਿ ਅਰਥ ਕਿਸ ਤਰੀਕੇ ਨਾਲ ਕਾਲ ਦੀਆਂ ਕਿੰਨੀਆਂ ਹੀ ਤੈਹਾਂ ਆਪਣੇ ਅੰਦਰ ਸਮੋਈ ਬੈਠਾ ਹੈ। ਕਿਸੇ ਵੀ ਸ਼ਬਦ ਨੂੰ ਸਮਜਣ ਵੇਲੇ ਅਸੀਂ ਪਾਰਕਾਲਤਾ ‘ਚੋਂ ਨਿਕਲਦੇ ਹਾਂ।ਡਾ. ਹੀਰਾ ਸਿੰਘ, ਡਾ. ਦਵਿੰਦਰ ਸਿੰਘ ਨੇ ਵੀ ਆਪਣੇ ਵਿਚਾਰ ਵਿਅਕਤ ਕੀਤੇ।
ਸੁਆਮੀ ਅੰਤਰਨੀਰਵ ਦੀ ਕਾਵਿ ਪੁਸਤਕ ਨਹੀਂ ‘ਤੇ ਕੀਤੀ ਗਈ ਪੁਸਤਕ ਰਿਲੀਜ਼ ਅਤੇ ਗੋਸ਼ਟੀ ਦੌਰਾਨ ਪ੍ਰਸਿੱਧ ਅਲੋਚਕ ਡਾ. ਮਨਮੋਹਨ ਨੇ ਕਿਹਾ ਕਿ ਗਿਆਨ ਦੀ ਪਹਿਲੀ ਪੌੜੀ ਨਹੀਂ ਤੋਂ ਸ਼ੁਰੂ ਹੁੰਦੀ ਹੈ। ‘ਹੈ’ ਨੂੰ ਜਾਨਣ ਲਈ ਨਹੀਂ ਤੋਂ ਸ਼ੁਰੂ ਤੋਂ ਸ਼ੁਰੁੂਆਤ ਕਰਨੀ ਜ਼ਰੂਰੀ ਹੈ।ਉਨ੍ਹਾਂ ਕਿਹਾ ਕਿ ਅਸਲ ਕਵੀ ਉਹ ਹੀ ਹੈ ਜੋ ਆਪਣੇ ਅੰਦਰ ਦੀ ਯਾਤਰਾ ਕਰਦਾ ਹੈ। ਮੁੱਖ ਮਹਿਮਾਨ ਦੇਸ ਰਾਜ ਕਾਲੀ ਨੇ ਉਨ੍ਹਾਂ ਦੀ ਕਵਿਤਾ ਵਿਚ ਵਰਤੇ ਗਏ ਪਾਤਰਾਂ ‘ਤੇ ਨਿੱਠ ਕੇ ਚਰਚਾ ਕੀਤੀ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪਰਵੀਨ ਕੁਮਾਰ ਨੇ ਆਪਣਾ ਖੋਜ਼ ਪੱਤਰ ਪੇਸ਼ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਕਵੀ ਆਮ ਲੋੋਕਾਈ ਨਾਲ ਜੁੜਿਆ ਵਿਅਕਤੀ ਹੈ ਅਤੇ ਇਸ ਦੀ ਕਵਿਤਾ ਨੂੰ ਪੜ੍ਹਦਿਆਂ ਲੋਕ ਮਨ ਦੀ ਸਮਝ ਪੈਂਦੀ ਹੈ ਅਤੇ ਨਵੀਂ ਸਿਧਾਂਤਕਾਰੀ ਦੀ ਲੋੜ ਮਹਿਸੂਸ ਹੁੰਦੀ ਹੈ।ਸੁਆਮੀ ਅੰਤਰਨੀਰਵ ਨੇ ਆਪਣੀ ਪੁਸਤਕ ਬਾਰੇ ਗੱਲ ਕਰਦਿਆਂ ਕਿਹਾ ਕਿ ਇਹ ਨਹੀਂ ਅਸਲ ਵਿਚ ਉਹ ਹੈ ਜਿਸ ਨੂੰ ਮੈਂ ਕਵਿਤਾ ਵਿਚ ਫੜ ਨਹੀਂ ਪਾਉਂਦਾ ਹੈ ਅਤੇ ਸ਼ਾਇਦ ਹਰ ਕਵੀ ਕੁੱਝ ਤਲਾਸ਼ ਰਿਹਾ ਹੈ ਜਿਸ ਤਲਾਸ਼ ਤੋਂ ਬਾਅਦ ਉਸਦੀ ਲੇਖਣੀ ਸਮਾਪਤ ਹੋ ਜਾਵੇ। ਉਨ੍ਹਾਂ ਆਪਣੀਆਂ ਕਵਿਤਾਵਾਂ ਵੀ ਸਾਂਝੀਆਂ ਕੀਤੀਆਂ।ਖਾਲਿਦ ਹੁਸੈਨ, ਰੇਸ਼ਮ ਸਿੰਘ, ਗੁਰਜੰਟ ਸਿੰਘ, ਹੀਰਾ ਸਿੰਘ, ਇਮਰਤਪਾਲ ਸਿੰਘ ਅਤੇ ਹੋਰ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ।
ਇਸ ਮੌਕੇ ਆਸਾ ਦੀ ਵਾਰ (ਡਾ. ਦੇਵਿੰਦਰ ਸਿੰਘ), ਤੇਰੇ ਜੇਡ ਨਾ ਕੋਈ (ਪਿੰਦਰ ਨਾਗਰਾ) ਅਤੇ ਨਹੀਂ (ਸੁਆਮੀ ਅੰਤਰਨੀਰਵ) ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ ।
ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਦੇ ਸਕੱਤਰ ਵਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਤਸਵ ਦੇ ਤੀਜੇ ਦਿਨ ਬਸੰਤ ਰਾਗ ਗਾਇਨ ਨਾਲ ਸ਼ੁਰੂ ਹੋਣ ਵਾਲੇ ਚੜ੍ਹਿਆ ਬਸੰਤ ਕਵੀ ਦਰਬਾਰ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਅੱਜ ਦੇ ਸਮਾਗਮਾਂ ਵਿਚ ਡਾ. ਸਰਬਜੀਤ ਕੌਰ ਸੋਹਲ, ਡਾ. ਸੁਰਿੰਦਰ ਕੋਰ, ਦਰਸ਼ਨ ਬੁੱਟਰ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਵੱਖ ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਖੋਜਾਰਥੀਆਂ ਵਿਦਿਆਰਥੀਆਂ ਨੇ ਭਾਗ ਲਿਆ ਅਤੇ ਚਿਤਰਕਲਾ, ਲੱਕੜਕਾਰੀ, ਪੁਰਾਤਨ ਸਾਜ਼ ਅਤੇ ਪੁਸਤਕ ਪ੍ਰਦਰਸ਼ਨੀਆਂ ਵਿਚ ਵਿਸ਼ੇਸ਼ ਰੁਚੀ ਨਾਲ ਸ਼ਮੂਲੀਅਤ ਕੀਤੀ।
Punjab Post Daily Online Newspaper & Print Media