Wednesday, August 26, 2026

ਹਲਕਾ ਪੂਰਬੀ ‘ਚ ਨਵਜੋਤ ਸਿੱਧੂ ਨੁੰ ਵੱਡਾ ਝਟਕਾ, ਕਾਂਗਰਸੀ ਕੌਂਸਲਰ ਜਤਿੰਦਰ ਕੌਰ ਸੋਨੀਆ ਅਕਾਲੀ ਦਲ ‘ਚ ਸ਼ਾਮਲ

ਕਾਂਗਰਸ ਦੀ ਨਫਰਤ ਦੀ ਰਾਜਨੀਤੀ ਦੇ ਖਾਤਮੇ ਲਈ ਲੋਕ ਇਕਜੁੱਟ ਹੋਏ – ਮਜੀਠੀਆ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਹਲਕਾ ਪੂਰਬੀ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਵਾਰਡ ਨੰਬਰ 47 ਤੋਂ ਕਾਂਗਰਸ ਦੇ ਕੌਂਸਲਰ ਜਤਿੰਦਰ ਕੌਰ ਸੋਨੀਆ ਸੀਨੀਅਰ ਅਕਾਲੀ ਆਗੂ ਤੇ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ‘ਚ ਸ਼ਾਮਲ ਹੋ ਗਏ।ਅਕਾਲੀ ਦਲ ਦੇ ਜਨਰਲ ਸਕੱਤਰ ਰਾਜਨ ਗਿੱਲ ਵੀ ਇਸ ਸਮੇਂ ਹਾਜ਼ਰ ਸਨ।
               ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਜਤਿੰਦਰ ਕੌਰ ਸੋਨੀਆ ਨੁੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਤੇ ਭਰੋਸਾ ਦੁਆਇਆ ਕਿ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ।ਉਨਾਂ ਨੇ ਕਿਹਾ ਕਿ ਕਾਂਗਰਸ ਦੀ ਨਫਰਤ ਦੀ ਰਾਜਨੀਤੀ ਦਾ ਖ਼ਾਤਮੇ ਲਈ ਲੋਕ ਇਕਜੁੱਟ ਹੋ ਰਹੇ ਹਨ। ਉਹਨਾਂ ਦੱਸਿਆ ਕਿ ਜਤਿੰਦਰ ਕੌਰ ਸੋਨੀਆ ਜ਼ਮੀਨੀ ਪੱਧਰ `ਤੇ ਕੰਮ ਕਰਨ ਵਾਲੇ ਆਗੂ ਹਨ, ਜੋ 6 ਸਾਲ ਕਾਂਗਰਸ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਹੇ ਹਨ।ਤਿੰਨ ਵਾਰ ਕੌਂਸਲਰ ਰਹੇ ਜਤਿੰਦਰ ਕੌਰ ਸੋਨੀਆ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਵੱਡਾ ਝਟਕਾ ਲੱਗਾ ਹੈ। ਉਹਨਾਂ ਕਿਹਾ ਕਿ ਜਤਿੰਦਰ ਕੌਰ ਸੋਨੀਆ ਤੇ ਉਹਨਾਂ ਦੇ ਸਾਥੀ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨਾਲ ਨਰਾਜ਼ ਸਨ।
              ਲੱਡੂ ਪਹਿਲਵਾਨ, ਰਾਜੇਸ਼ ਮਦਾਨ ਤੇ ਰਾਜਿੰਦਰ ਸੈਣੀ ਤੋਂ ਬਾਅਦ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਜਤਿੰਦਰ ਕੌਰ ਸੋਨੀਆ ਚੌਥੇ ਕੌਂਸਲਰ ਹਨ।
                 ਕੌਂਸਲਰ ਜਤਿੰਦਰ ਕੌਰ ਸੋਨੀਆ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਇਮਾਨਦਾਰੀ ਬਿਲਕੁੱਲ ਢੋਂਗ ਹੈ।ਉਹਨਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਅੱਠ ਲੱਖ ਰੁਪਏ ਪ੍ਰਤੀ ਪਟਵਾਰੀ ਬਦਲੀ ਦਾ ਲਿਆ ਹੈ।ਕੌਂਸਲਰ ਲਈ ਟਿਕਟਾਂ ਵੀ ਇਹਨਾਂ ਪੈਸੇ ਲੈ ਕੇ ਵੇਚੀਆਂ ਹਨ।ਜਤਿੰਦਰ ਕੌਰ ਸੋਨੀਆ ਨੇ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ।
               ਇਸ ਮੌਕੇ ਊਸ਼ਾ ਸ਼ਰਮਾ, ਸੰਜੇ ਪ੍ਰਧਾਨ, ਦੀਪਕ ਸੇਠ, ਗੁਰਪ੍ਰਤਾਪ ਸਿੰਘ ਹੈਪੀ, ਰਾਜੇਸ਼ ਕੁਮਾਰ, ਹਰਪਾਲ, ਹਰਿੰਦਰ, ਨਿਸ਼ਾਨ ਸਿੰਘ, ਵਿਵੇਕ ਖੰਨਾ, ਜਤਿੰਦਰ ਤੇ ਸੋਨੀ ਆਦਿ ਆਗੂ ਵੀ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ।

Check Also

ਖ਼ਾਲਸਾ ਕਾਲਜ ਵਿਖੇ ਸੰਗੀਤ ਥੈਰੇਪੀ ਅਤੇ ਕੈਂਸਰ ਰੇਡੀਏਸ਼ਨ ‘ਤੇ ਲੈਕਚਰ ਕਰਵਾਇਆ

ਅੰਮ੍ਰਿਤਸਰ, 25 ਅਗਸਤ (ਸੁਖਬੀਰ ਸਿੰਘ ਖੂਰਮਣੀਆਂ)¸- ਖ਼ਾਲਸਾ ਕਾਲਜ ਦੇ ਸੰਗੀਤ ਵਿਭਾਗ ਵੱਲੋਂ ‘ਕੈਂਸਰ ਰੇਡੀਏਸ਼ਨ ‘ਤੇ …