Sunday, October 18, 2026

ਜਿਲ੍ਹਾ ਭਾਸ਼ਾ ਦਫ਼ਤਰ ਵਿਖੇ ਮਨਾਇਆ ਕੌਮਾਂਤਰੀ ਮਾਤ ਭਾਸ਼ਾ ਦਿਵਸ

ਮਾਂ ਬੋਲੀ ਦੇ ਪ੍ਰਚਾਰ, ਪ੍ਰਸਾਰ ਤੇ ਵਿਕਾਸ ਲਈ ਕੀਤੀ ਵਿਚਾਰ ਚਰਚਾ

ਅੰਮ੍ਰਿਤਸਰ, 21 ਫਰਵਰੀ (ਦੀਪ ਦਵਿੰਦਰ ਸਿੰਘ) – ਮਾਝੇ ਦੀ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਵਿਖੇ ਜਿਲ੍ਹੇ ਦੀਆਂ ਵੱਖ-ਵੱਖ ਸਾਹਿਤਕ ਸਭਾਵਾਂ ਦੇ ਨੁਮਾਇੰਦਿਆਂ ਅਤੇ ਸਾਹਿਤਕਾਰਾਂ ਦੀ ਹਾਜ਼ਰੀ `ਚ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।ਅੰਮ੍ਰਿਤਸਰ ਦੇ ਜਿਲ੍ਹਾ ਭਾਸ਼ਾ ਦਫ਼ਤਰ ਵਿਖੇ ਜਿਲ੍ਹਾ ਭਾਸ਼ਾ ਅਫ਼ਸਰ ਅੰਮ੍ਰਿਤਸਰ ਹਰਮੇਸ਼ ਕੌਰ ਜੋਧੇ ਦੀ ਅਗਵਾਈ ‘ਚ ਵਿਚਾਰ ਚਰਚਾ, ਕਵੀ ਦਰਬਾਰ ਤੇ ਸਨਮਾਨ ਸਮਾਰੋਹ ਹੋਇਆ।ਜਿਸ ਦੀ ਪ੍ਰਧਾਨਗੀ ਜਿਲ੍ਹਾ ਲਾਇਬ੍ਰੇਰੀਅਨ ਡਾ. ਪ੍ਰਭਜੋਤ ਕੌਰ ਸੰਧੂ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਸਕੱਤਰ ਧਰਵਿੰਦਰ ਸਿੰਘ ਔਲਖ ਤੇ ਦੀਪ ਦਵਿੰਦਰ ਸਿੰਘ, ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਐਂਕਰ ਦੂਰਦਰਸ਼ਨ ਜਲੰਧਰ, ਗੁਰਵੇਲ ਕੋਹਾਲਵੀ, ਚੇਅਰਮੈਨ ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਪੰਜਾਬ ਨੇ ਸਾਂਝੇ ਰੂਪ ਵਿੱਚ ਕੀਤੀ।ਮੰਚ ਸੰਚਾਲਨ ਸ਼ੇਲਿੰਦਰਜੀਤ ਸਿੰਘ ਰਾਜ਼ਨ ਨੇ ਕੀਤਾ।
                ਵਿਚਾਰ ਚਰਚਾ ਦੌਰਾਨ ਹਾਜ਼ਰ ਸਾਹਿਤਕਾਰਾਂ ਤੇ ਵਿਦਵਾਨਾਂ ਨੇ ਪੰਜਾਬੀ ਮਾਤ ਭਾਸ਼ਾ ਦੇ ਵਿਕਾਸ, ਪ੍ਰਚਾਰ ਤੇ ਪ੍ਰਸਾਰ ਲਈ ਉਸਾਰੂ ਸੁਝਾਅ ਦਿੰਦੇ ਹੋਏ ਕਿਹਾ ਕਿ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਮੇਂ ਕਿਸੇ ਵੀ ਸਿਆਸੀ ਪਾਰਟੀ ਦੇ ਏਜੰਡੇ ‘ਤੇ ਮਾਤ ਭਾਸ਼ਾ ਦਾ ਮੁੱਦਾ ਨਹੀਂ ਹੈ ਅਤੇ ਨਾ ਹੀ ਹੁਣ ਤੱਕ ਕਿਸੇ ਵੀ ਸਰਕਾਰ ਨੇ ਮਾਤ ਭਾਸ਼ਾ ਦੇ ਵਿਕਾਸ ਲਈ ਗੰਭੀਰਤਾ ਵਿਖਾਈ ਹੈ।ਉਨ੍ਹਾਂ ਮੰਗ ਕੀਤੀ ਕਿ ਸਰਕਾਰੀ ਦਫਤਰਾਂ ਦਾ ਸਾਰਾ ਕੰਮ ਕਾਰ ਪੰਜਾਬੀ ਵਿੱਚ ਹੋਵੇ ਅਤੇ ਪੰਜਾਬੀ ਬੋਲਣ ਤੋਂ ਰੋਕਣ ਵਾਲੇ ਵਿਦਿਅਕ ਅਦਾਰਿਆਂ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ।ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬੀ ਰੋਜ਼ਗਾਰ ਦੀ ਭਾਸ਼ਾ ਹੋਣੀ ਚਾਹੀਦੀ ਹੈ ।
           ਗੁਰਮੁੱਖੀ ਦੇ ਵਾਰਿਸ ਪੰਜਾਬੀ ਸਾਹਿਤ ਸਭਾ ਵਲੋਂ ਐਡਵੋਕੇਟ ਸ਼ੁਕਰਗੁਜ਼ਾਰ ਸਿੰਘ ਤੇ ਸ਼ੇਲਿੰਦਰਜੀਤ ਸਿੰਘ ਰਾਜ਼ਨ ਨੂੰ ਸਨਮਾਨਿਤ ਕੀਤਾ ਗਿਆ।
              ਕਵੀ ਦਰਬਾਰ ਵਿੱਚ ਗੁਰਬਾਜ਼ ਸਿੰਘ ਛੀਨਾ, ਐਡਵੋਕੇਟ ਵਿਸ਼ਾਲ ਸ਼ਰਮਾ, ਸਤਨਾਮ ਸਿੱਧੂ ਫਰੀਦਕੋਟੀ, ਐਡਵੋਕੇਟ ਨਵਨੀਤ ਸਿੰਘ, ਮੈਡਮ ਚੰਨਪ੍ਰੀਤ ਕੌਰ, ਅਮਨਪ੍ਰੀਤ ਸਿੰਘ ਅਠੌਲਾ, ਨਰਾਇਣ ਭਗਤ, ਰਾਜਪਾਲ ਸ਼ਰਮਾ, ਰਸ਼ਪਿੰਦਰ ਕੌਰ ਗਿੱਲ, ਮਾਸਟਰ ਲਖਵਿੰਦਰ ਸਿੰਘ ਮਾਨ ਹਵੇਲੀਆਣਾ, ਸੁਰਿੰਦਰ ਸਿੰਘ ਚੋਹਕਾ ਨੇ ਮਾਤ ਭਾਸ਼ਾ ਨਾਲ ਸਬੰਧਤ ਕਾਵਿ ਰਚਨਾਵਾਂ ਪੇਸ਼ ਕੀਤੀਆਂ।
             ਅੰਤ ‘ਚ ਜਿਲ੍ਹਾ ਭਾਸ਼ਾ ਅਫਸਰ ਹਰਮੇਸ਼ ਕੌਰ ਜੋਧੇ ਨੇ ਸਮਾਗਮ ਵਿੱਚ ਹਾਜ਼ਰ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।