Wednesday, February 25, 2026

ਯੂਕਰੇਨ ‘ਚ ਫਸੇ ਦੋ ਭੈਣ ਭਰਾਵਾਂ ਦੇ ਮਾਪਿਆਂ ਨੇ ਉਨ੍ਹਾਂ ਨੂੰ ਸਹੀ ਸਲਾਮਤ ਘਰ ਲ਼ਿਆਉਣ ਦੀ ਲਾਈ ਗੁਹਾਰ

ਬਲਾਚੌਰ, 1 ਮਾਰਚ (ਉਮੇਸ਼ ਜੋਸ਼ੀ) – ਰੂਸ ਵਲੋਂ ਯੂਕਰੇਨ ‘ਤੇ ਕੀਤੇ ਹਮਲੇ ਦੌਰਾਨ ਆਪਣੇ ਬੱਚਿਆਂ ਦਾ ਸੁਨਹਿਰੀ ਭਵਿੱਖ ਬਣਾਉਣ ਲਈ ਪੜ੍ਹਾਈ ਲਈ ਵਿਦੇਸ਼ ਭੇਜੇ ਬੱਚਿਆਂ ਦੇ ਜੰਗ ਵਿੱਚ ਫਸ ਜਾਣ ਕਾਰਨ ਚਿੰਤਤ ਮਾਪਿਆਂ ਵਲੋਂ ਬੱਚਿਆਂ ਦੀ ਸਹੀ ਸਲਾਮਤ ਘਰ ਵਾਪਸੀ ਲਈ ਸਰਕਾਰਾਂ ਨੂੰ ਅਪੀਲਾਂ ਕੀਤੀਆਂ ਜਾ ਰਹੀਆਂ ਹਨ।
ਸਥਾਨਕ ਬਲਾਚੌਰ ਦੇ ਲਾਗਲੇ ਪਿੰਡ ਨਿਆਣਾ ਬੇਟ ਦੇ ਦੋ ਸਕੇ ਭੈਣ ਭਰਾਵਾਂ ਦੇ ਯੂਕਰੇਨ ਦੇ ਖ਼ਾਰਕੀਵ ਖੇਤਰ `ਚ ਫਸ ਜਾਣ ‘ਤੇ ਉਨਾਂ ਦੇ ਮਾਪਿਆਂ ਵੱਲੋਂ ਵੀ ਅਪੀਲ ਕੀਤੀ ਗਈ ਹੈ ਕਿ ਭਾਰਤ ਸਰਕਾਰ ਉਨ੍ਹਾਂ ਦੇ ਬੱਚਿਆਂ ਦੀ ਸਹੀ ਸਲਾਮਤ ਘਰ ਵਾਪਸੀ ਯਕਨਿੀ ਬਣਾਵੇ।
                   ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦੀ ਤਹਿਸੀਲ ਬਲਾਚੌਰ `ਚ ਪੈਂਦੇ ਪਿੰਡ ਨਿਆਣਾ ਬੇਟ ਦੇ ਰਸ਼ਪਾਲ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਅਤੇ ਲੜਕਾ ਦੋਵੇਂ ਯੂਕਰੇਨ ਦੇ ਖ਼ਾਰਕੀਵ ਖੇਤਰ `ਚ ਇਸ ਸਮੇਂ ਬੜੇ ਔਖੇ ਹਾਲਾਤਾਂ ਚ ਬੰਕਰ `ਚ ਦਿਨ ਕਟੀ ਕਰ ਰਹੇ ਹਨ।ਉਨ੍ਹਾਂ ਦੀ ਲੜਕੀ ਕਾਜ਼ਲ ਐਮ.ਬੀ.ਬੀ.ਐਸ ਦੀ ਪੜ੍ਹਾਈ ਦੇ ਆਖਰੀ ਛੇਵੇਂ ਸਾਲ ਵਿੱਚ ਹੈ ਅਤੇ ਲੜਕਾ ਅਸ਼ੋਕ ਸਿੰਘ ਚੌਥੇ ਸਾਲ ਦੀ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਿਹਾ ਹੈ।ਉਨ੍ਹਾਂ ਦੇ ਦੋਨੋਂ ਬੱਚੇ ਖਾਰਕੀਵ ਖੇਤਰ ‘ਚ ਇਕ ਹੀ ਜਗ੍ਹਾ ਰਿਹਾਇਸ਼ ਰੱਖਦੇ ਹਨ।ਰੂਸ ਵਲੋਂ ਯੂਕਰੇਨ ਉਪਰ ਕੀਤੇ ਹਮਲੇ ਦੀ ਖ਼ਬਰ ਸੁਣ ਕੇ ਉਹ ਆਪਣੇ ਬੱਚਿਆਂ ਦੀ ਸਲਾਮਤੀ ਲਈ ਚਿੰਤਤ ਹੋ ਗਏ।ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੱਚਿਆਂ ਨਾਲ ਫੋਨ ਉਪਰ ਗੱਲਬਾਤ ਹੋ ਰਹੀ ਹੈ।ਉਹ ਦੱਸ ਰਹੇ ਹਨ ਕਿ ਉਹ ਇਸ ਸਮੇਂ ਇੱਕ ਬੰਕਰ ਵਿਚ ਰਹਿ ਰਹੇ ਹਨ ਅਤੇ ਉਨ੍ਹਾਂ ਕੋਲ ਖਾਣ ਪੀਣ ਦੇ ਸਾਮਾਨ ਦੀ ਕਾਫ਼ੀ ਘਾਟ ਆ ਚੁੱਕੀ ਹੈ।ਇਸ ਲਈ ਉਨ੍ਹਾਂ ਦੇ ਬੱਚਿਆਂ ਦੀ ਘਰ ਵਾਪਸੀ ਲਈ ਜਲਦ ਤੋਂ ਜਲਦ ਕੋਈ ਚੰਗਾ ਉਪਰਾਲਾ ਕੀਤਾ ਜਾਵੇ।
                      ਰਸ਼ਪਾਲ ਸਿੰਘ ਨੇ ਕਿਹਾ ਕਿ ਉਨਾਂ ਦੀ  ਕੋਸ਼ਿਸ਼ ਦੇ ਬਾਵਜ਼ੂਦ ਵੀ ਉਨ੍ਹਾਂ ਨੂੰ ਇਥੇ ਡਾਕਟਰੀ ਦੀ ਪੜ੍ਹਾਈ ਲਈ ਦਾਖ਼ਲਾ ਪ੍ਰਾਪਤ ਨਹੀਂ ਹੋ ਸਕਿਆ।ਇਸ ਲਈ ਉਨ੍ਹਾਂ ਨੂੰ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਯੂਕਰੇਨ ਭੇਜਣ ਲਈ ਮਜ਼ਬੂਰ ਹੋਣਾ ਪਿਆ।ਉਨ੍ਹਾਂ ਦੱਸਿਆ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਨੂੰ ਡਾਕਟਰੀ ਦੀ ਪੜ੍ਹਾਈ ਲਈ ਇਥੇ ਹੀ ਦਾਖ਼ਲਾ ਮਿਲ ਜਾਂਦਾ ਤਾਂ ਉਨ੍ਹਾਂ ਦੇ ਬੱਚਿਆਂ ਦਾ ਵਿਦੇਸ਼ ਜਾ ਕੇ ਪੜ੍ਹਾਈ ਕਰਨ ਦਾ ਵਿਚਾਰ ਨਹੀਂ ਸੀ ਬਣਦਾ ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …