ਅੰਮ੍ਰਿਤਸਰ, 5 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਹਿਯੋਗ ਨਾਲ 9 ਦਿਨਾਂ ‘ਅੰਮਿ੍ਰਤਸਰ ਸਾਹਿਤ ਉਤਸਵ ਅਤੇ
ਪੁਸਤਕ ਮੇਲਾ-2022’ ਦਾ ਉਦਘਾਟਨ ਪੰਜਾਬ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਰਿਬਨ ਕੱਟ ਕੇ ਕੀਤਾ।ਉਨ੍ਹਾਂ ਦੇ ਨਾਲ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ, ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ, ਪ੍ਰਿੰਸੀਪਲ ਡਾ. ਮਹਿਲ ਸਿੰਘ, ਡਾ. ਸੁਰਜੀਤ ਪਾਤਰ, ਚੇਅਰਪਰਸਨ, ਪੰਜਾਬ ਕਲਾ ਪ੍ਰੀਸ਼ਦ, ਚੰਡੀਗੜ੍ਹ, ਯੁਵਰਾਜ ਮਲਿਕ, ਡਾਇਰੈਕਟਰ, ਐਨ.ਬੀ.ਟੀ ਭਾਰਤ ਸਰਕਾਰ ਵੀ ਮੌਜ਼ੂਦ ਸਨ।
ਇਸ ਦੌਰਾਨ ਗਵਰਨਰ ਸ੍ਰੀ ਪੁਰੋਹਿਤ ਨੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਪੁਸਤਕਾਂ ਪੜ੍ਹਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਪੁਸਤਕਾਂ ਵਿਅਕਤੀ ਦੀ ਮਾਨਸਿਕ ਸ਼ਕਤੀ ’ਚ ਵਾਧਾ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਖ਼ਾਲਸਾ ਕਾਲਜ ਇਸ ਤਰ੍ਹਾਂ ਦੇ ਸਾਹਿਤਕ ਤੇ ਪੁਸਤਕ ਮੇਲੇ ਦਾ ਆਯੋਜਨ ਕਰਕੇ ਆਪਣੇ ਅਮੀਰ ਵਿਰਸੇ ਨੂੰ ਅਗਾਂਹ ਲੈ ਕੇ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਡਿਗਰੀਆਂ ਵੰਡ ਕੇ ਅਤੇ ਇਸ ਪੁਸਤਕ ਮੇਲੇ ਦਾ ਉਦਘਾਟਨ ਕਰਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।
ਮਜੀਠੀਆ ਨੇ ਵਿਦਿਆਰਥੀਆਂ ਅਤੇ ਹੋਰਨਾਂ ਦਰਸ਼ਕਾਂ ਨੂੰ ਇਸ ਪੁਸਤਕ ਮੇਲੇ ਦਾ ਵੱਧ ਤੋਂ ਵੱਧ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ।ਛੀਨਾ ਜੋ ਕਿ ਮੇਲੇ ਦੀ ਪ੍ਰਧਾਨਗੀ ਕਰ ਰਹੇ ਸਨ, ਨੇ ਕਿਹਾ ਕਿ ਕਾਲਜ ਸ਼ੁਰੂ ਤੋਂ ਹੀ ਸਾਹਿਤਕ ਗਤੀਵਿਧੀਆ ਦਾ ਕੇਂਦਰ ਰਿਹਾ ਹੈ ਅਤੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੁੜਣ ਲਈ ਹਮੇਸ਼ਾਂ ਹੀ ਤੱਤਪਰ ਰਹੇਗਾ।ਉਨ੍ਹਾਂ ਦੱਸਿਆ ਕਿ ਭਾਰਤ ਦੇ ਕੇਂਦਰੀ ਸਿੱਖਿਆ ਮੰਤਰਾਲੇ ਦੇ ਕੌਮੀ ਅਦਾਰੇ ਨੈਸ਼ਨਲ ਬੁੱਕ ਟਰੱਸਟ (ਐਨ.ਬੀ.ਟੀ) ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਵਾਰ ਦੇ ਪੁਸਤਕ ਮੇਲੇ ਵਿਚ ਪੂਰੇ ਭਾਰਤ ਤੋਂ ਅੰਗਰੇਜ਼ੀ ਤੇ ਪੰਜਾਬੀ ਸਮੇਤ ਦੇਸ਼ ਦੀਆਂ ਸਾਰੀਆਂ ਹੀ ਭਾਸ਼ਾਵਾਂ ਦੇ 100 ਦੇ ਕਰੀਬ ਪ੍ਰਕਾਸ਼ਕ ਪਹੁੰਚ ਰਹੇ ਹਨ।ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਖਾਣ-ਪੀਣ ਦੇ ਸਟਾਲ ਆਦਿ ਵੀ ਲਗਵਾਏ ਗਏ ਹਨ। ਫਲਾਵਰ ਸ਼ੋਅ, ਆਰਗੈਨਿਕ ਸਟਾਲ ਅਤੇ ਵਿਗਿਆਨ ਪ੍ਰਦਰਸ਼ਨੀਆਂ ਇਸ ਮੇਲੇ ’ਚ ਵਿਸ਼ੇਸ਼ ਖਿੱਚ ਰਹਿਣਗੀਆਂ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਉਤਸਵ ਦੇ ਪ੍ਰਬੰਧਾਂ ਦੀ ਦੇਖ ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਰੰਧਾਵਾ ਵੱਲੋਂ ਮੇਲੇ ਨੂੰ ਕਾਮਯਾਬ ਤੇ ਦਿਲਚਸਪ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਸੰਬੰਧੀ ਸਾਨੂੰ ਪੰਜਾਬੀ ਭਾਸ਼ਾ ਨਾਲ ਸੰਬੰਧਤ ਸੰਸਥਾਵਾਂ ਅਤੇ ਸਾਹਿਤਕਾਰਾਂ ਵੱਲੋਂ ਭਰਵੇਂ ਹੁੰਗਾਰੇ ਮਿਲ ਰਹੇ ਹਨ। ਉਨ੍ਹਾਂ ਦੱਸਿਆ ਕਿ ਆਪਣੀਆਂ ਪੁਸਤਕਾਂ ਲੈ ਕੇ ਪਹੁੰਚ ਰਹੇ ਪ੍ਰਕਾਸ਼ਕਾਂ ਲਈ ਹਰ ਸੰਭਵ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਮੇਲੇ ’ਚ ਆਸ ਪਾਸ ਦੇ ਇਲਾਕੇ ਦੇ ਸਕੂਲ ਅਤੇ ਕਾਲਜ ਦੇ ਵਿਦਿਆਰਥੀ ਵੀ ਭਰਵੀਂ ਸ਼ਮੂਲੀਅਤ ਕਰ ਰਹੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਮੇਲੇ ਦੇ ਪਹਿਲੇ ਦਿਨ ਸੁਰਜੀਤ ਪਾਤਰ, ਪ੍ਰੋ: ਗੋਬਿੰਦ ਪ੍ਰਸ਼ਾਦ ਸ਼ਰਮਾ ਅਤੇ ਮਲਿਕ, ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਡਾ. ਮਹਿਲ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ ਅਤੇ ਡਾ. ਆਤਮ ਸਿੰਘ ਰੰਧਾਵਾ ਨੇ ਧੰਨਵਾਦੀ ਸ਼ਬਦ ਕਹੇ।ਉਦਾਘਟਨੀ ਸਮਾਰੋਹ ਦੌਰਾਨ ਸਾਹਿਤਕ ਖੋਜ ਮੈਗਜ਼ੀਨ ਸੰੰਵਾਦ ਦੇ 16ਵੇਂ ਅੰਕ ਅਤੇ ਪੁਸਤਕ ‘ਪੰਜਾਬ: ਚੰਗੇ ਭਵਿੱਖ ਦੀ ਤਲਾਸ਼’ ਕਰਦਿਆਂ ਰਲੀਜ਼ ਕੀਤੀ ਗਈ।ਉਨ੍ਹਾਂ ਦੱਸਿਆ ਕਿ ਉਦਘਾਟਨੀ ਸਮਾਰੋਹ ਤੋਂ ਤੁਰੰਤ ਬਾਅਦ ਸੁਖ਼ਨ ਦੇ ਸੂਰਜ : ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਡਾ. ਸੁਰਜੀਤ ਪਾਤਰ ਨੇ ਕੀਤੀ।ਮੁੱਖ ਮਹਿਮਾਨ ਡਾ. ਲਖਵਿੰਦਰ ਜੌਹਲ ਸ਼ਾਮਿਲ ਹੋਏ ਅਤੇ ਸੰਚਾਲਨ ਡਾ. ਸਤੀਸ਼ ਕੁਮਾਰ ਵਰਮਾ ਨੇ ਕੀਤਾ।
ਇਸ ਮੌਕੇ ਮਲਿਕ ਨੇ ਕਿਹਾ ਕਿ ਕੋਵਿਡ-19 ਤੋਂ ਬਾਅਦ ਇਹ ਟਰੱਸਟ ਦਾ ਪਹਿਲਾਂ ਵੱਡੇ ਪੱਧਰ ਦਾ ਪੁਸਤਕ ਮੇਲਾ ਖ਼ਾਲਸਾ ਕਾਲਜ ਵਿਖੇ ਲਗਾਇਆ ਗਿਆ ਹੈ, ਜਿਸ ’ਚ ਦੇਸ਼ ਭਰ ਤੋਂ ਪੁੱਜੇ ਪ੍ਰਕਾਸਕਾਂ ਵੱਲੋਂ ਪੁਸਤਕਾਂ ਦੇ ਵੱਖ ਵੱਖ ਸਟਾਲ ਲਗਾਏ ਗਏ ਹਨ।ਉਨ੍ਹਾਂ ਕਿਹਾ ਕਿ ਅੱਜ ਪਹਿਲੇ ਦਿਨ ਹੀ ਪੁਸਤਕ ਪ੍ਰੇਮੀਆਂ ਵਲੋਂ ਮੇਲੇ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਉਨ੍ਹਾਂ ਵਲੋਂ ਪੁਸਤਕਾਂ ਖਰੀਦ ’ਚ ਵਧੇਰੇ ਦਿਲਚਸਪੀ ਵਿਖਾਈ ਗਈ ਹੈ।
ਕਵੀ ਦਰਬਾਰ ਵਿਚ ਸ਼ਾਇਰ ਸਰਬਜੀਤ ਸੋਹਲ, ਗੁਰਭਜਨ ਗਿੱਲ, ਵਿਜੇ ਵਿਵੇਕ, ਸਵਰਨਜੀਤ ਸਵੀ, ਜਸਵੰਤ ਜ਼ਫ਼ਰ, ਦਰਸ਼ਨ ਬੁਟਰ, ਗੁਰਤੇਜ ਕੋਹਾਰਵਾਲਾ, ਹਰਮੀਤ ਵਿਦਿਆਰਥੀ, ਸਤੀਸ਼ ਗੁਲਾਟੀ, ਗੁਰਪ੍ਰੀਤ ਮਾਨਸਾ, ਸੁਵਾਮੀ ਅੰਤਰਨੀਰਵ, ਜਗਵਿੰਦਰ ਜੋਧਾ, ਸੁਸ਼ੀਲ ਦੁਸਾਂਝ, ਜਗਦੀਪ ਸਿੱਧੂ, ਵਾਹਿਦ ਤੇ ਤਨਵੀਰ ਆਪਣੀ ਸ਼ਾਇਰੀ ਦਾ ਰੰਗ ਦਿਖਾਇਆ।ਮੇਲੇ ਦੇ ਅਖ਼ੀਰ ’ਚ ਸ਼ਾਮ ਕਾਲਜ ਦੇ ਵਿਦਿਆਰਥੀਆਂ ਵਲੋਂ ਝੂੰਮਰ, ਲੋਕ ਕਾਵਿ-ਗਾਥਾਵਾਂ, ਸੁਹਾਗ ਤੇ ਘੋੜੀਆਂ ਦੀ ਪੇਸ਼ਕਾਰੀ ਕੀਤੀ ਗਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media