Wednesday, August 26, 2026

ਬੀ.ਆਰ.ਟੀ.ਐਸ ਦੀ ਲੇਨ ‘ਚ ਵਾਹਣ ਨਾ ਚਲਾਏ ਜਾਣ ਨਿਜੀ ਵਾਹਣ – ਕਮਿਸ਼ਨਰ ਪੁਲਿਸ

ਅੰਮ੍ਰਿਤਸਰ, 6 ਮਾਰਚ (ਸੁਖਬੀਰ ਸਿੰਘ) – ਗੁਰੂ ਨਗਰੀ ਅੰਮ੍ਰਿਤਸਰ ਵਿਚ ਆਮ ਪਬਲਿਕ ਦੀ ਸਹੂਲਤ ਲਈ ਬੀ.ਆਰ.ਟੀ.ਐਸ ਪ੍ਰਾਜੈਕਟ ਤਹਿਤ ਮੈਟਰੋ ਬੱਸਾਂ ਚਲਾਈਆਂ ਜਾ ਰਹੀਆਂ ਹਨ।ਇਹਨਾ ਬੱਸਾਂ ਲਈ ਇਕ ਵੱਖਰੀ ਲੇਨ ਬਣਾਈ ਗਈ ਹੈ।ਜਿਸ ਵਿਚ ਦੂਸਰੇ ਵਾਹਣਾਂ ਦੇ ਦਾਖਲੇ ਦੀ ਮਨਾਹੀ ਹੈ।ਪਰ ਜਿਆਦਾਤਰ ਲੋਕ ਆਪਣੇ ਨਿਜੀ ਵਾਹਣ ਬੀ.ਆਰ.ਟੀ.ਐਸ ਦੀ ਲੇਨ ਵਿਚ ਲੈ ਜਾਂਦੇ ਹਨ।ਜਿਸ ਕਾਰਨ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ ਅਤੇ ਕਈ ਵਾਰ ਜਾਨੀ ਅਤੇ ਮਾਲੀ ਨੁਕਸਾਨ ਵੀ ਹੁੰਦਾ ਹੈ।
              ਕਮਿਸ਼ਨਰ ਪੁਲਿਸ ਅੰਮ੍ਰਿਤਸਰ ਡਾ. ਸੁਖਚੈਨ ਸਿੰਘ ਗਿੱਲ ਆਈ.ਪੀ.ਐਸ ਨੇ ਇਹ ਪ੍ਰਗਟਾਵਾ ਕਰਦਿਆਂ ਦੱਸਿਆ ਹੈ ਕਿ ਬੀ.ਆਰ.ਟੀ.ਐਸ ਪ੍ਰੋਜੈਕਟ ਦੇ ਜਨਰਲ ਮੈਨੇਜਰ ਨੇ ਵੀ ਮੀਟਿੰਗਾਂ ਦੌਰਾਨ ਧਿਆਨ ਵਿੱਚ ਲਿਆਂਦਾ ਹੈ ਕਿ ਮੈਟਰੋ ਬੱਸਾਂ ਚਲਣ ਦੀ ਐਵਰੇਜ਼ ਸਰਵਿਸ ਦੋ ਮਿੰਟ ਦੀ ਹੈ, ਦੂਜੇ ਵਹੀਕਲ ਲੇਨ ਵਿੱਚ ਆ ਜਾਣ ਕਾਰਨ ਮੈਟਰੋ ਬੱਸਾਂ ਦੀ ਸਰਵਿਸ ਪ੍ਰਭਾਵਿਤ ਹੁੰਦੀ ਹੈ।ਉਨਾਂ ਅਜਿਹੀ ਉਲੰਘਣਾ ਲਈ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ, ਤਾਂ ਜੋ ਆਮ ਪਬਲਿਕ ਨੂੰ ਬੀ.ਆਰ.ਟੀ.ਐਸ ਬੱਸਾਂ ਦੀਆਂ ਸੇਵਾਵਾਂ ਨਿਰਵਿਘਣ ਅਤੇ ਬੇਹਤਰ ਮਿਲ ਸਕਣ।ਕਮਿਸ਼ਨਰ ਪੁਲਿਸ ਨੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਵਾਹਣ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਬੀ.ਆਰ.ਟੀ.ਐਸ ਪ੍ਰਾਜੈਕਟ ਤਹਿਤ ਚੱਲ ਰਹੀਆਂ ਮੈਟਰੋ ਬੱਸਾਂ ਦੀ ਲੇਨ ਵਿਚ ਆਪਣੇ ਨਿਜੀ ਵਹੀਕਲ ਨਾ ਚਲਾਉਣ।
               ਡਾ. ਸੁਖਚੈਨ ਸਿੰਘ ਗਿੱਲ ਨੇ ਹੋਰ ਕਿਹਾ ਕਿ ਵਿਰਾਸਤੀ ਸ਼ਹਿਰ ਵਿੱਚ ਕਈ ਧਾਰਮਿਕ/ਇਤਹਾਸਿਕ ਸਥਾਨ ਹਨ, ਇਹਨਾਂ ਸਥਾਨਾਂ ਦੇ ਦਰਸ਼ਨਾਂ ਲਈ ਰੋਜ਼ਾਨਾ ਲੱਖਾਂ ਦੀ ਗਿਣਤੀ ‘ਚ ਸ਼ਰਧਾਲੂ ਆਉਂਦੇ ਹਨ।ਜਿਸ ਕਾਰਨ ਸ਼ਹਿਰ ਦੀ ਟਰੈਫਿਕ ਅਕਸਰ ਆਮ ਨਾਲੋਂ ਵਧ ਰਹਿੰਦੀ ਹੈ ਅਤੇ ਦਿਨ-ਬ-ਦਿਨ ਵਾਹਣਾਂ ਦੀ ਵਧ ਰਹੀ ਗਿਣਤੀ ਕਾਰਨ ਵੀ ਸੜਕੀ ਦੁਰਘਟਨਾਵਾਂ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਇਸ ਲਈ ਵਾਹਣ ਚਲਾਉਂਦੇ ਸਮੇਂ ਕਿਸੇ ਵੀ ਕਿਸਮ ਦੀ ਲਾਪਰਵਾਹੀ ਜਾਂ ਸ਼ਰਾਬ ਪੀ ਕੇ ਡਰਾਈਵਿੰਗ ਨਾ ਕੀਤੀ ਜਾਵੇ।ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖਿਲਾਫ ਮੋਟਰ ਵਹੀਕਲ ਐਕਟ 1988 ਅਤੇ ਮੋਟਰ ਵਹੀਕਲ (ਸੋਧ) ਐਕਟ 2019 ਦੀਆਂ ਧਾਰਾਵਾਂ 184 ਅਤੇ 185 ਤਹਿਤ ਜ਼ਾਬਤੇ ਅਨੁਸਾਰ ਮੌਕਾ ‘ਤੇ ਹੀ ਐਫ.ਆਈ.ਆਰ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
                ਉਨਾਂ ਕਿਹਾ ਕਿ ਬੀ.ਆਰ.ਟੀ.ਐਸ ਪ੍ਰਾਜੈਕਟ ਤਹਿਤ ਮੈਟਰੋ ਬੱਸਾਂ ਲਈ ਬਣੀ ਲੇਨ ਵਿੱਚ ਵਹੀਕਲ ਚਲਾਉਣ ਵਾਲਿਆਂ ਦੇ ਅੱਜ 20 ਚਲਾਨ ਵੀ ਕੀਤੇ ਗਏ ਹਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …