Wednesday, August 26, 2026

ਸਾਹਿਤ ਉਤਸਵ ਤੇ ਪੁਸਤਕ ਮੇਲੇ ਦੇ ਚੌਥੇ ਦਿਨ ‘ਯੁਵਾ ਪਰਵਾਸ’ ਦੇ ਮਸਲਿਆਂ ਬਾਰੇ ਗੰਭੀਰ ਚਿੰਤਨ ਖ਼ਾਲਸਾ

ਨੌਜਵਾਨਾਂ ਦਾ ਧਰਤੀ ਨਾਲੋਂ ਮੋਹ ਤੋੜਨ ਵਾਲਾ ਪਰਵਾਸ ਨਿਰਾਸ਼ਾ ’ਚੋਂ ਪੈਦਾ ਹੋ ਰਿਹੈ – ਡਾ. ਸਰਬਜੀਤ

ਅੰਮ੍ਰਿਤਸਰ, 8 ਮਾਰਚ (ਖੁਰਮਣੀਆਂ ) – ਖ਼ਾਲਸਾ ਕਾਲਜ ਵਿਖੇ ਕੋਵਿਡ ਮਹਾਮਾਰੀ ਤੋਂ ਬਾਅਦ ਨੈਸ਼ਨਲ ਬੁਕ ਟਰੱਸਟ ਇੰਡੀਆ ਵੱਲੋਂ ਲਗਾਏ ਗਏ ਇਸ ਪਹਿਲੇ 9 ਰੋਜ਼ਾ ‘ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲਾ-2022’ ’ਚ ਪੁਸਤਕ ਪ੍ਰੇਮੀਆਂ ਦਾ ਸੈਲਾਬ ਉਮੜ ਰਿਹਾ ਹੈ ਅਤੇ ਪੁਸਤਕਾਂ ਪੜ੍ਹਣ ਦੇ ਰੁਝਾਨ ’ਚ ਹਰੇਕ ਵਰਗ ਦੁਆਰਾ ਵਧੇਰੇ ਦਿਲਚਸਪੀ ਵਿਖਾਈ ਜਾ ਰਹੀ ਹੈ, ਜਿਸ ਸਦਕਾ ਸਿਰਫ਼ 4 ਦਿਨਾਂ ’ਚ ਹੁਣ ਤੱਕ ਵੱਡੀ ਗਿਣਤੀ ’ਚ ਪੁਸਤਕਾਂ ਦੀ ਵਿਕਰੀ ਹੋ ਚੁੱਕੀ ਹੈ, ਜੋ ਕਿ ਅਜੇ ਵੀ ਜਾਰੀ ਹੈ।ਇਸ ਸਬੰਧੀ ਐਨ.ਬੀ.ਟੀ ਇੰਡੀਆ ਦੇ ਸਹਾਇਕ ਸੰਪਾਦਕ, ਪੰਜਾਬੀ ਸ੍ਰੀਮਤੀ ਨਵਜੋਤ ਕੌਰ, ਸਹਾਇਕ ਸੰਪਾਦਕ ਸੁਖਵਿੰਦਰ ਸਿੰਘ ਅਤੇ ਪ੍ਰਦਰਸ਼ਨੀ ਵਿਭਾਗ ਤੋਂ ਮੁਕੇਸ਼ ਕੁਮਾਰ ਨੇ ਆਪਣੇ ਵਿਚਾਰ ਅੱਜ ਮੇਲੇ ਦੇ ਚੌਥੇ ਦਿਨ ਵੱਡੀ ਤਦਾਦ ’ਚ ਪੁਸਤਕ ਪ੍ਰੇਮੀਆਂ ਵੱਲੋਂ ਕਿਤਾਬਾਂ ਖਰੀਦਣ ’ਚ ਵਿਖਾਏ ਜਾ ਰਹੇ ਜਿਆਦਾ ਰੁਝਾਨ ਮੌਕੇ ਗੱਲਬਾਤ ਕਰਦਿਆਂ ਸਾਂਝੇ ਕੀਤੇ ਗਏ।
                    ਉਨ੍ਹਾਂ ਸਾਂਝੇ ਤੌਰ ’ਤੇ ਕਿਹਾ ਕਿ ਉਕਤ ਮੇਲੇ ਦੌਰਾਨ ਲਗਾਏ ਵੱਖ ਵੱਖ ਪੁਸਤਕ ਸਟਾਲਾਂ ’ਚੋਂ ਗਿਆਨੀ ਮਹਾਂ ਸਿੰਘ ਦੀ ‘ਸ੍ਰੀ ਦਰਬਾਰ ਸਾਹਿਬ ਮਹੱਤਤਾ’, ਨਰਿੰਦਰ ਕਪੂਰ ਦੀ ‘ਮਾਲਾ ਮਣਕੇ’, ਚਰਨ ਸਿੰਘ ਐਮ.ਏ ਭੋਰਛੀ ਦੀ ‘ਬਾਬਾ ਬੰਦਾ ਸਿੰਘ ਬਹਾਦਰ’, ਬਿਪਨ ਚੰਦਰ ਭੂਮਿਕਾ ਦੀ (ਮੈ ਨਾਸਤਕ ਕਿਉਂ ਹਾਂ, ਭਗਤ ਸਿੰਘ), ਸਾਂਵਲ ਧਾਮੀ ਦੀ ‘ਦੁੱਖੜੇ ਸੰਨ ਸੰਤਾਲੀ ਦੇ’, ਚਿਤਰਾ ਬੈਨਰਜੀ ਦਿਵਾਕਰੂਨੀ ਅਨੁਵਾਦ ਡਾ. ਤਰਸ਼ਿੰਦਰ ਕੌਰ ਦੀ ‘ਆਖ਼ਰੀ ਮਹਾਰਾਣੀ’, ਤਾਹਿਰਾ ਸਰਾ ਦੀ ‘ਸ਼ੀਸ਼ਾ’ ਅਤੇ ਮੁਸ਼ਤਾਕ ਆਲਮ ਗੋਗਾ ਸੰਪਾ. ਸਤਿੰਦਰਜੀਤ ਸਿੰਘ (ਸੋਨੀ ਪੱਖੋਕੇ) ਦੀ ‘ਸਬਰ’ ਵਰਗੀਆਂ ਕਿਤਾਬਾਂ ਦੀ ਵਿਕਰੀ ਜਿਆਦਾ ਹੋ ਰਹੀ ਹੈ। ਇਸ ਮੌਕੇ ਉਨ੍ਹਾਂ ਉਕਤ ਮੇਲੇ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਿੰਸੀਪਲ ਡਾ. ਮਹਿਲ ਸਿੰਘ ਵਲੋਂ ਦਿੱਤੇ ਜਾ ਰਹੇ ਵਿਸ਼ੇਸ਼  ਯੋਗਦਾਨ ਦਾ ਧੰਨਵਾਦ ਵੀ ਕੀਤਾ।
                     ਇਸੇ ਦੌਰਾਨ ਪਰਵਾਸ ਸਬੰਧੀ ਸੈਮੀਨਾਰ ’ਚ ਡਾ. ਸਰਬਜੀਤ ਨੇ ਕਿਹਾ ਕਿ ਜਿਸ ਕਿਸਮ ਦਾ ਪਰਵਾਸ ਹੋ ਰਿਹਾ ਹੈ ਇਹ ਨਿਰਾਸ਼ਾ ’ਚੋਂ ਪੈਦਾ ਹੋ ਰਿਹਾ ਹੈ ਜੋ ਨੌਜਵਾਨਾਂ ਦਾ ਮੋਹ ਹੀ ਆਪਣੀ ਧਰਤੀ ਨਾਲ ਤੋੜ ਰਿਹਾ ਹੈ। ਉਨ੍ਹਾਂ ਕਿਹਾ ਕਿ ਪਰਵਾਸ ਦੇ ਕਾਰਨਾਂ ਦੀ ਤਲਾਸ਼ ਪੰਜਾਬੀਆਂ ਨੂੰ ਆਪ ਹੀ ਕਰਨੀ ਪਵੇਗੀ ਕਿਸੇ ਬਾਹਰਲੇ ਨੇ ਨਹੀਂ ਕਰਨੀਆਂ।ਉਨ੍ਹਾਂ ਕਿਹਾ ਕਿ ਜੋ ਖੋਜ-ਪੱਤਰ ਪੇਸ਼ ਹੋਏ ਹਨ ਜੋ ਦੱਸਦੇ ਹਨ ਕਿ ਇਹ ਸੰਕਟ ਬਹੁਤ ਗੰਭੀਰ ਹੋਣ ਵਾਲੇ ਹਨ। ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦਾ ਚੌਥਾ ਦਿਨ ਯੁਵਾ ਪਰਵਾਸ ਦੇ ਮਸਲਿਆਂ ਨੂੰ ਸਮਰਪਿਤ ਰਿਹਾ। ‘ਪੰਜਾਬੀ ਯੁਵਾ ਪਰਵਾਸ ਵਰਤਮਾਨ ਪਰਿਪੇਖ’ ਵਿਸ਼ੇ ਤੇ ਇੰਡੀਅਨ ਕੌਂਸਲ ਆਫ ਸੋਸ਼ਲ ਸਾਇੰਸ ਐਂਡ ਰਿਸਰਚ ਨਵੀਂ ਦਿੱਲੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਦੋ-ਰੋਜ਼ਾ ਰਾਸ਼ਟਰੀ ਸੈਮੀਨਾਰ ਦੇ ਅੱਜ ਦੂਸਰੇ ਦਿਨ ਤਿੰਨ ਵੱਖ-ਵੱਖ ਅਕਾਦਮਿਕ ਸੈਸ਼ਨਾਂ ਵਿਚ ਵਿਦਵਾਨਾਂ ਨੇ ਵਿਚਾਰ ਚਰਚਾ ਕੀਤੀ।
                 ਕਾਲਜ ਦੇ ਸੈਮੀਨਾਰ ਹਾਲ ਵਿਚ ਸ਼ੁਰੂ ਹੋਏ ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਰਬਜੀਤ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁੱਖ ਮਹਿਮਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਏ ਪ੍ਰੋਫੈਸਰ ਡਾ. ਯੋਗਰਾਜ ਸਨ।ਇਸ ਸੈਸ਼ਨ ਵਿਚ ਡਾ. ਜਗਦੀਪ ਸਿੰਘ ਨੇ ਪੰਜਾਬੀ ਨੌਜਵਾਨਾਂ ਦਾ ਕੈਨੇਡਾ ਦੇ ਵਿਚ ਪਰਵਾਸ ਸਮਾਜ ਸਭਿਆਚਾਰਕ ਪਰਿਪੇਖ ਵਿਸ਼ੇ ’ਤੇ ਪਰਚਾ ਪੜ੍ਹਦਿਆਂ ਕਿਹਾ ਕਿ ਇਸ ਪਰਵਾਸ ਦਾ ਮੁੱਖ ਕਾਰਨ ਇੱਥੋਂ ਦੇ ਢਾਂਚੇ ਦਾ ਅਸਫਲ ਹੋਣਾ ਹੈ।ਇਸ ਦੇ ਨਾਲ ਹੀ ਹੁਣ ਪੰਜਾਬੀ ਨੌਜਵਾਨਾਂ ਦੇ ਸੁਪਨਿਆਂ ਦਾ ਆਸਮਾਨ ਐਡਾ ਵਿਸ਼ਾਲ ਹੋ ਚੁੱਕਾ ਹੈ ਕਿ ਆਪਣੀ ਧਰਤੀ ਉਨ੍ਹਾਂ ਦਾ ਸੁਪਨਾ ਹੀ ਨਹੀਂ ਰਹੀ।
          ਡਾ. ਪਰਵੀਨ ਕੁਮਾਰ ਨੇ ਵਿਸ਼ਵੀਕਰਨ ਤੇ ਪਰਵਾਸ ਸਿਧਾਂਤਕ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਨੌਜਵਾਨਾਂ ਦੇ ਅੰਦਰ ਪਈ ਕੁਦਰਤੀ ਬੌਧਿਕ ਸਮਰੱਥਾ ਨੂੰ ਉਤੇਜਤ ਕਰਨ ਦੀ ਲੋੜ ਹੈ।ਡਾ. ਜਸਪ੍ਰ੍ਰੀਤ ਕੌਰ ਨੇ ਚਿੜੀਆਂ ਦਾ ਚੰਬਾ ਹੋਂਦ ਤੇ ਹੋਣੀ ਵਿਸ਼ੇ ਤੇ ਬੋਲਦਿਆਂ ਕਿਹਾਂ ਕਿ ਪਰਵਾਸ ਨਵੀਂ ਗੱਲ ਨਹੀਂ ਹੈ ,ਪਰ ਜਿਸ ਰੂਪ ਵਿਚ ਹੁਣ ਹੋ ਰਿਹਾ ਹੈ ਇਹ ਚਿੰਤਾ ਦਾ ਵਿਸ਼ਾ ਹੈ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਜੋ ਪਰਵਾਸ ਹੋ ਰਿਹਾ ਹੈ ਉਸ ਬਾਰੇ ਜ਼ਿਆਦਾ ਖੋਜ਼ ਨਹੀਂ ਹੋਈ।ਉਨ੍ਹਾਂ ਨੇ ਕੁੜੀਆਂ ਦੇ ਪ੍ਰਵਾਸ ਵਿਚ ਆਈਆਂ ਤਬਦੀਲੀਆਂ ਦੇ ਵੱਖ-ਵੱਖ ਪੱਖ ਪੇਸ਼ ਕੀਤੇ।ਡਾ. ਯੋਗਰਾਜ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਪੰਜਾਬ ਤੋਂ ਪਰਵਾਸ ਵਧਿਆ ਹੈ।ਸਾਨੂੰ ਇਹ ਪਰਿਭਾਸ਼ਤ ਕਰਨ ਦੀ ਲੋੜ ਹੈ ਕਿ ਕਿਸ ਤਰ੍ਹਾਂ ਦਾ ਪਰਵਾਸ ਵਧਿਆ ਹੈ।ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਇਸ ਨੇ ਸਾਡਾ ਕੋਈ ਫ਼ਾਇਦਾ ਵੀ ਕੀਤਾ ਹੈ ਕਿ ਨੁਕਸਾਨ ਹੀ ਕੀਤਾ ਹੈ।ਉਨ੍ਹਾਂ ਕਿਹਾ ਕਿ ਵਿਸ਼ਵੀਕਰਨ ਨੇ ਪੰਜਾਬੀਆਂ ਲਈ ਹੋਂਦ ਦਾ ਸੰਕਟ ਖੜ੍ਹਾ ਕੀਤਾ ਹੈ।
                    ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਦਿਅਕ ਢਾਂਚੇ ਵਿਚ ਇਸ ਪੱਧਰ ਦਾ ਨਿਘਾਰ ਆ ਚੁੱਕਾ ਹੈ ਕਿ ਸਿਰਫ਼ 11 ਫ਼ੀਸਦੀ ਨੌਜਵਾਨ ਬਾਰ੍ਹਵੀਂ ਕਰਦੇ ਹਨ।ਬਾਕੀ 89 ਫ਼ੀਸਦਾ ਦਾ ਭਵਿੱਖ ਕੀ ਹੋਵੇਗਾ ਇਹ ਵੱਡਾ ਸਵਾਲ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਇਸ ਸਵਾਲ ਦਾ ਹੱਲ ਲੱਭਣ ‘ਚ ਸਹਾਈ ਹੋਵੇਗਾ।ਕਿਸਾਨ ਅੰਦੋਲਨ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਸ ਦੀ ਕਿਰਨ ਹਾਲੇ ਵੀ ਨਜ਼ਰ ਆ ਰਹੀ ਹੈ।
                  ਦੂਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੁਰਜੀਤ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁਖ ਮਹਿਮਾਨ ਡਾ. ਰਜਿੰਦਰਪਾਲ ਸਿੰਘ ਬਰਾੜ ਸਨ।ਇਸ ਸੈਸ਼ਨ ਵਿਚ ਡਾ. ਰਜਿੰਦਰ ਸਿੰਘ, ਡਾ. ਗੁਰਬੀਰ ਸਿੰਘ ਬਰਾੜ, ਡਾ. ਤਜਿੰਦਰ ਕੌਰ, ਅਤੇ ਡਾ. ਹਰਜਿੰਦਰ ਸਿੰਘ ਨੇ ਪੇਪਰ ਪੇਸ਼ ਕੀਤੇ।ਬਾਅਦ ਦੁਪਹਿਰ ਸ਼ੁਰੂ ਹੋਏ ਤੀਸਰੇ ਅਕਾਦਮਿਕ ਸੈਸ਼ਨ ਦੀ ਪ੍ਰਧਾਨਗੀ ਗੁਰੁ ਨਾਨਕ ਦੇਵ ਯੂਨਵਿਰਸਿਟੀ ਦੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਮਨਜਿੰਦਰ ਸਿੰਘ ਨੇ ਕੀਤੀ ਜਦਕਿ ਇਸ ਸੈਸ਼ਨ ਦੇ ਮੁਖ ਮਹਿਮਾਨ ਪੰਜਾਬੀ ਯੂਨਵਿਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਡਾ. ਗੁਰਮੁਖ ਸਿੰਘ ਸਨ।ਇਸ ਸੈਸਨ ਵਿਚ ਡਾ. ਨਰੇਸ਼ ਕੁਮਾਰ ਨੇ ਯੁਵਾ ਪਰਵਾਸ: ਸਮਕਾਲੀ ਪੰਜਾਬੀ ਕਵਿਤਾ ਦਾ ਪ੍ਰਤਿਉੱਤਰ, ਡਾ. ਮੇਘਾ ਸਲਵਾਨ ਨੇ ਨਾਵਲ ਕਵਣੁ ਦੇਸ ਹੈ ਮੇਰਾ ਦੇ ਹਵਾਲੇ ਪੰਜਾਬੀ ਯੁਵਾ ਪਰਵਾਸ, ਡਾ. ਪਰਮਜੀਤ ਸਿੰਘ ਕੱਟੂ ਨੇ ਯੁਵਾ ਪਰਵਾਸ: ਨਵੀਆਂ ਧਰਤੀਆਂ ਦਾ ਤਲਾਸ਼ ਵਿਸ਼ਿਆਂ ’ਤੇ ਪੇਪਰ ਪੇਸ਼ ਕੀਤੇ।ਸੈਮੀਨਾਰ ਤੋਂ ਬਾਅਦ ਅੰਮ੍ਰਿਤਸਰ ਸਾਹਿਤ ਉਤਸਵ ਦੇ ਮੁੱਖ ਪੰਡਾਲ ਦੇ ਮੰਚ ਤੋਂ ਵਿਦਿਆਰਥੀਆਂ ਦੀ ਭਰਵੀਂ ਹਾਜ਼ਰੀ ਵਿਚ ਨਾਰੀ ਦਿਵਸ ਨੂੰ ਸਮਰਪਿਤ ਸਭਿਆਚਾਰਕ ਸਮਾਗਮ ਦਾ ਆਯੋਜਨ ਕੀਤਾ ਗਿਆ।
                 ਮੇਲੇ ਦੇ ਪ੍ਰਬੰਧਾਂ ਦੀ ਦੇਖ-ਰੇਖ ਕਰ ਰਹੇ ਪੰਜਾਬੀ ਵਿਭਾਗ ਦੇ ਮੁੱਖੀ ਡਾ. ਆਤਮ ਸਿੰਘ ਰੰਧਾਵਾ ਨੇ ਦੱਸਿਆ ਕਿ ਮੇਲੇ ਦੇ ਪੰਜਵੇਂ ਦਿਨ ਕੱਲ 9 ਮਾਰਚ ਨੂੰ ਸਵੇਰੇ 10:30 ਤੇ ਡਾ. ਦਵਿੰਦਰ ਸ਼ਰਮਾ ‘ਭਾਰਤ ਦੇ ਅਨਾਜ-ਭੰਡਾਰ ਵਿਚ ਖੇਤੀਬਾੜੀ ਸਥਿਰਤਾ : ਵਾਤਾਵਰਣਿਕ ਦਿ੍ਰਸ਼ਟੀ’ ਵਿਸ਼ੇ ਤੇ ਇਕ ਵਿਸ਼ੇਸ਼ ਭਾਸ਼ਨ ਦੇਣਗੇ। ਦੁਪਹਿਰ 12 ਵਜੇ ‘ਕਾਇਦਾ-ਏ-ਨੂਰ: ਇੱਕੀਵੀਂ ਸਦੀ’ (ਮਾਤ-ਭਾਸ਼ਾਵਾਂ ਨੂੰ ਸਮਰਪਿਤ ਰਿਲੀਜ਼ ਰਸਮ) ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਦੇ ਸੰਯੋਜਕ ਡਾ. ਅਜਾਇਬ ਸਿੰਘ ਚੱਠਾ ਹੋਣਗੇ ਅਤੇ ਇਸ ਪ੍ਰੋਗਰਾਮ ਦਾ ਸੰਚਾਲਨ ਪ੍ਰਿੰ. ਬੇਅੰਤ ਕੌਰ ਸ਼ਾਹੀ ਕਰਨਗੇ ਇਸ ਪ੍ਰੋਗਰਾਮ ’ਚ ਡਾ. ਸ.ਸ ਗਿੱਲ (ਸਾਬਕਾ ਵੀ.ਸੀ), ਅਰਵਿੰਦਰ ਢਿੱਲੋਂ, ਪ੍ਰਿੰ. ਕੰਵਲਜੀਤ ਕੌਰ ਬਾਜਵਾ, ਪ੍ਰਿੰ. ਡਾ. ਰਜਿੰਦਰ ਸਿੰਘ, ਪ੍ਰਿੰ. ਬਲਦੇਵ ਸਿੰਘ ਅਤੇ ਸਤਿੰਦਰ ਕੌਰ ਕਾਹਲੋਂ ਹਿੱਸਾ ਲੈਣਗੇ।ਉਨ੍ਹਾਂ ਦੱਸਿਆ ਕਿ ਸ਼ਾਮ ਸਮੇ ਚੌਂਹ ਕੂੰਟਾਂ ਦਾ ਮੇਲਾ ਪ੍ਰੋਗਰਾਮ ਵਿਚ ਮਾਝੇ ਮਾਲਵੇ ਦੁਆਬੇ ਅਤੇ ਪੁਆਧ ਦੇ ਲੋਕ ਰੰਗ ਦਿਖਾਏ ਜਾਣਗੇ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …