Thursday, September 19, 2024

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸ ਉਪਰੰਤ ਸੋਨੇ ਦੀ ਧੁਆਈ ਸੇਵਾ ਆਰੰਭ

ਗਿਆਨੀ ਜਗਤਾਰ ਸਿੰਘ, ਐਡਵੋਕੇਟ ਧਾਮੀ, ਗਿਆਨੀ ਗੁਰਮਿੰਦਰ ਸਿੰਘ ਤੇ ਭਾਈ ਇੰਦਰਜੀਤ ਸਿੰਘ ਰਹੇ ਮੌਜ਼ੂਦ

ਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲੱਗੇ ਸੋਨੇ ਦੀ ਧੁਆਈ ਅਤੇ ਸਾਫ-ਸਫਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਆਰੰਭ ਕੀਤੀ ਗਈ।ਸ਼੍ਰੋਮਣੀ ਕਮੇਟੀ ਵੱਲੋਂ ਇਹ ਸੇਵਾ ਭਾਈ ਮਹਿੰਦਰ ਸਿੰਘ ਮੁੱਖੀ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਨੂੰ ਦਿੱਤੀ ਗਈ ਹੈ।ਗੁੰਬਦਾਂ ’ਤੇ ਲੱਗੇ ਸੋਨੇ ਦੀ ਧੁਆਈ ਦੇ ਕਾਰਜ਼ ਦੀ ਸ਼ੁਰੂਆਤ ਸਮੇਂ ਸ੍ਰੀ ਹਰਿਮੰਦਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਸ਼ਕਾਮ ਸੇਵਕ ਜਥੇ ਵੱਲੋਂ ਭਾਈ ਇੰਦਰਜੀਤ ਸਿੰਘ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜ਼ੂਦ ਸਨ।
                 ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਅਸਥਾਨ ਵਿਖੇ ਲੱਗੇ ਸੋਨੇ ਦੀ ਸਾਫ-ਸਫਾਈ ਅਤੇ ਸਾਂਭ-ਸੰਭਾਲ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਂਦੀ ਹੈ ਅਤੇ ਸਮੇਂ-ਸਮੇ ਇਸ ਦੀ ਧੁਆਈ ਦਾ ਕਾਰਜ ਭਾਈ ਮਹਿੰਦਰ ਸਿੰਘ ਬਰਮਿੰਘਮ ਵਾਲਿਆਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ।ਬਾਰਿਸ਼ ਅਤੇ ਪ੍ਰਦੂਸ਼ਣ ਆਦਿ ਕਰਕੇ ਸੋਨੇ ਦੀ ਚਮਕ ਸਮਾਂ ਪਾ ਕੇ ਘੱਟ ਜਾਂਦੀ ਹੈ, ਜਿਸ ਦੀ ਸਾਫ-ਸਫਾਈ ਜ਼ਰੂਰੀ ਹੋ ਜਾਂਦੀ ਹੈ।ਇਸ ਵਾਰ ਕੋਰੋਨਾ ਕਾਰਨ ਇਹ ਸੇਵਾ ਕਰੀਬ 2 ਸਾਲ ਦੇ ਅਰਸੇ ਮਗਰੋਂ ਹੋਈ ਹੈ।ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਵੱਲੋਂ ਇਹ ਸੇਵਾ ਨਿਸ਼ਕਾਮ ਰੂਪ ਵਿੱਚ ਕੀਤੀ ਜਾਂਦੀ ਹੈ।ਕਮੇਟੀ ਪ੍ਰਧਾਨ ਨੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥੇ ਦੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਇਹ ਇਸੇ ਤਰ੍ਹਾਂ ਹੀ ਗੁਰੂ ਘਰ ਦੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।
                 ਇਸੇ ਦੌਰਾਨ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਸੇਵਾਦਾਰ ਭਾਈ ਇੰਦਰਜੀਤ ਸਿੰਘ ਨੇ ਦੱਸਿਆ ਕਿ ਜਥੇ ਵੱਲੋਂ 1995 ਤੋਂ 1999 ਤੱਕ ਪੱਤਰਿਆਂ ਦੀ ਸੇਵਾ ਪਹਿਲੀ ਵਾਰ ਕਰਵਾਈ ਗਈ ਸੀ ਅਤੇ ਉਸ ਮਗਰੋਂ ਸੋਨੇ ਦੀ ਧੁਆਈ ਦਾ ਕਾਰਜ਼ ਲਗਾਤਾਰ ਕਰਦੇ ਆ ਰਹੇ ਹਨ।ਇਹ ਸੇਵਾ ਕਰੀਬ 10-12 ਦਿਨ ਜਾਰੀ ਰਹੇਗੀ, ਜਿਸ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ ’ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ ਉਨ੍ਹਾਂ ਇਹ ਵੀ ਦੱਸਿਆ ਕਿ ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਅਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ।ਇਹ ਬਿਲਕੁੱਲ ਕੁਦਰਤੀ ਤਰੀਕਾ ਹੈ ਅਤੇ ਇਸ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ।
               ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਜਥੇ ਵੱਲੋਂ ਬੀਤੇ ਦਿਨੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਹਿੱਸੇ ਵਿਚ ਲੱਗੇ ਸੁਨਹਿਰੀ ਪੱਤਰਿਆਂ ਅਤੇ ਮੀਨਾਕਾਰੀ ਦੀ ਲੋੜ ਅਨੁਸਾਰ ਮੁਰੰਮਤ ਦਾ ਕਾਰਜ਼ ਵੀ ਆਰੰਭਿਆ ਗਿਆ ਹੈ।
               ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ਼੍ਰੋਮਣੀ ਕਮੇਟੀ ਦੇ ਸੱਕਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਪ੍ਰਤਾਪ ਸਿੰਘ, ਸਾਬਕਾ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ, ਵਧੀਕ ਮੈਨੇਜਰ ਇਕਬਾਲ ਸਿੰਘ ਮੁੱਖੀ ਆਦਿ ਮੌਜ਼ੂਦ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …