Thursday, September 19, 2024

ਰਾਜ ਭਵਨ ਮੁੰਬਈ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਗੁਰਮਤਿ ਸਮਾਗਮ

ਗੁਰੂ ਸਾਹਿਬ ਜੀ ਦੇ ਬਲੀਦਾਨ ਤੋਂ ਸੇਧ ਲੈਣ ਦੀ ਲੋੜ – ਰਾਜਪਾਲ ਭਗਤ ਸਿੰਘ ਕੋਸ਼ਿਆਰੀ

ਮੁੰਬਈ, 23 ਮਾਰਚ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਰਾਜ ਭਵਨ ਮੁੰਬਈ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਪੂਰੀ ਸ਼ਰਧਾ ਨਾਲ ਮਨਾਇਆ ਗਿਆ।ਮਹਾਰਾਸ਼ਟਰ ਸਿੱਖ ਐਸੋਸੀਏਸ਼ਨ ਸੁਪਰੀਮ ਕੌਂਸਲ ਨਵੀਂ ਮੁੰਬਈ ਗੁਰਦੁਆਰਾ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ 400 ਸਾਲਾ ਪ੍ਰਕਾਸ਼ ਪੁਰਬ ਆਯੋਜਨ ਕਮੇਟੀ ਵੱਲੋਂ ਸਾਂਝੇ ਤੌਰ `ਤੇ ਕਰਾਏ ਗਏ ਉਕਤ ਸਮਾਗਮ ਵਿਚ ਮਹਾਰਾਸ਼ਟਰ ਦੇ ਮਾਣਯੋਗ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਅਤੇ ਦਮਦਮੀ ਟਕਸਾਲ ਦੇ ਮੁੱਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਅਤੇ ਭਾਰਤੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਵਿਸ਼ੇਸ਼ ਤੌਰ ’ਤੇ ਆਪਣੀ ਹਾਜ਼ਰੀ ਲਵਾਈ, ਰਾਗੀ ਭਾਈ ਇੰਦਰਜੀਤ ਸਿੰਘ ਦੇ ਰਾਗੀ ਜਥੇ ਨੇ ਅਤੇ ਪ੍ਰਸਿੱਧ ਗਾਇਕਾ ਅਨੁਰਾਧਾ ਪੌਡਵਾਲ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
                     ਰਾਜ ਭਵਨ ਦੇ ਨਵ ਨਿਰਮਾਣ ਹਾਲ ’ਚ ਗੁਰਬਾਣੀ ਕੀਰਤਨ ਰਾਹੀਂ ਦੇਰ ਰਾਤ ਤਕ ਕਰਾਏ ਗਏ ਪਲੇਠਾ ਸਮਾਗਮ ਮੌਕੇ ਰਾਜਪਾਲ ਭਗਤ ਸਿੰਘ ਕੋਸ਼ਆਰੀ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਬਲੀਦਾਨ ਤੋਂ ਸੇਧ ਲੈਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਅਜਿਹਾ ਸਿਆਸੀ ਮਾਹੌਲ ਅਤੇ ਸਮੀਕਰਨ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ।ਜਿਸ ਨਾਲ ਕਿਸੇ ਨੂੰ ਵੀ ਅਜਿਹੇ ਬਲੀਦਾਨ ਦੇਣ ਦੀ ਮੁੜ ਲੋੜ ਪਵੇ।ਉਨ੍ਹਾਂ ਰਾਜ ਭਵਨ ਵਿਚ ਹਰ ਸਾਲ ਗੁਰਮਤਿ ਸਮਾਗਮ ਕਰਾਉਣ ਦਾ ਵੀ ਐਲਾਨ ਕੀਤਾ।ਉਨ੍ਹਾਂ ਸਿੱਖ ਭਾਈਚਾਰੇ ਵਲੋਂ ਦੇਸ਼ ਦੀ ਤਰੱਕੀ, ਏਕਤਾ ਅਖੰਡਤਾ, ਭਾਈਚਾਰਕ ਸਾਂਝ ਅਤੇ ਕਰੋਨਾ ਮਹਾਂਮਾਰੀ ਦੌਰਾਨ ਪਾਏ ਗਏ ਵੱਡੇ ਯੋਗਦਾਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿੱਖਾਂ ਦਾ ਪਰਉਪਕਾਰ ਕਿਸੇ ਸ਼ਬਦ ਦੀ ਮੁਥਾਜ ਨਹੀਂ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨੂੰ ਪ੍ਰੇਮ ਕਰਨ ਵਾਲੇ ਹਨ ਅਤੇ ਉਨ੍ਹਾਂ ਦੀ ਸਿੱਖਾਂ ਨਾਲ ਰਿਸ਼ਤਾ ਮਜ਼ਬੂਤ ਕਰਨ ਦੀ ਹਮੇਸ਼ਾਂ ਤਾਂਘ ਰਹੀ ਹੈ।ਜਿਸ ਕਾਰਨ ਉਹ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ, ਅਰਧ ਸ਼ਤਾਬਦੀਆਂ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਸਿੱਜ਼ਦਾ ਕਰਦਿਆਂ ਵੀਰ ਬਾਲ ਦਿਵਸ ਮਨਾਉਣ, ਕਰਤਾਰਪੁਰ ਦਾ ਲਾਂਘਾ ਖੋਲ੍ਹਣ ਅਤੇ ਸਿੱਖ ਕੈਦੀਆਂ ਦੀ ਰਿਹਾਈ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਹਨ।ਰਾਜਪਾਲ ਨੇ ਕਿਹਾ ਕਿ ਸਿੱਖ ਫ਼ਲਸਫਾ ਸ਼ਸਤਰ ਤੇ ਸ਼ਾਸਤਰ ਦਾ ਸੁਮੇਲ ਹੈ।ਸ੍ਰੀ ਗੁਰੂ ਸਾਹਿਬਾਨ ਜੰਗਾਂ ਯੁੱਧਾਂ ਦੌਰਾਨ ਵੀ ਸ਼ਸਤਰ ਚਲਾਉਂਦਿਆਂ ਵੀ ਸ਼ਾਸਤਰ ਲਈ ਸਮਾਂ ਕੱਢਦੇ ਰਹੇ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਗੁਰੂ ਸਾਹਿਬਾਨ ਦੀ ਸਾਨੂੰ ਅਨਮੋਲ ਦੇਣ ਹੈ।ਉਨ੍ਹਾਂ ਦੇਸ਼ ਤੇ ਸਮਾਜ ਵਿਰੋਧੀ ਅਨਸਰਾਂ ਨਾਲ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਰਹਿਣ ਅਤੇ ਅਮਨ ਸ਼ਾਂਤੀ, ਏਕਤਾ ਤੇ ਭਾਈਚਾਰਕ ਸਾਂਝ ਮਜ਼ਬੂਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ।
                     ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨਰਿੰਦਰ ਮੋਦੀ ਸਰਕਾਰ ਵਲੋਂ ਗੁਰੂ ਸਾਹਿਬਾਨ ਦੀਆਂ ਸ਼ਤਾਬਦੀਆਂ ਨੂੰ ਵਿਸ਼ਾਲ ਪੱਧਰ ’ਤੇ ਮਨਾਉਂਦਿਆਂ ਸਤਿਗੁਰਾਂ ਦੇ ਪਰਉਪਕਾਰਾਂ ਨੂੰ ਯਾਦ ਕਰਨ ਦੇ ਉਦਮਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ 70 ਸਾਲਾਂ ਦੌਰਾਨ ਕਿਸੇ ਵੀ ਸਰਕਾਰ ਨੇ ਗੁਰੂ ਸਾਹਿਬਾਨ, ਚਾਰ ਸਾਹਿਬਜ਼ਾਦੇ ਅਤੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਮੋਦੀ ਸਰਕਾਰ ਦੀ ਤਰਾਂ ਸਿਜ਼ਦਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੀ ਹੋਂਦ ਗੁਰੂ ਤੇਗ ਬਹਾਦਰ ਸਾਹਿਬ ਜੀ ਵਲੋਂ ਤਿਲਕ ਜੰਝੂ ਦੀ ਰੱਖਿਆ ਲਈ ਬਲੀਦਾਨ ਸਦਕਾ ਹੈ, ਸਤਿਗੁਰਾਂ ਨੇ ਪਰਉਪਕਾਰ ਨਾ ਕੀਤਾ ਹੁੰਦਾ ਹਾਂ ਹਿੰਦੁਸਤਾਨ ਦਾ ਵਜ਼ੂਦ ਹੀ ਖ਼ਤਮ ਹੋ ਚੁੱਕਿਆ ਹੁੰਦਾ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਛੋਟੇ ਸਾਹਿਬਜ਼ਾਦਿਆਂ ਵਲੋਂ ਧਰਮ ਦੀ ਰੱਖਿਆ ਅਤੇ ਗੁਰਸਿੱਖੀ ਖਾਤਰ ਜ਼ਾਲਮਾਂ ਦੀ ਈਨ ਨਾ ਮੰਨਣ, ਮਾਤਾ ਗੁਜਰ ਕੌਰ ਜੀ ਅਤੇ ਸਿੱਖ ਪੰਥ ਦੀ ਇਤਿਹਾਸਕ ਭੂਮਿਕਾ ਪ੍ਰਤੀ ਵਿਸ਼ਵ ਨੂੰ ਜਾਣੂ ਕਰਵਾਉਣ ਦਾ ਵੱਡਾ ਉਪਰਾਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਮੋਦੀ ਜਿਨ੍ਹਾਂ ਨੇ ਮੇਰੇ ਸਤਿਗੁਰਾਂ ਦੇ ਲਾਲਾਂ ਦੀ ਯਾਦ ’ਚ ਇਸ ਦਿਹਾੜੇ ਨੂੰ ਸਮਰਪਿਤ ਕਰਦਿਆਂ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਅਤੇ ਹਿੰਦ ਵਾਸੀਆਂ ਲਈ ਉਨ੍ਹਾਂ ਵਲੋਂ ਕੀਤੀਆਂ ਕੁਰਬਾਨੀਆਂ ਤੇ ਸ਼ਹਾਦਤਾਂ ਨੂੰ ਯਾਦ ਰੱਖਣ ਦਾ ਜੋ ਸੁਨੇਹਾ ਦੇ ਕੇ ਪੰਥ ਲਈ ਚੰਗਾ ਕਾਰਜ਼ ਕਰ ਰਿਹਾ ਹੈ, ਉਸ ਦੀ ਹੌਸਲਾ ਅਫਜ਼ਾਈ ਅਤੇ ਸ਼ਲਾਘਾ ਹੋਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਖ਼ਾਲਸਾ ਮਨੁੱਖਤਾ ਨੂੰ ਸਮਰਪਿਤ ਹੈ, ਖ਼ਾਲਸੇ ਦੇ ਨਿਸ਼ਾਨ ਤਾਂ ਹੀ ਝੂਲਦੇ ਰਹਿਣਗੇ ਜੇ ਖ਼ਾਲਸਾ ਆਪਣੇ ਧਰਮ ਵਿਚ ਪਰਪੱਕ ਰਹਿ ਕੇ ਜ਼ਬਰ ਤੇ ਜ਼ੁਲਮ ਦਾ ਖਿੜੇ ਮੱਥੇ ਮੁਕਾਬਲਾ ਕਰਦਾ ਹੋਇਆ ਅਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਏ ਹੋਏ ਪੂਰਨਿਆਂ ’ਤੇ ਚੱਲੇਗਾ।ਉਨ੍ਹਾਂ ਸੰਗਤ ਨੂੰ ਆਪਣੇ ਜੀਵਨ ’ਚ ਗੁਰੂ ਸਾਹਿਬ ਦੀਆਂ ਵੈਰਾਗਮਈ ਸਿੱਖਿਆਵਾਂ ਨੂੰ ਕਮਾਉਣ-ਅਪਣਾਉਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ’ਤੇ ਵਾਹਿਗੁਰੂ ਦੀ ਅਪਾਰ ਕ੍ਰਿਪਾ ਹੀ ਨਹੀਂ ਰਹੀ ਸਗੋਂ ਉਸੇ ਦਾ ਸਰੂਪ ਹੋ ਕੇ ਸੰਸਾਰ ’ਤੇ ਕ੍ਰਿਪਾ ਕਰਨ ਵਾਲੇ ਹਨ।ਜਿਨ੍ਹਾਂ ਨੂੰ ਅੱਜ ਸਾਰਾ ਸੰਸਾਰ ਸਿੱਜ਼ਦਾ ਅਤੇ ਨਮਸਕਾਰ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਸਤਿਗੁਰਾਂ ਦੀਆਂ ਪਰਉਪਕਾਰਾਂ ਨੂੰ ਯਾਦ ਨਹੀਂ ਕਰਾਂਗੇ ਤਾਂ ਇਹ ਅਕ੍ਰਿਤਘਣਤਾ ਹੋਵੇਗੀ।
ਭਾਰਤੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਗੁਰੂ ਤੇਗ ਬਹਾਦਰ ਜੀ ਦੇ ਜੀਵਨ ’ਤੇ ਰੋਸ਼ਨੀ ਪਾਈ ਅਤੇ ਆਪਣੀ ਲਿਖਤ ਕਿਤਾਬ ’ਬ੍ਰਾਹਮਣੁ ਭਲਾ ਆਖੀਐ’ ਰਾਜਪਾਲ ਨੂੰ ਭੇਟ ਕੀਤੀ।ਸੰਤ ਗਿਆਨ. ਹਰਨਾਮ ਸਿੰਘ ਖ਼ਾਲਸਾ ਨੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਸਮੇਂ ਆਏ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
                    ਇਸ ਮੌਕੇ ਮਲਕੀਤ ਸਿੰਘ ਬੱਲ, ਭਾਈ ਜਸਪਾਲ ਸਿੰਘ ਸਿੱਧੂ, ਪ੍ਰਧਾਨ ਗਿਆਨ ਸਿੰਘ ਨੇਰੂਲ, ਹਰਵਿੰਦਰ ਸਿੰਘ ਪਨਵੇਲ, ਚਰਨਦੀਪ ਸਿੰਘ ਜੀ (ਹੈਪੀ) ਕੰਮੋਥੇ, ਜਗਤਾਰ ਸਿੰਘ ਵਿਖਰੋਲੀ, ਗੁਰਮੀਤ ਸਿੰਘ ਬੱਲ ਵਿਖਰੋਲੀ, ਇੰਦਰਪ੍ਰੀਤ ਸਿੰਘ ਭਾਟੀਆ ਕੋਪਰਖੇੜੀ, ਤੇਜਿੰਦਰ ਸਿੰਘ ਵਾਸੀ, ਜੋਗਿੰਦਰ ਸਿੰਘ ਕਲੰਬੋਲੀ, ਪ੍ਰਤਾਪ ਸਿੰਘ ਭੈਲ ਖਰਘਰ, ਸੁਖਵਿੰਦਰ ਸਿੰਘ ਸੈਂਭੀ ਐਰੋਲੀ, ਜਸਬੀਰ ਸਿੰਘ ਧਾਮ ਚੂਨਾਭੱਟੀ, ਸਤਨਾਮ ਸਿੰਘ ਆਹੂਜਾ, ਸੁਖਵਿੰਦਰ ਸਿੰਘ ਸੰਧੂ ਨੇਰੂਲ, ਇਕਬਾਲ ਸਿੰਘ ਰੰਧਾਵਾ ਸੀ.ਬੀ.ਡੀ ਬੇਲਾਪੁਰ, ਬੂਟਾ ਸਿੰਘ ਘੁੰਮਣ ਸੀਬੀਡੀ ਬੇਲਾਪੁਰ ਤੇ ਭਾਜਪਾ ਆਗੂ ਪ੍ਰੋ: ਸਰਚਾਂਦ ਸਿੰਘ ਖਿਆਲਾ ਸਮੇਤ ਭਾਰੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ `ਸਵੱਛਤਾ ਪਖਵਾੜਾ` ਉਤਸ਼ਾਹ ਨਾਲ ਮਨਾਇਆ ਗਿਆ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਭਾਰਤ ਸਰਕਾਰ ਅਤੇ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਦੇ …