Wednesday, May 28, 2025
Breaking News

ਡਾ. ਦਰਸ਼ਨ ਸਿੰਘ ਹਰਵਿੰਦਰ ‘ਇੰਟਰਨੈਸ਼ਨਲ ਅਬਜ਼ਰਵਰ ਜਰਨਲਿਸਟ ਆਫ ਦਾ ਯੀਅਰ ਐਵਾਰਡ’ ਨਾਲ ਸਨਮਾਨਿਤ

ਨਵੀਂ ਦਿੱਲੀ, 27 ਮਾਰਚ (ਪੰਜਾਬ ਪੋਸਟ ਬਿਊਰੋ) – ਨਾਮਵਰ ਸੀਨੀਅਰ ਪੱਤਰਕਾਰ ਤੇ ਚਰਚਿਤ ਕਾਲਮ ਨਵੀਸ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਇਸ ਸਾਲ ਦਾ ‘ਇੰਟਰਨੈਸ਼ਨਲ ਅਬਜ਼ਰਵਰ ਜਰਨਲਿਸਟ ਆਫ ਦਾ ਯੀਅਰ ਐਵਾਰਡ’ ਇਥੋਂ ਦੇ ਗ੍ਰੈਂਡ ਇੰਮਪੀਰੀਆ ਬੈਂਕੁਇਟ ਹਾਲ ਵਿਖੇ ਆਯੋਜਿਤ ਇਕ ਵਿਸ਼ੇਸ਼ ਸਮਾਗਮ ਵਿੱਚ ਦਿੱਤਾ ਗਿਆ।ਇਹ ਡਾ. ਹਰਵਿੰਦਰ ਨੂੰ ਐਵਾਰਡ ਸਮਾਗਮ ਦੇ ਮੁੱਖ ਮਹਿਮਾਨ ਜਸਪਾਲ ਸਿੰਘ ਆਈ.ਜੀ (ਓਪਰੇਸ਼ਨਜ਼) ਇੰਡੋ-ਤਿੱਬਤ ਸੀਮਾ ਪੁਲਿਸ, ਰਮਨ ਖੜਵਾਲ, ਆਈ.ਜੀ (ਪੂਰਬੀ ਕਮਾਂਡ) ਤੇ ਸਰਬਜੀਤ ਸਿੰਘ ਗਿੱਲ ਕਮਾਂਡੈਂਟ 42 ਬਟਾਲੀਅਨ ਇੰਡੋ-ਤਿੱਬਤ ਸੀਮਾ ਪੁਲਿਸ ਨੇ ਦਿੱਤਾ।
                ‘ਇੰਟਰਨੈਸ਼ਨਲ ਅਬਜ਼ਰਵਰ’ ਅਤੇ ‘ਇੰਡੀਅਨ ਟੈਂਡਰ ਜਰਨਲ’ ਦੇ ਸੰਪਾਦਕ ਡਾਕਟਰ ਜਸਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਆਲ ਇੰਡੀਆ ਪੰਜਾਬੀ ਜਰਨਲਿਸਟਸ ਐਸੋਸੀਏਸ਼ਨ ਦੇ ਸਾਬਕਾ ਜਨਰਲ ਸਕੱਤਰ ਤੇ ਵਰਲਡ ਪੰਜਾਬੀ ਫਾਊਂਡੇਸ਼ਨ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਹਰਵਿੰਦਰ ਨੂੰ ਇਹ ਐਵਾਰਡ ਉਨ੍ਹਾਂ ਵੱਲੋਂ ਪਿਛਲੇ 35 ਸਾਲਾਂ ਵਿਚ ਪੰਜਾਬੀ ਪੱਤਰਕਾਰੀ ਲਈ ਨਿਭਾਈਆਂ ਬਿਹਤਰੀਨ ਸੇਵਾਵਾਂ ਤੇ ਹਿੰਦ-ਪਾਕਿ. ਦੋਸਤੀ ਨੂੰ ਮਜ਼ਬੂਤ ਕਰਨ ਦੇ ਕਾਬਲ-ਏ-ਤਾਰੀਫ਼ ਯਤਨਾਂ ਵਜੋਂ 21 ਜਨਵਰੀ ਸ਼ਾਮ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਦੇ ਜਾਵੇਗਾ।ਉਨਾਂ ਕਿਹਾ ਕਿ ਇਹ ਐਵਾਰਡ ਹਰ ਸਾਲ ਕਿਸੇ ਨਾ ਕਿਸੇ ਖੇਤਰ ਦੀ ਉਘੀ ਤੇ ਪ੍ਰਤਿਭਾਸ਼ਾਲੀ ਸ਼ਖ਼ਸੀਅਤ ਨੂੰ ਦਿੱਤਾ ਜਾਂਦਾ ਹੈ।ਅਗਲੇ ਸਾਲ ਇਹ ਐਵਾਰਡ ਕਿਸੇ ਉੱਘੇ ਸਿੱਖਿਆ ਸ਼ਾਸਤਰੀ ਨੂੰ ਦਿੱਤਾ ਜਾਵੇਗਾ।
                  ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਮੁੱਖੀ ਰਹਿ ਚੁੱਕੇ ਉਘੇ ਲੋਕਧਾਰਾ ਵਿਗਿਆਨੀ ਡਾਕਟਰ ਗੁਰਮੀਤ ਸਿੰਘ ਚੌਹਾਨ ਨੂੰ ‘ਫੋਕਲੋਰਿਸਟ ਆਫ ਦਾ ਯੀਅਰ ਐਵਾਰਡ’, ਚਿੱਤਰਕਾਰ ਸੁਖਪਾਲ ਸਿੰਘ ਨੂੰ ‘ਆਰਟਿਸਟ ਆਫ ਦਾ ਯੀਅਰ ਐਵਾਰਡ’ ਅਤੇ ਉਘੇ ਗਾਇਕ, ਅਦਾਕਾਰ ਤੇ ਸੰਗੀਤ ਨਿਰਦੇਸ਼ਕ ਹਰਿੰਦਰ ਸਿੰਘ ਸੋਹਲ ਨੂੰ ‘ਮਿਊਜ਼ਿਕ ਡਾਇਰੈਕਟਰ ਆਫ ਦਾ ਯੀਅਰ ਐਵਾਰਡ’ ਨਾਲ ਸਨਮਾਨਿਆ ਜਾ ਚੁੱਕਾ ਹੈ।
                    ਵਰਲਡ ਪੰਜਾਬੀ ਫਾਊਂਡੇਸ਼ਨ ਦੇ ਪ੍ਰਧਾਨ ਤੇ ‘ਵਿਸ਼ਵ ਦਰਸ਼ਨ’ ਚਰਚਿਤ ਮੈਗਜ਼ੀਨ ਦੇ ਮੁੱਖ ਸੰਪਾਦਕ ਡਾ. ਦਰਸ਼ਨ ਸਿੰਘ ਹਰਵਿੰਦਰ ਪਾਕਿਸਤਾਨ ਜਾਣ ਵਾਲੇ ਕਈ ‘ਗੁੱਡ-ਵਿਲ’ ਡੈਲੀਗੇਸ਼ਨਾਂ ਦਾ ਵਿਸ਼ੇਸ਼ ਤੇ ਅਹਿਮ ਹਿੱਸਾ ਵੀ ਰਹੇ ਹਨ। ਹਿੰਦ-ਪਾਕਿ ਦਰਮਿਆਨ ਨਫ਼ਰਤ ਮਿਟਾਉਣ ਅਤੇ ਦੋਨਾਂ ਮੁਲਕਾਂ ‘ਚ ਦੋਸਤੀ ਨਿੱਘੀ ਤੇ ਮਜ਼ਬੂਤ ਕਰਨ ਲਈ ਉਨ੍ਹਾਂ ਕਈ ਸ਼ਲਾਘਾਯੋਗ ਕਾਰਜ਼ ਕੀਤੇ ਹਨ, ਜੋ ਅੱਜ ਵੀ ਨਿਰੰਤਰ ਜਾਰੀ ਹਨ।‘ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ‘ਚ ਪੰਜਾਬੀ ਸੱਭਿਆਚਾਰ’ ਵਿਸ਼ੇ ‘ਤੇ ਡਾਕਟਰੇਟ ਦੀ ਡਿਗਰੀ ਹਾਸਿਲ ਕਰਨ ਵਾਲੇ ਡਾ. ਹਰਵਿੰਦਰ ਦਿੱਲੀ ਸਰਕਾਰ ਦੀ ਪੰਜਾਬੀ ਅਕਾਦਮੀ ਦੇ ਡਾ. ਸਾਧੂ ਸਿੰਘ ਹਮਦਰਦ ਪੱਤਰਕਾਰ ਐਵਾਰਡ, ਮੀਡੀਆ ਰਤਨ ਐਵਾਰਡ ਸਹਿਤ ਦੇਸ਼-ਵਿਦੇਸ਼ਾਂ ‘ਚ ਅਨੇਕਾਂ ਸਨਮਾਨਾਂ ਨਾਲ ਨਿਵਾਜ਼ੇ ਜਾ ਚੁੱਕੇ ਹਨ।

Check Also

ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ

ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …