ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿਲ੍ਹਾ ਅਧਿਕਾਰੀਆਂ ਨੇ ਕੀਤਾ ਕੈਬਨਿਟ ਮੰਤਰੀ ਦਾ ਸਵਾਗਤ
ਪਠਾਨਕੋਟ, 28 ਮਾਰਚ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਪੰਜਾਬ ਅੱਜ ਬ੍ਰਹਮ ਸ਼ੰਕਰ ਜਿੰਪਾ ਜਿਲ੍ਹਾ ਪਠਾਨਕੋਟ ਪਹੁੰਚੇ ਉਨ੍ਹਾਂ ਦਾ ਸਵਾਗਤ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ, ਸੁਰਿੰਦਰ ਲਾਂਬਾ ਐਸ.ਐਸ.ਪੀ ਪਠਾਨਕੋਟ, ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ ਪਠਾਨਕੋਟ, ਜਗਨੂਰ ਸਿੰਘ ਗਰੇਵਾਲ ਐਸ.ਡੀ.ਐਮ ਧਾਰ ਕਲ੍ਹਾਂ, ਆਮ ਆਦਮੀ ਪਾਰਟੀ ਪਠਾਨਕੋਟ ਤੋਂ ਵਿਭੂਤੀ ਸ਼ਰਮਾ ਅਤੇ ਹੋਰ ਜਿਲ੍ਹਾ ਅਧਿਕਾਰੀਆਂ ਵਲੋਂ ਕੈਬਨਿਟ ਮੰਤਰੀ ਪੰਜਾਬ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ।ਕੈਬਨਿਟ ਮੰਤਰੀ ਮਾਨਯੋਗ ਬ੍ਰਹਮ ਸੰਕਰ ਜਿੰਪਾ ਨੂੰ ਗਾਰਡ ਆਫ ਆਨਰ ਵੀ ਦਿੱਤਾ ਗਿਆ।
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਉਨ੍ਹਾਂ ਜਿਲ੍ਹੇ ਦੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ।ਇਸ ਤੋਂ ਬਾਅਦ ਕੈਬਨਿਟ ਮੰਤਰੀ ਸਾਹਪੁਰਕੰਡੀ ਟਾਊਨਸ਼ਿਪ ਵਿਖੇ ਸਥਿਤ ਰਾਵੀ ਸਦਨ ਰੈਸਟ ਹਾਊਸ ਵਿਖੇ ਪਹੁੰਚੇ ਅਤੇ ਸਾਹਪੁਰਕੰਡੀ ਅਤੇ ਰਣਜੀਤ ਸਾਗਰ ਡੈਮ ਅਧਿਕਾਰੀਆਂ ਨਾਲ ਗੱਲ ਕੀਤੀ।ਉਨ੍ਹਾਂ ਸਾਹਪੁਰਕੰਡੀ ਡੈਮ ਪ੍ਰਜੈਕਟ ਦਾ ਦੋਰਾ ਕੀਤਾ ਅਤੇ ਕੰਮ ਦਾ ਜਾਇਜ਼ਾ ਵੀ ਲਿਆ।
ਰਾਵੀ ਸਦਨ ਰੈਸਟ ਹਾਊਸ ਵਿੱਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਆਪ ਦੀ ਸਰਕਾਰ ਪੰਜਾਬ ਨੂੰ ਸਹੀ ਰਾਹ ‘ਤੇ ਲੈ ਕੇ ਆਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ।ਲੋਕਾਂ ਨਾਲ ਕੀਤੇ ਵਾਅਦਿਆਂ ‘ਤੇ ਸਰਕਾਰ ਪੂਰੀ ਤਰ੍ਹਾਂ ਨਾਲ ਖਰੀ ਉਤਰੇਗੀ।ਉਨ੍ਹਾਂ ਦਾ ਉਪਰਾਲਾ ਹੈ ਕਿ ਧਰਤੀ ਹੇਠਲੇ ਪਾਣੀ ਦੀ ਰੱਖਿਆ ਕੀਤੀ ਜਾਵੇ।ਇਸ ਲਈ ਯੋਜਨਾ ਬਣਾਈ ਜਾ ਰਹੀ ਹੈ।ਉਨ੍ਹਾਂ ਇੱਕ ਸਵਾਲ ਦੇ ਜਵਾਬ ਵਿੱਚ ਡੈਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਚਾ ਥੜ੍ਹਾ ਵਿਖੇ ਜੋ ਕਵਾਟਰ ਖੰਡਰ ਹੋ ਗਏ ਹਨ।ਉਨ੍ਹਾਂ ‘ਤੇ ਵੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਅੱਗੇ ਉਸ ਸਬੰਧੀ ਕੋਈ ਯੋਜਨਾ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਪੰਜਾਬ ਅੰਦਰ ਨੋਜਵਾਨਾਂ ਨੂੰ ਨੋਕਰੀਆਂ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ ਨੂੰ ਅਮਲ ਵਿੱਚ ਵੀ ਲਿਆਂਦਾ ਹੈ।ਆਉਣ ਵਾਲੇ ਇੱਕ ਜਾਂ ਦੋ ਮਹੀਨਿਆਂ ‘ਚ ਇਸ ‘ਤੇ ਕੀਤੀ ਕਾਰਵਾਈ ਵੀ ਨਜ਼ਰ ਆਵੇਗੀ।ਉਨ੍ਹਾਂ ਕਿਹਾ ਕਿ ਪਿਛਲੇ ਦਿਨ੍ਹਾਂ ਵਿੱਚ ਜੋ ਇੱਕ ਪੈਨਸ਼ਨ ਸਬੰਧੀ ਕਿਹਾ ਗਿਆ ਹੈ।ਇਸ ਨਾਲ ਵੀ ਪੰਜਾਬ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਨੂੰ ਫਿਰ ਤੋਂ ਵਿਕਾਸ ਦੀ ਰਾਹ ‘ਤੇ ਲੈ ਕੇ ਆਉਣ ਲਈ ਥੋੜਾ ਸਮਾਂ ਲੱਗੇਗਾ, ਪਰ ਜਲਦੀ ਲੋਕਾਂ ਨੂੰ ਬਦਲਾਅ ਨਜ਼ਰ ਆਏਗਾ।ਕਿਉਂਕਿ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੀ ਤਰੱਕੀ ਦਾ ਹਰ ਰਾਹ ਖੋਲਣ ਲਈ ਯੋਜਨਾ ਬਣਾ ਰਹੇ ਹਨ ਅਤੇ ਲਾਗੂ ਵੀ ਕਰ ਰਹੇ ਹਨ।