Wednesday, March 4, 2026

ਗਰਮੀ ਰੁੱਤ ‘ਚ ਮੂੰਗੀ ਦੀ ਬਿਜ਼ਾਈ ਬਿਨਾਂ ਵਹਾਈ ਜ਼ੀਰੋ ਡਰਿਲ ਨਾਲ ਕੀਤੀ ਜਾ ਸਕਦੀ ਹੈ – ਡਾ. ਅਮਰੀਕ ਸਿੰਘ

ਆਤਮਾ ਤਹਿਤ ਪਿੰਡ ਮਿਰਜ਼ਾਪੁਰ ਵਿੱਚ ਲਾਇਆ ਜਾਗਰੁਕਤਾ ਕੈਂਪ

ਪਠਾਨਕੋਟ, 31 ਮਾਰਚ (ਪੰਜਾਬ ਪੋਸਟ ਬਿਊਰੋ) – ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਖਾਲਸਾ ਅਤੇ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵਲੋਂ ਦਾਲਾਂ ਹੇਠ ਰਕਬਾ ਵਧਾਉਣ ਲਈ ਚਲਾਈ ਜਾ ਰਹੀ ਮਹਿੰਮ ਤਹਿਤ ਪਿੰਡ ਮਿਰਜ਼ਾਪੁਰ ਵਿੱਚ ਕਿਸਾਨ ਜਾਗਰੁਕਤਾ ਕੈਂਪ ਲਗਾਇਆ ਗਿਆ।ਸਰਪੰਚ ਗ੍ਰਾਮ ਪੰਚਾਇਤ ਮਿਰਜ਼ਾਪੁਰ ਜੱਸੀ ਦੇ ਸਹਿਯੋਗ ਨਾਲ ਐਗਰੀਕਲਚਰਲ ਟੈਕਨਾਲੋਜੀ ਮੈਨੇਜਮੈਂਟ ਏਜੰਸੀ (ਆਤਮਾ) ਤਹਿਤ ਲਗਾਏ, ਇਸ ਜਾਗਰੁਕਤਾ ਕੈਂਪ ਦਾ ਮੁੱਖ ਮਕਸਦ ਕਿਸਾਨਾਂ ਨੂੰ ਗਰਮੀ ਰੁੱਤ ਦੀ ਮੂੰਗੀ ਦੀ ਫਸਲ ਦੀਆਂ ਕਾਸ਼ਤਕਾਰੀ ਤਕਨੀਕਾਂ ਅਤੇ ਕਣਕ ਦਾ ਬੀਜ਼ ਤਿਆਰ ਕਰਨ ਤੋਂ ਜਾਣੂ ਕਰਵਾਉਣਾ ਸੀ।ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ, ਲਵ ਕੁਮਾਰ ਸ਼ਰਮਾ ਬਲਾਕ ਤਕਨਾਲੋਜੀ ਪ੍ਰਬੰਧਕ, ਜੋਤੀ ਬਾਲਾ ਸਹਾਇਕ ਤਕਨਾਲੋਜੀ ਪ੍ਰਬੰਧਕ (ਆਤਮਾ), ਰਘਬੀਰ ਸਿੰਘ, ਗਗਨਦੀਪ, ਬਲਵਿੰਦਰ ਸਿੰਘ ਸਮੇਤ ਹੋਰ ਕਿਸਾਨ ਹਾਜ਼ਰ ਸਨ।
                 ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਨੁੱਖੀ ਖੁਰਾਕ ਵਿੱਚ ਦਾਲਾਂ ਦੀ ਬਹੁਤ ਮਹੱਤਤਾ ਹੈ, ਕਿਉਂਕਿ ਦਾਲਾਂ ਪ੍ਰੋਟੀਨ ਦਾ ਮੁੱਖ ਸਰੋਤ ਹਨ।ਉਨਾਂ ਕਿਹਾ ਕਿ ਦਾਲਾਂ ਸਮੇਤ ਸੰਤੁਲਿਤ ਖੁਰਾਕ ਲੈਣ ਨਾਲ ਅੰਦਾਜਨ 80% ਦਿਲਾਂ ਦੇ ਰੋਗ, ਸ਼ੱਕਰ, ਮੋਟਾਪਾ ਆਦਿ ਨੂੰ ਰੋਕਿਆ ਜਾ ਸਕਦਾ ਹੈ।ਉਨਾਂ ਕਿਹਾ ਕਿ ਦਾਲਾਂ ਵਾਲੀਆਂ ਫਸਲਾਂ ਨੂੰ ਅੰਤਰ ਫਸਲਾਂ ਵਜੋਂ ਕਾਸ਼ਤ ਕਰਨ ਨਾਲ ਜਿਥੇ ਵਾਧੂ ਆਮਦਨ ਮਿਲਦੀ ਹੈ ਉਥੇ ਜ਼ਮੀਨ ਸਿਹਤ ਵਿੱਚ ਸੁਧਾਰ ਹੋਣ ਨਾਲ ਮੁੱਖ ਫਸਲ ਗੰਨੇ ਦੀ ਪੈਦਾਵਾਰ ਵੀ ਵਧਦੀ ਹੈ।
                  ਉਨਾਂ ਕਿਹਾ ਕਿ ਆਮ ਕਰਕੇ ਕਿਸਾਨਾਂ ਵਲੋਂ ਮੂੰਗੀ ਦੀ ਕਾਸ਼ਤ ਛੱਟਾ ਵਿਧੀ ਨਾਲ ਕੀਤੀ ਜਾਂਦੀ ਹੈ।ਜਿਸ ਨਾਲ ਪ੍ਰਤੀ ਏਕੜ ਘੱਟ ਪੈਦਾਵਾਰ ਮਿਲਦੀ ਹੈ।ਉਨਾਂ ਕਿਹਾ ਕਿ ਖੇਤੀ ਦੀ ਤਿਆਰੀ ਦਾ ਸਮਾਂ ਬਚਾਉਣ ਲਈ ਕਿਸਾਨ, ਕਣਕ ਦੀ ਕਟਾਈ ਕਰਨ ਉਪਰੰਤ ਸਿੰਚਾਈ ਕਰਕੇ ਵੱਤਰ ਆਉਣ ‘ਤੇ ਖੇਤ ਨੂੰ ਬਿਨਾਂ ਵਾਹੇ 15 ਕਿਲੋ ਬੀਜ਼ ਪ੍ਰਤੀ ਏਕੜ ਵਰਤ ਕੇ ਡਰਿਲ ਨਾਲ ਮੂੰਗੀ ਦੀ ਬਿਜ਼ਾਈ ਕਰ ਸਕਦੇ ਹਨ।ਬਿਜਾਈ ਸਮੇਂ 11 ਕਿਲੋ ਯੂਰੀਆ ਅਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਪਰਤੀ ਏਕੜ ਪਾ ਦੇਣੀ ਚਾਹੀਦੀ ਹੈ।ਉਨਾਂ ਕਿਹਾ ਕਿ ਦੇਸ਼ ਨੂੰ ਦਾਲਾਂ ਦੀ ਪੈਦਾਵਾਰ ਵਿੱਚ ਆਤਮ ਨਿਰਭਰ ਬਨਾਉਣ ਲਈ ਦਾਲਾਂ ਹੇਠ ਰਕਬਾ ਵਧਾਉਣਾ ਬਹੁਤ ਜ਼ਰੂਰੀ ਹੈ।
                ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਮੂੰਗੀ ਦਾ ਬੀਜ਼ ਮਿੰਨੀ ਕਿਟਸ ਦੇ ਰੂਪ ਵਿੱਚ ਮੁਹੱਈਆ ਕਰਵਾਇਆ ਜਾ ਰਿਹਾ ਹੈ।ਹਰੇਕ ਕਿਸਾਨ ਨੂੰ ਕਣਕ ਦਾ ਬੀਜ਼ ਖੁਦ ਤਿਆਰ ਕਰਕੇ ਵੱਖਰੇ ਤੌਰ ‘ਤੇ ਸਟੋਰ ਕਰ ਲੈਣਾ ਚਾਹੀਦਾ ਤਾਂ ਜੋ ਖੇਤੀ ਲਾਗਤ ਖਰਚੇ ਘਟਾਏ ਜਾ ਸਕਣ।
               ਇਸ ਮੌਕੇ 5 ਕਿਸਾਨਾਂ ਨੂੰ ਕੇਂਦਰੀ ਪ੍ਰਯੋਜਨ ਮਿੰਨੀ ਕਿਟਸ ਪ੍ਰੋਗਰਾਮ ਤਹਿਤ ਮੂੰਗੀ ਦੇ ਬੀਜ਼ ਦੀਆਂ ਮਿੰਨੀ ਕਿੱਟਾਂ ਦਿੱਤੀਆਂ ਗਈਆਂ।

Check Also

ਖਾਲਸਾ ਯੂਨੀਵਰਸਿਟੀ ਵਲੋਂ ਦੇਬੀ ਮਖਸੂਸਪੁਰੀ ਦਾ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਲੋਂ ਆਪਣੀਆਂ ਪ੍ਰਭਾਵਸ਼ਾਲੀ ਕਵਿਤਾਵਾਂ ਅਤੇ ਗੀਤਾਂ …