ਅੱਪਰਬਾਰੀ ਦੁਆਬ ਨਹਿਰ ਦੀ ਲਾਈਨਿੰਗ (ਬੰਨ੍ਹੇ) ਦਾ ਵਿਕਾਸ ਕਰਨ ਲਈ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰ ਸਰਕਾਰ ਦੇ ਜਲ ਸਰੋਤ ਅਤੇ ਨਹਿਰੀ ਵਿਕਾਸ
ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਅੱਪਰਬਾਰੀ ਦੁਆਬ ਨਹਿਰ (ਯੂ.ਬੀ.ਡੀ.ਸੀ) ਦੀ ਲਾਈਨਿੰਗ (ਬੰਨ੍ਹੇ) ਦਾ ਵਿਕਾਸ ਕਰਨ ਲਈ ਮੰਗ ਪੱਤਰ ਦਿੱਤਾ। 400 ਕਿਲੋਮੀਟਰ ਲੰਬਾਈ ਦੀ ਯੂ.ਬੀ.ਡੀ.ਸੀ 1853 ਵਿੱਚ ਬਣਾਈ ਗਈ ਸੀ, ਜੋ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਆਦਿ ਜਿਲ੍ਹਿਆਂ ਦੇ 13 ਲੱਖ 50 ਹਜ਼ਾਰ ਏਕੜ ਦੀ ਸੰਚਾਈ ਲਈ ਵਿਕਸਤ ਕੀਤੀ ਗਈ ਸੀ।ਰਾਵੀ ਦਰਿਆ ਤੋਂ ਚਾਰ ਹਜ਼ਾਰ ਕਿਓਸਿਕਸ ਪਾਣੀ ਨੂੰ ਸੱਤ ਛੋਟੀਆਂ ਨਹਿਰਾਂ ਅਤੇ 247 ਸ਼ਾਖਾਵਾਂ ਰਾਹੀਂ 2400 ਕਿਲੋਮੀਟਰ ਮੈਦਾਨੀ ਇਲਾਕੇ ਵਿੱਚ ਪਹੁੰਚਾਉਣ ਲਈ ਸਹਾਈ ਹੁੰਦੀ ਹੈ।
ਉਨਾਂ ਕਿਹਾ ਕਿ ਪੱਕੇ ਬੰਨ੍ਹੇ ਨਾ ਹੋਣ ਕਾਰਨ 60-80% ਪਾਣੀ ਦਾ ਨੁਕਸਾਨ ਹੁੰਦਾ ਹੈ, ਜਿਸ ਕਰਕੇ ਇਸ ਨਹਿਰ ਵਿੱਚ ਤਕਰੀਬਨ 18000 ਕਿਓਸਿਕ ਪਾਣੀ ਹੀ ਛੱਡਿਆ ਜਾ ਰਿਹਾ ਹੈ, ਜਿਸ ਨਾਲ 8.5 ਲੱਖ ਏਕੜ ਜ਼ਮੀਨ ਦੀ ਹੀ ਸੰਚਾਈ ਕੀਤੀ ਜਾ ਰਹੀ ਹੈ।ਕੇਂਦਰੀ ਜਲ ਕਮਿਸ਼ਨ ਅਤੇ ਪੰਜਾਬ ਸੰਚਾਈ ਵਿਭਾਗ ਵਲੋਂ ਸਾਲ 2017 ਵਿੱਚ ਯੂ.ਬੀ.ਡੀ.ਸੀ ਦੇ ਬੰਨ੍ਹੇ ਪੱਕੇ ਕਰਨ ਲਈ 1112 ਕਰੋੜ ਰੁਪਏ ਦੀ ਕੇਂਦਰ ਕੋਲੋ ਮੰਗ ਕੀਤੀ ਗਈ ਸੀ।ਪੰਜ ਸਾਲ ਦੀ ਦੇਰੀ ਹੋਣ ਕਾਰਨ ਇਸ ਪ੍ਰੋਜੈਕਟ ‘ਤੇ ਖਰਚਾ ਵਧ ਕੇ 1600 ਕਰੋੜ ਹੋ ਗਿਆ ਹੈ।
ਕੇਂਦਰੀ ਮੰਤਰੀ ਨਾਲ ਮੁਲਾਕਾਤ ਦੌਰਾਨ ਔਜਲਾ ਨੇ ਇਹ ਮੰਗ ਰੱਖੀ ਕਿ ਇਸ ਮਹੱਤਵਪੂਰਨ ਪ੍ਰੋਜੈਕਟ ਨੂੰ ਪਾਸ ਕਰਕੇ ਜਲਦ ਤੋਂ ਜਲਦ ਮੁਕੰਮਲ ਕਰਵਾਇਆ ਜਾਵੇ, ਤਾਂ ਹੋ ਇਹ ਨਹਿਰ ਸੰਚਾਈ ਦੇ ਟੀਚਿਆਂ ਦੇ ਨਾਲ-ਨਾਲ ਪੀਣ ਵਾਲੇ ਪਾਣੀ ਦੀ ਪੂਰਤੀ ਵੀ ਕਰ ਸਕੇ।ਉਨਾਂ ਕਿਹਾ ਕਿ ਕੇਂਦਰੀ ਮੰਤਰੀ ਵਲੋਂ ਸਕਰਾਤਮਕ ਭਰੋਸਾ ਦਿੱਤਾ ਗਿਆ ਹੈ।
Punjab Post Daily Online Newspaper & Print Media