Saturday, October 10, 2026

ਮੰਚ ਵਲੋਂ ਆਰਮੀ ਪਬਲਿਕ ਸਕੂਲਾਂ ‘ਚ ਪੰਜਾਬੀ ਸਮੇਤ ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਮੁੜ ਸ਼ੁਰੂ ਕਰਨ ‘ਤੇ ਖਸ਼ੀ ਦਾ ਇਜ਼ਹਾਰ

ਅੰਮ੍ਰਿਤਸਰ, 9 ਅਪ੍ਰੈਲ (ਜਗਦੀਪ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਖਾਸ ਕਰਕੇ ਪੰਜਾਬੀ ਪ੍ਰੇਮੀਆਂ ਵੱਲੋਂ ਉਠਾਈ ਜ਼ੋਰਦਾਰ ਮੰਗ ਨੂੰ ਪ੍ਰਵਾਨ ਕਰਦਿਆਂ ਹੋਇਆਂ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਨੇ ਮੁਲਕ ਦੇ 156 ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਸਮੇਤ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਪੜ੍ਹਾਉਣ ਦੀ ਪ੍ਰਵਾਨਗੀ ਦੇਣ ‘ਤੇ ਤਸੱਲੀ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
                ਯਾਦ ਰਹੇ ਕਿ 8 ਦਸੰਬਰ 2021 ਨੂੰ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਵਲੋਂ ਜਾਰੀ ਪੱਤਰ ਅਨੁਸਾਰ ਸੀਮਤ ਵਿੱਤੀ ਵਸੀਲਿਆਂ ਦਾ ਹਵਾਲਾ ਦੇ ਕੇ ਖ਼ੇਤਰੀ ਭਾਸ਼ਾਵਾਂ ਦੀ ਪੜ੍ਹਾਈ ਜਾਰੀ ਰੱਖਣ ਤੋਂ ਅਸਮਰੱਥਾ ਪ੍ਰਗਟਾਈ ਗਈ ਸੀ।ਜਿਸ ‘ਤੇ ਭਾਸ਼ਾ ਪ੍ਰੇਮੀਆਂ ਵਲੋਂ ਸਖ਼ਤ ਇਤਰਾਜ਼ ਜਤਾਇਆ ਗਿਆ ਸੀ। ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਪ੍ਰਿੰਸੀਪਲ ਕੁਲਵੰਤ ਸਿੰਘ ਅਣਖੀ ਨੇ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੇ ਬੋਰਡ ਆਫ ਗਵਰਨਰਜ਼ ਦੇ ਚੇਅਰਮੈਨ ਨੂੰ ਪੱਤਰ ਲਿਖ ਕੇ ਆਰਮੀ ਪਬਲਿਕ ਸਕੂਲਾਂ ਵਿੱਚ ਪੰਜਾਬੀ ਸਮੇਤ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਦੀ ਪੜ੍ਹਾਈ ਮੁੜ ਸ਼ੁਰੂ ਕਰਨ ਲਈ ਲਿਖਿਆ ਸੀ ਅਤੇ ਅੰਮ੍ਰਿਤਸਰ ਦੇ ਆਰਮੀ ਪਬਲਿਕ ਸਕੁਲ ਵਿੱਚ ਪੰਜਾਬੀ ਪੜ੍ਹਾਉਣ ਲਈ ਆਪਣੀਆਂ ਭੇਟਾ ਰਹਿਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ।
                 ਸ਼ਮੁੱਚੇ ਮੁਲਕ ਦੇ ਭਾਸ਼ਾ ਪ੍ਰੇਮੀਆਂ ਅਤੇ ਆਰਮੀ ਪਬਲਿਕ ਸਕੂਲਾਂ ਦੇ ਵਿਦਿਆਰਥੀਆਂ ਦੇ ਮਾਪਿਆਂ ਦੀ ਮੰਗ ਨੂੰ ਸਵੀਕਾਰਦੇ ਹੋਏ ਆਰਮੀ ਵੈਲਫੇਅਰ ਐਜੂਕੇਸ਼ਨ ਸੁਸਾਇਟੀ ਦੇ ਬੋਰਡ ਆਫ ਗਵਰਨਰਜ਼ ਨੇ 29 ਮਾਰਚ 2022 ਨੂੰ ਪੱਤਰ ਜਾਰੀ ਕਰ ਕੇ ਛੇਵੀਂ ਤੋਂ ਅੱਠਵੀਂ ਸ਼਼੍ਰੇਣੀ ਤੱਕ ਪੰਜਾਬੀ ਸਮੇਤ ਦੇਸ਼ ਦੀਆਂ ਖੇਤਰੀ ਭਾਸ਼ਾਵਾਂ ਪੜ੍ਹਾਉਣ ਦੀ ਇਜਾਜ਼ਤ ਦੇ ਦਿੱਤੀ ਹੈ।ਖੇਤਰੀ ਭਾਸ਼ਾਵਾਂ ਪੜ੍ਹਨ ਵਾਲੇ ਸਿੱਖਿਆਰਥੀਆਂ ਦੀ ਗਿਣਤੀ ਹਰੇਕ ਸਕੂਲ ਵਿੱਚ ਘੱਟ ਤੋਂ ਘੱਟ ਪੰਦਰਾਂ ਹੋਣੀ ਚਾਹੀਦੀ ਹੈ।ਸੋਸਾਇਟੀ ਦੇ ਇਸ ਲੋਕ ਅਤੇ ਵਿਦਿਆਰਥੀ ਹਿਤੂ ਪ੍ਰਵਾਨਗੀ ਨਾਲ ਦੇਸ਼ ਦੇ ਹਜ਼ਾਰਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਰਾਹਤ ਮਹਿਸੂਸ ਕਰਦਿਆਂ ਹੋਇਆਂ ਆਰਮੀ ਵੈਲਫੇਅਰ ਐਜੂਕਸ਼ਨ ਸੁਸਾਇਟੀ ਦੇ ਬੋਰਡ ਆਫ ਗਵਰਨਰਜ਼ ਦੇ ਚੇਅਰਮੈਨ ਦਾ ਹਾਰਦਿਕ ਧੰਨਵਾਦ ਕੀਤਾ ਹੈ।ਇਸ ਫੈਸਲੇ ਦਾ ਪ੍ਰਿੰਸੀਪਲ ਕੁਲਵੰਤ ਸਿੰਘ ਅਤੇ ਅਨੇਕਾਂ ਹੋਰ ਪੰਜਾਬੀ ਭਾਸ਼ਾ ਦੇ ਅਲੰਬਰਦਾਰਾਂ ਨੇ ਤਸੱਲੀ ਪ੍ਰਗਟਾਈ ਅਤੇ ਭਰਵਾਂ ਸਵਾਗਤ ਕੀਤਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …